ਚੀਨ ਨਾਲ ਨਜਿੱਠਣ ਲਈ ਤਿਆਰ ਰਹੇ ਭਾਰਤ: ਮੋਹਨ ਭਾਗਵਤ
Monday, Oct 26, 2020 - 01:32 PM (IST)
ਨਵੀਂ ਦਿੱਲੀ (ਮ੍ਰਿਦੁਲ) :— ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਕਿਹਾ ਹੈ ਕਿ ਭਾਰਤ ਨੂੰ ਚੀਨ ਨਾਲ ਨਜਿੱਠਣ ਲਈ ਤਿਆਰ ਰਹਿਣਾ ਚਾਹੀਦਾ ਹੈ। ਐਤਵਾਰ ਦੁਸਹਿਰੇ ਮੌਕੇ 'ਤੇ ਆਪਣੇ ਇਕ ਸੰਬੋਧਨ 'ਚ ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਨੂੰ ਵਧੀਆ ਫੌਜੀ ਤਿਆਰੀਆਂ ਕਰਨ ਦੀ ਲੋੜ ਹੈ। ਸੰਘ ਵੱਲੋਂ ਕੋਰੋਨਾ ਵਾਇਰਸ ਦੌਰਾਨ ਆਯੋਜਿਤ ਪ੍ਰੋਗਰਾਮ 'ਚ 50 ਸਵੈਮ ਸੇਵਕਾਂ ਨੇ ਹੀ ਹਿੱਸਾ ਲਿਆ।ਭਾਗਵਤ ਨੇ ਕਿਹਾ ਕਿ ਹੁਣ ਬਹੁਤ ਸਾਰੇ ਦੇਸ਼ ਚੀਨ ਦੇ ਸਾਹਮਣੇ ਖੜ੍ਹੇ ਹਨ। ਚੀਨ ਦੀ ਘੁਸਪੈਠ 'ਤੇ ਭਾਰਤ ਵੱਲੋਂ ਪ੍ਰਗਟਾਈ ਗਈ ਪ੍ਰਤੀਕਿਰਿਆ ਕਾਰਨ ਚੀਨ ਹੈਰਾਨ ਹੈ। ਚੀਨ ਨੇ ਕੋਰੋਨਾ ਵਾਇਰਸ ਦੀ ਬਿਮਾਰੀ ਦੌਰਾਨ ਸਾਡੀਆਂ ਸਰਹੱਦਾਂ 'ਤੇ ਹਮਲਾ ਕੀਤਾ। ਚੀਨ ਦੇ ਪਸਾਰਵਾਦੀ ਰੁਝਾਨ ਤੋਂ ਸਾਰੀ ਦੁਨੀਆ ਜਾਣੂ ਹੈ। ਉਨ੍ਹਾਂ ਤਾਈਵਾਨ, ਵੀਅਤਨਾਮ ਦੀ ਉਦਾਹਰਣ ਚੀਨ ਦੀ ਪਸਾਰਵਾਦੀ ਯੋਜਨਾ ਦੇ ਰੂਪ 'ਚ ਦਿੱਤੀ। ਭਾਗਵਤ ਨੇ ਕਿਹਾ ਕਿ ਸ਼੍ਰੀਲੰਕਾ, ਬੰਗਲਾਦੇਸ਼, ਨੇਪਾਲ ਅਤੇ ਕੁਝ ਹੋਰ ਗੁਆਂਢੀ ਦੇਸ਼ ਜੋ ਸਾਡੇ ਦੋਸਤ ਹਨ, ਨਾਲ ਸਾਨੂੰ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ। ਇਸ ਕੰਮ 'ਚ ਰੁਕਾਵਟ ਪੈਦਾ ਕਰਨ ਵਾਲੇ ਮਤਭੇਦਾਂ, ਵਿਵਾਦਾਂ ਆਦਿ ਨੂੰ ਜਿੰਨੀ ਜਲਦੀ ਹੋ ਸਕੇ, ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਸਭ ਨਾਲ ਦੋਸਤੀ ਚਾਹੁੰਦੇ ਹਾਂ, ਇਹ ਸਾਡੇ ਸੁਭਾਅ 'ਚ ਹੈ ਪਰ ਸਾਡੀ ਸਦਭਾਵਨਾ ਨੂੰ ਕਮਜ਼ੋਰੀ ਸਮਝ ਕੇ ਆਪਣੀ ਤਾਕਤ ਦੇ ਜ਼ੋਰ 'ਤੇ ਕੋਈ ਵੀ ਦੇਸ਼ ਭਾਰਤ ਨੂੰ ਭਾਵੇਂ ਜਿਸ ਤਰ੍ਹਾਂ ਮਰਜ਼ੀ ਨਚਾ ਲਏ, ਝੁਕਾਅ ਲਏ, ਇਹ ਹੋ ਹੀ ਨਹੀਂ ਸਕਦਾ।
ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ 'ਚ ਕਿਸਾਨਾਂ ਨੇ ਸਾੜੇ PM ਮੋਦੀ ਦੇ ਪੁਤਲੇ, ਰਾਹੁਲ ਬੋਲੇ- ਇਹ ਖ਼ਤਰਨਾਕ ਮਿਸਾਲ
ਭਾਗਵਤ ਨੇ ਕਿਹਾ ਕਿ ਅਜਿਹੀ ਕਿਸੇ ਤਰ੍ਹਾਂ ਦੀ ਜੁਰਅਤ ਕਰਨ ਵਾਲਿਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਭਾਰਤ ਕੋਈ ਕਮਜ਼ੋਰ ਦੇਸ਼ ਨਹੀਂ। ਸਾਡੀ ਫ਼ੌਜ ਦੀ ਬੇਮਿਸਾਲ ਦੇਸ਼ ਭਗਤੀ ਅਤੇ ਬਹਾਦਰੀ, ਸਾਡੇ ਹੁਕਮਰਾਨਾਂ ਦਾ ਸਵੈਮਾਨ ਵਾਲਾ ਰਵੱਈਆ ਅਤੇ ਭਾਰਤ ਦੇ ਲੋਕਾਂ ਦੀ ਹੌਸਲੇ ਦੀ ਜੋ ਪਛਾਣ ਚੀਨ ਨੂੰ ਪਹਿਲੀ ਵਾਰ ਮਿਲੀ ਹੈ, ਉਸ ਕਾਰਣ ਉਸ ਦੇ ਧਿਆਨ 'ਚ ਵੀ ਉਕਤ ਸਭ ਗੱਲਾਂ ਆਉਣੀਆਂ ਚਾਹੀਦੀਆਂ ਹਨ। ਉਸ ਨੂੰ ਆਪਣੇ ਰਵੱਈਏ 'ਚ ਸੁਧਾਰ ਕਰਨਾ ਚਾਹੀਦਾ ਹੈ ਪਰ ਜੇ ਨਾ ਹੋਇਆ ਤਾਂ ਜੋ ਹਾਲਾਤ ਸਾਹਮਣੇ ਆਉਣਗੇ, ਉਸ ਕਾਰਣ ਸਾਡੇ ਲੋਕਾਂ ਦੀ ਚੌਕਸੀ, ਤਿਆਰੀ ਅਤੇ ਦ੍ਰਿੜਤਾ ਘੱਟ ਨਹੀਂ ਪਵੇਗੀ। ਇਹ ਭਰੋਸਾ ਅੱਜ ਵੀ ਪੂਰੇ ਦੇਸ਼ 'ਚ ਨਜ਼ਰ ਆਉਂਦਾ ਹੈ। ਭਾਗਵਤ ਨੇ ਅੱਗੇ ਕਿਹਾ ਕਿ ਲੋਕਾਂ ਨੇ ਆਪਣੇ ਸਮਾਜ ਦੀ ਸੇਵਾ ਕਰਨ ਲਈ ਪੂਰੀ ਚੁਸਤੀ ਵਿਖਾਈ। ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ। ਦੂਜਿਆਂ ਦੀ ਸੇਵਾ 'ਚ ਲੱਗੇ ਲੋਕਾਂ ਨੇ ਕਈ ਵਧੀਆ ਉਦਾਹਰਨਾਂ ਪੇਸ਼ ਕੀਤੀਆਂ। ਬੀਮਾਰ ਲੋਕਾਂ ਨੂੰ ਉਨ੍ਹਾਂ ਦੇ ਘਰਾਂ 'ਚ ਪਹੁੰਚਾਇਆ ਗਿਆ। ਰਾਹ 'ਚ ਫਸੇ ਲੋਕਾਂ ਲਈ ਭੋਜਨ ਅਤੇ ਆਰਾਮ ਕਰਨ ਦਾ ਪ੍ਰਬੰਧ ਕੀਤਾ ਗਿਆ। ਇੰਝ ਸਮੁੱਚੇ ਸਮਾਜ ਨੇ ਆਪਣਾ ਵੱਖ-ਵੱਖ ਤਰ੍ਹਾਂ ਦਾ ਯੋਗਦਾਨ ਪਾਇਆ।
ਇਹ ਵੀ ਪੜ੍ਹੋ: ਕਬਾੜ ਵੇਚਣ ਵਾਲੇ ਦੇ ਪੁੱਤ ਨੇ ਲਾਏ ਸੁਫ਼ਨਿਆਂ ਨੂੰ ਖੰਭ, ਅਰਵਿੰਦ ਨੂੰ 9ਵੀਂ ਵਾਰ 'NEET' ਪ੍ਰੀਖਿਆ 'ਚ ਮਿਲੀ ਸਫ਼ਲਤਾ
ਹਾਲਾਤ 'ਚੋਂ ਉਭਰਨ ਲਈ ਹੁਣ ਵਿੱਦਿਅਕ ਅਦਾਰਿਆਂ ਨੂੰ ਮੁੜ ਤੋਂ ਸ਼ੁਰੂ ਕਰਨਾ, ਅਧਿਆਪਕਾਂ ਨੂੰ ਤਨਖ਼ਾਹ ਦੇਣੀ, ਆਪਣੇ ਬੱਚਿਆਂ ਲਈ ਸਕੂਲਾਂ-ਕਾਲਜਾਂ 'ਚ ਫ਼ੀਸ ਦਿੰਦੇ ਹੋਏ ਅਤੇ ਉਨ੍ਹਾਂ ਨੂੰ ਪੜ੍ਹਾਈ ਲਈ ਭੇਜਣਾ ਇਸ ਸਮੇਂ ਇਕ ਸਮੱਸਿਆ ਦਾ ਰੂਪ ਧਾਰਨ ਕਰ ਸਕਦਾ ਹੈ। ਕੋਰੋਨਾ ਕਾਰਨ ਕਈ ਸਕੂਲਾਂ, ਕਾਲਜਾਂ ਨੂੰ ਫੀਸਾਂ ਨਹੀਂ ਮਿਲੀਆਂ। ਅਜਿਹੇ ਵਿੱਦਿਅਕ ਅਦਾਰਿਆਂ ਕੋਲ ਆਪਣੇ ਸਟਾਫ ਨੂੰ ਤਨਖ਼ਾਹਾਂ ਦੇਣ ਲਈ ਪੈਸੇ ਨਹੀਂ ਹਨ। ਜਿਨ੍ਹਾਂ ਮਾਪਿਆਂ ਦੇ ਕੰਮ ਬੰਦ ਹੋ ਗਏ ਸਨ ਅਤੇ ਉਹ ਆਪਣੇ ਬੱਚਿਆਂ ਦੀਆਂ ਫੀਸਾਂ ਨਹੀਂ ਦੇ ਸਕੇ, ਨੂੰ ਅਜੇ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਸਮਾਜ ਨੂੰ ਕੁਝ ਸੇਵਾ ਅਤੇ ਮਦਦ ਕਰਨੀ ਹੋਵੇਗੀ।ਉਨ੍ਹਾਂ ਕਿਹਾ ਕਿ ਮਾਰਚ ਤੋਂ ਸੰਕਟ ਦੇ ਸ਼ੁਰੂ ਹੋਣ ਤੋਂ ਬਾਅਦ ਸਮਾਜ 'ਚ ਬਹੁਤ ਸਾਰੇ ਲੋਕ ਵੱਖ-ਵੱਖ ਤਰ੍ਹਾਂ ਦੀ ਸੇਵਾ 'ਚ ਜੁਟੇ ਹੋਏ ਹਨ। ਸੇਵਾ ਦੇ ਇਸ ਨਵੇਂ ਪੜਾਅ 'ਚ ਵੀ ਉਹ ਪੂਰੀ ਦੇਸ਼ ਭਗਤੀ ਨਾਲ ਸਰਗਰਮ ਹਨ। ਸਮਾਜ ਦੇ ਇਨ੍ਹਾਂ ਭੈਣਾ-ਭਰਾਵਾਂ ਨੇ ਅਜੇ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਯਤਨ ਜਾਰੀ ਰੱਖੇ ਹੋਏ ਹਨ। ਮੈਨੂੰ ਭਰੋਸਾ ਹੈ ਕਿ ਉਹ ਭਵਿੱਖ 'ਚ ਵੀ ਇਹ ਯਤਨ ਜਾਰੀ ਰੱਖਣਗੇ। ਮਹਾਮਾਰੀ ਵਿਰੁੱਧ ਸੰਘਰਸ਼ 'ਚ ਸਮਾਜ ਦਾ ਜੋ ਨਵਾਂ ਰੂਪ ਉਭਰ ਕੇ ਸਾਹਮਣੇ ਆਇਆ ਹੈ, ਉਸ ਦੇ ਵੀ ਕੁਝ ਪੱਖ ਹਨ। ਸਮੁੱਚੀ ਦੁਨੀਆ ਬਾਰੇ ਧਿਆਨ ਕਰਨ 'ਤੇ ਇਕ ਸ਼ਬਦ ਵਾਰ-ਵਾਰ ਸੁਣਾਈ ਦਿੰਦਾ ਹੈ ਉਹ ਹੈ ਨਾਰਮਲ। ਕੋਰੋਨਾ ਕਾਰਣ ਕੁਝ ਸਮੇਂ ਲਈ ਜ਼ਿੰਦਗੀ ਰੁਕ ਗਈ ਸੀ। ਸਭ ਕੰਮ ਠੱਪ ਹੋ ਗਏ ਸਨ। ਹੁਣ ਜ਼ਿੰਦਗੀ ਹੌਲੀ-ਹੌਲੀ ਨਾਰਮਲ ਹੁੰਦੀ ਜਾ ਰਹੀ ਹੈ। ਝਰਨਿਆਂ, ਨਦੀਆਂ, ਨਾਲਿਆਂ ਦਾ ਪਾਣੀ ਸਾਫ ਵੱਗਦਾ ਨਜ਼ਰ ਆਇਆ ਹੈ। ਬਾਗਾਂ 'ਚ ਪੰਛੀਆਂ ਦੀ ਚਹਿਕ ਸੁਣਾਈ ਦੇਣ ਲੱਗ ਪਈ ਹੈ।
ਇਹ ਵੀ ਪੜ੍ਹੋ: ਸਨਸਨੀ ਵਾਰਦਾਤ: 12ਵੀਂ ਜਮਾਤ 'ਚ ਪੜ੍ਹਦੀ ਵਿਦਿਆਰਥਣ ਨੂੰ ਬਦਮਾਸ਼ਾਂ ਨੇ ਘਰ ਅੰਦਰ ਦਾਖ਼ਲ ਹੋ ਕੇ ਮਾਰੀ ਗੋਲੀ
ਭਾਗਵਤ ਨੇ ਕਿਹਾ ਕਿ ਦੁਨੀਆ ਦੇ ਲੋਕ ਹੁਣ ਮੁੜ ਤੋਂ ਪਰਿਵਾਰਕ ਵਿਵਸਥਾ ਦੀ ਅਹਿਮੀਅਤ ਸਮਝਣ ਲੱਗ ਪਏ ਹਨ। ਉਹ ਚੌਗਿਰਦੇ ਨਾਲ ਦੋਸਤ ਬਣ ਕੇ ਜ਼ਿੰਦਗੀ ਜਿਊਣ ਦੀ ਅਹਿਮੀਅਤ ਸਮਝਣ ਲੱਗ ਪਏ ਹਨ। ਇਹ ਸੋਚ ਕੋਰੋਨਾ ਦੀ ਮਾਰ ਦੀ ਪ੍ਰਤੀਕਿਰਿਆ 'ਚ ਤੁਰੰਤ ਸੋਚ ਹੈ ਜਾਂ ਸਪੱਸ਼ਟ ਰੂਪ ਨਾਲ ਮਨੁੱਖਤਾ ਨੇ ਆਪਣੀ ਦਿਸ਼ਾ 'ਚ ਕੁਝ ਤਬਦੀਲੀ ਕੀਤੀ ਹੈ, ਇਹ ਤਾਂ ਸਮਾਂ ਹੀ ਦੱਸੇਗਾ ਪਰ ਇਸ ਮੌਜੂਦਾ ਹਾਲਾਤ ਕਾਰਣ ਵੱਖ-ਵੱਖ ਗੱਲਾਂ ਵੱਲ ਦੁਨੀਆ ਦੇ ਲੋਕਾਂ ਦਾ ਧਿਆਨ ਗਿਆ ਹੈ। ਹੁਣ ਤਕ ਬਾਜ਼ਾਰਾਂ ਦੇ ਆਧਾਰ 'ਤੇ ਸਮੁੱਚੀ ਦੁਨੀਆ ਨੂੰ ਇਕ ਕਰਨ ਦਾ ਜੋ ਵਿਚਾਰ ਸੀ, ਉਸ ਦੀ ਥਾਂ 'ਤੇ ਆਪਣੇ-ਆਪਣੇ ਦੇਸ਼ ਨੂੰ ਉਸ ਦੀਆਂ ਖੂਬੀਆਂ ਤਕ ਤੰਦਰੁਸਤ ਰੱਖਦੇ ਹੋਏ ਕੌਮਾਂਤਰੀ ਜੀਵਨ 'ਚ ਉਸਾਰੂ ਯੋਗ ਦਾ ਵਿਚਾਰ ਅਸਰਦਾਰ ਹੋਣ ਲੱਗਾ ਹੈ। ਉਨ੍ਹਾਂ ਕਿਹਾ ਕਿ ਹਿੰਦੂ ਕਿਸੇ ਪੰਥ, ਭਾਈਚਾਰੇ ਆਦਿ ਦਾ ਨਾਂ ਨਹੀਂ ਹੈ। ਇਹ ਕਿਸੇ ਇਕ ਸੂਬੇ 'ਚ ਪੈਦਾ ਹੋਇਆ ਸ਼ਬਦ ਨਹੀਂ ਹੈ। ਇਹ ਕਿਸੇ ਜਾਤੀ ਦੀ ਜਾਇਦਾਦ ਨਹੀਂ ਹੈ। ਕਿਸੇ ਇਕ ਭਾਸ਼ਾ ਦਾ ਸਨਮਾਨ ਕਰਨ ਵਾਲਾ ਸ਼ਬਦ ਨਹੀਂ ਹੈ। ਭਾਰਤ ਦੀ ਭਗਤੀ ਅਤੇ ਮਨੁੱਖਤਾ ਦੀ ਸੰਸਕ੍ਰਿਤੀ ਦੇ ਵਿਸ਼ਾਲ ਕੰਪਲੈਕਸ 'ਚ ਸਭ ਨੂੰ ਵਸਾਉਣ ਵਾਲਾ ਅਤੇ ਸਭ ਨੂੰ ਜੋੜਨ ਵਾਲਾ ਇਹ ਸ਼ਬਦ ਹੈ। ਵਿਆਪਕ ਗੱਲਬਾਤ ਦੇ ਆਧਾਰ 'ਤੇ ਇਕ ਨਵੀਂ ਸਿੱਖਿਆ ਨੀਤੀ ਐਲਾਨੀ ਗਈ ਹੈ। ਉਸ ਦਾ ਸੰਪੂਰਨ ਸਿੱਖਿਆ ਜਗਤ ਨੇ ਸਵਾਗਤ ਕੀਤਾ ਹੈ, ਅਸੀਂ ਵੀ ਉਸ ਦਾ ਸਵਾਗਤ ਕੀਤਾ ਹੈ। ਵੋਕਲ ਫਾਰ ਲੋਕਲ ਸਵਦੇਸ਼ੀ ਸੰਭਾਵਨਾਵਾਂ ਵਾਲੀ ਚੰਗੀ ਸ਼ੁਰੂਆਤ ਹੈ ਪਰ ਇਨ੍ਹਾਂ ਸਭ ਦੇ ਸਹੀ ਢੰਗ ਨਾਲ ਲਾਗੂ ਹੋਣ ਤਕ ਬਾਰੀਕੀ ਨਾਲ ਧਿਆਨ ਦੇਣਾ ਪਵੇਗਾ।ਸਹਿਮਤੀ ਦੇ ਆਧਾਰ 'ਤੇ ਕੀਤੇ ਗਏ ਫੈਸਲੇ ਬਿਨਾਂ ਤਬਦੀਲੀ ਦੇ ਤੱਤਪਰਤਾ ਨਾਲ ਜਦੋਂ ਲਾਗੂ ਹੁੰਦੇ ਨਜ਼ਰ ਆਉਂਦੇ ਹਨ ਤਾਂ ਉਸ ਵੇਲੇ ਇਹ ਤਾਲਮੇਲ ਤੇ ਸਹਿਮਤੀ ਦਾ ਮਾਹੌਲ ਹੋਰ ਮਜ਼ਬੂਤ ਹੁੰਦਾ ਹੈ।ਐਲਾਨੀਆਂ ਨੀਤੀਆਂ ਨੂੰ ਲਾਗੂ ਕਰਨਾ ਆਖਰੀ ਪੱਧਰ ਤਕ ਕਿਵੇਂ ਹੋ ਰਿਹਾ ਹੈ, ਉਸ ਬਾਰੇ ਜਾਗਰੂਕਤਾ ਦੀ ਲੋੜ ਹੁੰਦੀ ਹੈ। ਨੀਤੀ ਨਿਰਮਾਣ ਦੇ ਨਾਲ-ਨਾਲ ਉਸ ਨੂੰ ਲਾਗੂ ਕਰਨ ਵਿਚ ਤੱਤਪਰਤਾ ਤੇ ਪਾਰਦਰਸ਼ਤਾ ਰਹਿਣ ਨਾਲ ਨੀਤੀ ਵਿਚ ਲੋੜੀਂਦੀਆਂ ਤਬਦੀਲੀਆਂ ਦੇ ਲਾਭਾਂ ਨੂੰ ਪੂਰਨ ਮਾਤਰਾ ਵਿਚ ਹਾਸਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਕੇਂਦਰ ਸਰਕਾਰ ਮਨਾਏਗੀ 9ਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ, PM ਮੋਦੀ ਦੀ ਪ੍ਰਧਾਨਗੀ 'ਚ ਕਮੇਟੀ ਦਾ ਗਠਨ
ਇਸ ਲਈ ਸਵੈ ਜਾਂ ਆਤਮ ਤੱਤ ਦਾ ਵਿਚਾਰ ਇਸ ਵਿਆਪਕ ਸੰਦਰਭ ਵਿਚ ਅਪਣਾਉਣਾ ਪਵੇਗਾ, ਤਾਂ ਹੀ ਸਹੀ ਦਿਸ਼ਾ 'ਚ ਚੱਲ ਕੇ ਇਹ ਯਾਤਰਾ ਪੂਰਨ ਹੋਵੇਗੀ। ਵਿਕਾਸ ਤੇ ਤਰੱਕੀ ਸਾਡੇ ਇੱਥੇ ਤਾਲਮੇਲ ਦੇ ਆਧਾਰ 'ਤੇ ਸੋਚੀ ਗਈ ਹੈ। ਇਸ ਲਈ ਹਰੇਕ ਖੇਤਰ ਸੁਤੰਤਰ ਤੇ ਆਤਮਨਿਰਭਰ ਤਾਂ ਬਣਦਾ ਹੈ ਪਰ ਆਤਮੀਅਤਾ ਦੇ ਆਧਾਰ 'ਤੇ, ਇਕੋ ਰਾਸ਼ਟਰ ਪੁਰਸ਼ ਦੇ ਅੰਗ ਦੇ ਰੂਪ ਵਿਚ, ਆਪਸੀ ਨਿਰਭਰਤਾ ਨਾਲ ਚੱਲਣ ਵਾਲੀ ਵਿਵਸਥਾ ਬਣਾ ਕੇ ਸਾਰਿਆਂ ਦਾ ਲਾਭ, ਸਾਰਿਆਂ ਦਾ ਸੁੱਖ ਚਾਹੁੰਦਾ ਹੈ। ਇਹ ਆਤਮੀਅਤਾ ਤੇ ਵਿਸ਼ਵਾਸ ਦੀ ਭਾਵਨਾ, ਨੀਤੀ ਬਣਾਉਣ ਵੇਲੇ ਸਾਰੀਆਂ ਸਬੰਧਤ ਧਿਰਾਂ ਤੇ ਵਿਅਕਤੀਆਂ ਨਾਲ ਵਿਆਪਕ ਵਿਚਾਰ-ਵਟਾਂਦਰਾ ਕਰ ਕੇ, ਆਪਸੀ ਹਾਂ-ਪੱਖੀ ਮੰਥਨ ਨਾਲ ਬਣਦੀ ਹੈ, ਉਸ ਵਿਚੋਂ ਨਿਕਲਦੀ ਹੈ।ਖੁਸ਼ਕਿਸਮਤੀ ਨਾਲ ਅਜਿਹਾ ਵਿਸ਼ਵਾਸ ਸਾਰਿਆਂ ਦੇ ਮਨ ਵਿਚ, ਸਾਰੇ ਵਿਸ਼ਿਆਂ 'ਤੇ ਕੰਮ ਕਰਨ ਦੀ ਸਮਰੱਥਾ ਅੱਜ ਦੀ ਸਿਆਸੀ ਲੀਡਰਸ਼ਿਪ ਕੋਲ ਹੋਣ ਦੀ ਆਸ ਕੀਤੀ ਜਾ ਸਕਦੀ ਹੈ। ਸਮਾਜ ਤੇ ਸ਼ਾਸਨ ਦਰਮਿਆਨ ਪ੍ਰਸ਼ਾਸਨ ਦਾ ਪੱਧਰ ਸੰਵੇਦਨਸ਼ੀਲ ਤੇ ਪਾਰਦਰਸ਼ੀ ਹੋਣ ਨਾਲ ਇਹ ਕੰਮ ਹੋਰ ਜ਼ਿਆਦਾ ਚੰਗੇ ਢੰਗ ਨਾਲ ਸੰਪੰਨ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਰਾਜਨਾਥ ਨੇ ਕੀਤੀ 'ਸ਼ਸਤਰ ਪੂਜਾ', ਚੀਨ ਨੂੰ ਸਖਤ ਸੰਦੇਸ਼- ਕੋਈ ਨਹੀਂ ਲੈ ਸਕੇਗਾ ਇਕ ਇੰਚ ਵੀ ਜ਼ਮੀਨ
ਕੋਰੋਨਾ ਕਾਲ ਵਿਚ ਨੀਤੀਕਾਰਾਂ ਸਮੇਤ ਦੇਸ਼ ਦੇ ਸਾਰੇ ਵਿਚਾਰਵਾਨ ਲੋਕਾਂ ਦਾ ਧਿਆਨ ਦੇਸ਼ ਦੇ ਆਰਥਿਕ ਨਜ਼ਰੀਏ ਵਿਚ ਖੇਤੀ ਪੈਦਾਵਾਰ ਨੂੰ ਵਿਕੇਂਦਰਿਤ ਕਰਨ ਵਾਲੇ ਛੋਟੇ ਤੇ ਮੱਧਮ ਉਦਯੋਗਾਂ, ਰੋਜ਼ਗਾਰ ਸਿਰਜਣਾ, ਸਵੈ-ਰੋਜ਼ਗਾਰ, ਚੌਗਿਰਦਾ ਮਿੱਤਰਤਾ ਅਤੇ ਉਤਪਾਦਨ ਦੇ ਸਾਰੇ ਖੇਤਰਾਂ ਵਿਚ ਜਲਦ ਸਵੈ-ਨਿਰਭਰ ਹੋਣ ਦੀ ਲੋੜ ਵੱਲ ਖਿੱਚਿਆ ਗਿਆ ਹੈ। ਇਨ੍ਹਾਂ ਖੇਤਰਾਂ ਵਿਚ ਕੰਮ ਕਰ ਰਹੇ ਸਾਡੇ ਛੋਟੇ-ਛੋਟੇ ਉੱਦਮੀ, ਕਿਸਾਨ ਆਦਿ ਇਸ ਦਿਸ਼ਾ 'ਚ ਅੱਗੇ ਵਧ ਕੇ ਦੇਸ਼ ਲਈ ਸਫਲਤਾ ਹਾਸਲ ਕਰਨ ਲਈ ਉਤਾਵਲੇ ਹਨ। ਵੱਡੇ ਦੇਸ਼ਾਂ ਦੀਆਂ ਮਜ਼ਬੂਤ ਆਰਥਿਕ ਸ਼ਕਤੀਆਂ ਨਾਲ ਮੁਕਾਬਲਾ ਕਰਨ ਲਈ ਸ਼ਾਸਨ ਨੂੰ ਉਨ੍ਹਾਂ ਨੂੰ ਸੁਰੱਖਿਆ ਕਵਚ ਦੇਣਾ ਪਵੇਗਾ।ਕੋਰੋਨਾ ਕਾਰਣ 6 ਮਹੀਨਿਆਂ ਦੇ ਵਕਫੇ ਤੋਂ ਬਾਅਦ ਮੁੜ ਖੜ੍ਹੇ ਹੋਣ ਲਈ ਸਹਾਇਤਾ ਦੇਣ ਦੇ ਨਾਲ ਹੀ ਪਹੁੰਚ ਵੀ ਯਕੀਨੀ ਬਣਾਉਣੀ ਪਵੇਗੀ। ਰਾਸ਼ਟਰ ਦੇ ਵਿਕਾਸ ਤੇ ਤਰੱਕੀ ਲਈ ਸਾਨੂੰ ਆਪਣੀ ਭਾਵ-ਭੂਮੀ ਨੂੰ ਆਧਾਰ ਬਣਾ ਕੇ ਆਪਣੇ ਪਿਛੋਕੜ ਵਿਚ ਵਿਕਾਸ ਪੱਥ ਵੱਲ ਵਧਣਾ ਪਵੇਗਾ। ਉਸ ਰਸਤੇ ਦੀ ਮੰਜ਼ਿਲ ਸਾਡੀ ਕੌਮੀ ਸੰਸਕ੍ਰਿਤੀ ਤੇ ਉਮੀਦਾਂ ਅਨੁਸਾਰ ਹੀ ਹੋਵੇਗੀ।
ਇਹ ਵੀ ਪੜ੍ਹੋ: ਭਾਰਤ ਦੇ ਇਸ ਪਿੰਡ 'ਚ ਬਣਾਇਆ ਜਾਂਦਾ ਹੈ 'ਮਿੱਟੀ ਦਾ ਰਾਵਣ', ਲੋਕ ਇੰਝ ਮਨਾਉਂਦੇ 'ਦੁਸਹਿਰਾ' (ਤਸਵੀਰਾਂ)
ਸਾਰਿਆਂ ਨੂੰ ਸਹਿਮਤੀ ਦੀ ਪ੍ਰਕਿਰਆ ਵਿਚ ਹਾਂ-ਪੱਖੀ ਤੌਰ 'ਤੇ ਅਸੀਂ ਸ਼ਾਮਲ ਕਰਵਾ ਲਈਏ। ਅਟੁੱਟ, ਤੱਤਪਰਤਾ ਭਰਿਆ ਅਤੇ ਜਿਸ ਤਰ੍ਹਾਂ ਦਾ ਨਿਸ਼ਚਾ ਹੁੰਦਾ ਹੈ, ਬਿਲਕੁਲ ਉਸ ਤਰ੍ਹਾਂ ਯੋਜਨਾਵਾਂ ਨੂੰ ਲਾਗੂ ਕਰਨਾ ਯਕੀਨੀ ਬਣਾ ਲਈਏ। ਆਖਰੀ ਆਦਮੀ ਤਕ ਇਸ ਵਿਕਾਸ ਪ੍ਰਕਿਰਿਆ ਦਾ ਲਾਭ ਪਹੁੰਚੇ, ਵਿਚੋਲਿਆਂ ਤੇ ਦਲਾਲਾਂ ਵਲੋਂ ਲੁੱਟ ਬੰਦ ਹੋ ਕੇ ਜਨਤਾ ਸਿੱਧੇ ਤੌਰ 'ਤੇ ਵਿਕਾਸ ਪ੍ਰਕਿਰਿਆ ਵਿਚ ਹਿੱਸਾ ਲਵੇ ਅਤੇ ਲਾਭ ਹਾਸਲ ਕਰੇ। ਇਸ ਨੂੰ ਦੇਖਾਂਗੇ ਤਾਂ ਹੀ ਸਾਡੇ ਸੁਪਨੇ ਸੱਚ ਹੋ ਸਕਦੇ ਹਨ, ਨਹੀਂ ਤਾਂ ਉਨ੍ਹਾਂ ਦੇ ਅਧੂਰੇ ਰਹਿ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਆਪਣੇ ਵਤੀਰੇ ਵਿਚ ਤਬੀਦੀਲੀ ਲਿਆਉਣ ਦਾ ਸਿਲਿਸਲਾ ਬਣਾ ਕੇ, ਨਿੱਤ ਇਨ੍ਹਾਂ ਸਾਰੇ ਵਿਸ਼ਿਆਂ ਦੇ ਪ੍ਰਬੰਧਨ ਦੇ ਕੰਮ ਚਲਾ ਕੇ ਅਸੀਂ ਅੱਗੇ ਵਧ ਸਕਦੇ ਹਾਂ। ਹਰੇਕ ਪਰਿਵਾਰ ਇਸ ਦੀ ਇਕਾਈ ਬਣ ਸਕਦਾ ਹੈ। ਅਜਿਹੇ ਛੋਟੇ-ਛੋਟੇ ਅਦਾਰਿਆਂ ਰਾਹੀਂ ਨਿੱਜੀ ਜੀਵਨ ਵਿਚ ਸਦਭਾਵਨਾ, ਸੰਜਮ ਤੇ ਅਨੁਸ਼ਾਸਨ ਸਮੇਤ ਕੀਮਤ ਆਧਾਰਤ ਵਤੀਰੇ ਦਾ ਵਿਕਾਸ ਕੀਤਾ ਜਾ ਸਕਦਾ ਹੈ। ਉਸ ਦੇ ਨਤੀਜੇ ਵਜੋਂ ਸਾਡਾ ਸਮੂਹਿਕ ਵਤੀਰਾ ਵੀ ਨਾਗਰਿਕ ਅਨੁਸ਼ਾਸਨ ਦੀ ਪਾਲਣਾ ਕਰਦਿਆਂ ਆਪਸੀ ਸੁਹਿਰਦਤਾ ਵਧਾਉਣ ਵਾਲਾ ਬਣ ਜਾਂਦਾ ਹੈ।
ਇਹ ਵੀ ਪੜ੍ਹੋ: ਛੋਟੀ ਜਿਹੀ ਕੁੜੀ ਨੇ ਲੱਭਿਆ ਕੋਰੋਨਾ ਦਾ ਤੋੜ! ਮਿਲਿਆ 25 ਹਜ਼ਾਰ ਡਾਲਰ ਦਾ ਈਨਾਮ
ਪ੍ਰਬੰਧਨ ਰਾਹੀਂ ਸਮਾਜ ਦੇ ਆਮ ਅੰਗਾਂ ਅਨੁਸਾਰ ਆਪਣੀ ਅੰਦਰਨੀ ਏਕਾਤਮਕਤਾ ਦਾ ਆਧਾਰ ਸੁਰ ਹਿੰਦੂਵਾਦ ਨੂੰ ਬਣਾ ਕੇ ਚੱਲੀਏ ਅਤੇ ਦੇਸ਼ ਲਈ ਪੁਰਸ਼ਾਰਥ ਵਿਚ ਆਪਣੇ ਕੌਮੀ ਸਰੂਪ ਨੂੰ ਅਪਨਾਉਣਾ, ਸਾਰੇ ਸਮਾਜਿਕ ਅੰਗਾਂ ਦੀ ਆਤਮੀਅਤਾ ਆਪਸੀ ਨਿਰਭਰਤਾ, ਸਾਡੀ ਸਮੂਹਿਕ ਸ਼ਕਤੀ ਸਭ ਕੁਝ ਕਰ ਸਕਦੀ ਹੈ।ਸਾਡਾ ਆਤਮਵਿਸ਼ਵਾਸ, ਸਾਡੀਆਂ ਕਦਰਾਂ-ਕੀਮਤਾਂ ਦੇ ਆਧਾਰ 'ਤੇ ਵਿਕਾਸ ਯਾਤਰਾ ਦੀ ਮੰਜ਼ਿਲ ਦੀ ਸਪਸ਼ਟ ਕਲਪਨਾ ਜਾਗ੍ਰਿਤ ਰਹਿੰਦੀ ਹੈ ਤਾਂ ਨੇੜ-ਭਵਿੱਖ ਵਿਚ ਹੀ ਭਾਰਤਵਰਸ਼ ਨੂੰ ਦੁਨੀਆ ਦੀ ਸੁੱਖ-ਸ਼ਾਂਤੀ ਦਾ ਮਾਰਗਦਰਸ਼ਨ ਕਰਦਿਆਂ ਮਨੁੱਖ ਨੂੰ ਅਸਲ ਆਜ਼ਾਦੀ ਤੇ ਸਮਾਨਤਾ ਪ੍ਰਦਾਨ ਕਰ ਸਕਣ ਵਾਲਾ ਭਾਰਤਵਰਸ਼ ਇਸ ਨਾਤੇ ਖੜ੍ਹਾ ਹੁੰਦਾ ਹੋਇਆ ਅਸੀਂ ਦੇਖਾਂਗੇ।ਅਜਿਹੇ ਵਿਅਕਤੀ ਤੇ ਪਰਿਵਾਰਾਂ ਦੇ ਵਤੀਰੇ ਨਾਲ ਹੀ ਸੰਪੂਰਨ ਦੇਸ਼ ਵਿਚ ਪੁਰਸ਼ਾਰਥ ਤੇ ਨਿਆਂ ਭਰਪੂਰ ਵਤੀਰੇ ਦਾ ਵਾਤਾਵਰਣ ਖੜ੍ਹਾ ਕਰਨਾ ਪਵੇਗਾ। ਅਜਿਹਾ ਪ੍ਰਤੱਖ ਰੂਪ ਵਿਚ ਵਰਕਰਾਂ ਦਾ ਦੇਸ਼-ਪੱਧਰੀ ਸਮੂਪਹ ਖੜ੍ਹਾ ਕਰਨ ਲਈ ਹੀ 1925 ਤੋਂ ਰਾਸ਼ਟਰੀ ਸਵੈਮਸੇਵਕ ਸੰਘ ਕੰਮ ਕਰ ਰਿਹਾ ਹੈ। ਇਸ ਤਰ੍ਹਾਂ ਦੀ ਸੰਗਠਤ ਸਥਿਤੀ ਲਈ ਹੀ ਸਾਡੇ ਮਹਾਪੁਰਸ਼ਾਂ ਨੇ ਕੋਸ਼ਿਸ਼ਾਂ ਕੀਤੀਆਂ। ਇਹ ਸਥਿਤੀ ਹੀ ਸਮਾਜ ਦੀ ਸਹਿਜ ਸੁਭਾਵਕ ਸਿਹਤਮੰਦ ਅਵਸਥਾ ਹੈ।ਆਜ਼ਾਦੀ ਤੋਂ ਬਾਅਦ ਇਸ ਉਦੇਸ਼ ਨੂੰ ਧਿਆਨ ਵਿਚ ਰੱਖ ਕੇ ਹੀ ਉਸ ਦੇ ਵਤੀਰੇ ਦੇ ਨਿਯਮ ਦੱਸਣ ਵਾਲਾ ਸੰਵਿਧਾਨ ਸਾਨੂੰ ਮਿਲਿਆ ਹੈ। ਉਸ ਨੂੰ ਅਮਲੀ ਰੂਪ ਦੇਣ ਲਈ ਪੂਰੇ ਸਮਾਜ ਵਿਚ ਇਹ ਸਪਸ਼ਟ ਦ੍ਰਿਸ਼ਟੀ, ਆਪਸੀ ਸਮਾਨਤਾ, ਏਕਤਾ ਦੀ ਭਾਵਨਾ ਅਤੇ ਦੇਸ਼ਹਿੱਤ ਨੂੰ ਸਭ ਤੋਂ ਉੱਪਰ ਮੰਨ ਕੇ ਕੀਤਾ ਜਾਣ ਵਾਲਾ ਵਤੀਰਾ ਇਸ ਸੰਘ ਕਾਰਜ ਨਾਲ ਹੀ ਬਣੇਗਾ।ਇਸ ਪਵਿੱਤਰ ਕੰਮ ਵਿਚ ਬਿਨਾਂ ਸਵਾਰਥ ਤੇ ਤਨ-ਮਨ ਨਾਲ ਦੇਸ਼ ਭਰ ਵਿਚ ਸਵੈਮ ਸੇਵਕ ਲੱਗੇ ਹੋਏ ਹਨ। ਤੁਹਾਨੂੰ ਵੀ ਉਨ੍ਹਾਂ ਦੇ ਸਹਿਯੋਗੀ ਵਰਕਰ ਬਣ ਕੇ ਦੇਸ਼ ਦੀ ਤਰੱਕੀ ਲਈ ਇਸ ਮੁਹਿੰਮ ਦੇ ਰੱਥ ਵਿਚ ਹੱਥ ਲਾਉਣ ਦਾ ਸੱਦਾ ਦਿੰਦਾ ਹੋਇਆ ਮੈਂ ਆਪਣੇ ਸ਼ਬਦਾਂ ਨੂੰ ਰੋਕਦਾ ਹਾਂ।
।।ਭਾਰਤ ਮਾਤਾ ਦੀ ਜੈ।।