ਭਾਰਤ ਤੇ ਚੀਨ ਵਾਦ-ਵਿਵਾਦ ਵਾਲੇ ਮੁੱਦਿਆਂ ਨੂੰ ਹੱਲ ਕਰਨ ਲਈ ਹੋਏ ਸਹਿਮਤ

Tuesday, Apr 25, 2023 - 10:10 AM (IST)

ਨਵੀਂ ਦਿੱਲੀ (ਵਾਰਤਾ)- ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ’ਤੇ ਚੀਨ ਨਾਲ ਪਿਛਲੇ ਤਿੰਨ ਸਾਲਾਂ ਤੋਂ ਜਾਰੀ ਫੌਜੀ ਡੈੱਡਲਾਕ ਨੂੰ ਸੁਲਝਾਉਣ ਲਈ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਕੋਰ ਕਮਾਂਡਰਾਂ ਦੀ ਇਕ ਬੈਠਕ ਹੋਈ। ਇਸ ਵਿਚ ਦੋਵਾਂ ਨੇ ਇਕ ਵਾਰ ਫਿਰ ਬਾਕੀ ਰਹਿੰਦੇ ਵਾਦ-ਵਿਵਾਦ ਵਾਲੇ ਮੁੱਦਿਆਂ ਨੂੰ ਗੱਲਬਾਤ ਰਾਹੀਂ ਜਲਦੀ ਹੱਲ ਕਰਨ ’ਤੇ ਸਹਿਮਤੀ ਪ੍ਰਗਟਾਈ। ਹਾਲਾਂਕਿ, ਦੋਵਾਂ ਧਿਰਾਂ ਵਿਚਾਲੇ ਤਾਜ਼ਾ ਦੌਰ ਦੀ ਗੱਲਬਾਤ ਦਾ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਦੋਵਾਂ ਧਿਰਾਂ ਦੇ ਫੌਜੀ ਕਮਾਂਡਰਾਂ ਨੇ ਪੱਛਮੀ ਸੈਕਟਰ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਲੱਗਦੇ ਖੇਤਰਾਂ ਨਾਲ ਸਬੰਧਤ ਮੁੱਦਿਆਂ ਨੂੰ ਸੁਲਝਾਉਣ ਲਈ ਚੀਨ ਦੀ ਸਰਹੱਦ ਨਾਲ ਲੱਗਦੇ ਚੁਸ਼ੁਲ ਮੋਲਡੋ ਖੇਤਰ ਵਿੱਚ ਵਿਸਤ੍ਰਿਤ ਗੱਲਬਾਤ ਕੀਤੀ।

ਉਨ੍ਹਾਂ ਦਾ ਮੰਨਣਾ ਸੀ ਕਿ ਇਨ੍ਹਾਂ ਮੁੱਦਿਆਂ ਦੇ ਹੱਲ ਨਾਲ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਦੋਸਤੀ ਦਾ ਮਾਹੌਲ ਬਣੇਗਾ, ਜਿਸ ਨਾਲ ਦੁਵੱਲੇ ਸਬੰਧਾਂ ਵਿਚ ਤਰੱਕੀ ਹੋਵੇਗੀ। ਪਿਛਲੇ ਮਹੀਨੇ ਵਿਦੇਸ਼ ਮੰਤਰੀਆਂ ਦੀ ਗੱਲਬਾਤ ਦੇ ਆਧਾਰ ਅਤੇ ਮਾਰਗਦਰਸ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਫੌਜੀ ਕਮਾਂਡਰਾਂ ਨੇ ਖੁੱਲ੍ਹ ਕੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਦੋਵੇਂ ਧਿਰਾਂ ਪੱਛਮੀ ਸੈਕਟਰ ਵਿੱਚ ਜ਼ਮੀਨੀ ਸੁਰੱਖਿਆ ਅਤੇ ਸਥਿਰਤਾ ਬਣਾਈ ਰੱਖਣ ਲਈ ਸਹਿਮਤ ਹੋਈਆਂ।


DIsha

Content Editor

Related News