ਮੁੜ ਲੀਹ ''ਤੇ ਆਉਣਗੇ ਭਾਰਤ-ਕੈਨੇਡਾ ਦੇ ਸਬੰਧ ! PM ਕਾਰਨੀ ਨੇ ਵਪਾਰ ਵਧਾਉਣ ''ਚ ਦਿਖਾਈ ਦਿਲਸਚਪੀ

Tuesday, Dec 23, 2025 - 11:56 AM (IST)

ਮੁੜ ਲੀਹ ''ਤੇ ਆਉਣਗੇ ਭਾਰਤ-ਕੈਨੇਡਾ ਦੇ ਸਬੰਧ ! PM ਕਾਰਨੀ ਨੇ ਵਪਾਰ ਵਧਾਉਣ ''ਚ ਦਿਖਾਈ ਦਿਲਸਚਪੀ

ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਮੁੜ ਸੁਰਜੀਤ ਅਤੇ ਮਜ਼ਬੂਤ ਕਰਨ ਲਈ ਇੱਕ ਨਵੀਂ ਗਲੋਬਲ ਰਣਨੀਤੀ ਦਾ ਐਲਾਨ ਕੀਤਾ ਹੈ। ਮਾਰਚ 2025 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਕਾਰਨੀ ਨੇ ਭਾਰਤ ਨਾਲ ਰਿਸ਼ਤਿਆਂ ਨੂੰ ਰੀਸੈੱਟ ਕਰਨ ਦਾ ਸੰਕੇਤ ਦਿੱਤਾ ਹੈ, ਜੋ ਕਿ 2023 ਵਿੱਚ ਹੋਏ ਡਿਪਲੋਮੈਟਿਕ ਤਣਾਅ ਤੋਂ ਬਾਅਦ ਕਾਫ਼ੀ ਪ੍ਰਭਾਵਿਤ ਹੋਏ ਸਨ।

ਕੈਨੇਡਾ ਅਤੇ ਭਾਰਤ ਵਿਚਕਾਰ ਇੱਕ 'ਵਿਆਪਕ ਆਰਥਿਕ ਭਾਈਵਾਲੀ ਸਮਝੌਤੇ' 'ਤੇ ਗੱਲਬਾਤ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਸਮਝੌਤੇ ਦਾ ਮੁੱਖ ਉਦੇਸ਼ 2030 ਤੱਕ ਦੋਵਾਂ ਦੇਸ਼ਾਂ ਦੇ ਦੁਵੱਲੇ ਵਪਾਰ ਨੂੰ ਦੁੱਗਣਾ ਕਰਕੇ 70 ਅਰਬ ਕੈਨੇਡੀਅਨ ਡਾਲਰ ਤੱਕ ਪਹੁੰਚਾਉਣਾ ਹੈ। ਪ੍ਰਧਾਨ ਮੰਤਰੀ ਕਾਰਨੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਕੈਨੇਡਾ ਇਕੋ ਦੇਸ਼ 'ਤੇ ਨਿਰਭਰ ਨਹੀਂ ਰਹਿ ਸਕਦਾ। ਉਹ ਚਾਹੁੰਦੇ ਹਨ ਕਿ ਕੈਨੇਡਾ ਅਮਰੀਕਾ 'ਤੇ ਆਪਣੀ ਆਰਥਿਕ ਨਿਰਭਰਤਾ ਘਟਾ ਕੇ ਭਾਰਤ, ਚੀਨ, ਯੂਰਪੀ ਸੰਘ ਅਤੇ ਬ੍ਰਿਟੇਨ ਵਰਗੀਆਂ ਹੋਰ ਪ੍ਰਮੁੱਖ ਅਰਥਵਿਵਸਥਾਵਾਂ ਨਾਲ ਸਬੰਧ ਵਧਾਵੇ।

ਕਾਰਨੀ ਅਨੁਸਾਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਕੈਨੇਡਾ ਦੇ ਦੂਜੇ ਦੇਸ਼ਾਂ ਨਾਲ ਵਪਾਰਕ ਵਾਰਤਾਵਾਂ ਸ਼ੁਰੂ ਕਰਨ ਦੇ ਫੈਸਲੇ ਦਾ ਸਤਿਕਾਰ ਕਰਦੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਮਾਰਕ ਕਾਰਨੀ ਵਿਚਕਾਰ ਜੀ-7 ਅਤੇ ਜੀ-20 ਸੰਮੇਲਨਾਂ ਦੌਰਾਨ ਹੋਈਆਂ ਮੁਲਾਕਾਤਾਂ ਤੋਂ ਬਾਅਦ, ਕਾਰਨੀ ਨੇ ਭਾਰਤ ਆਉਣ ਦਾ ਸੱਦਾ ਸਵੀਕਾਰ ਕਰ ਲਿਆ ਹੈ। ਉਹ ਅਗਲੇ ਸਾਲ ਦੀ ਪਹਿਲੀ ਤਿਮਾਹੀ ਵਿੱਚ ਭਾਰਤ ਦਾ ਦੌਰਾ ਕਰ ਸਕਦੇ ਹਨ, ਜਿਸ ਨਾਲ ਵਪਾਰਕ ਗੱਲਬਾਤ ਨੂੰ ਤੇਜ਼ੀ ਮਿਲਣ ਦੀ ਉਮੀਦ ਹੈ।

ਜ਼ਿਕਰਯੋਗ ਹੈ ਕਿ ਸਾਲ 2023 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਗਾਏ ਗਏ ਦੋਸ਼ਾਂ ਅਤੇ ਉਸ ਤੋਂ ਬਾਅਦ ਪੈਦਾ ਹੋਏ ਤਣਾਅ ਕਾਰਨ ਦੋਵਾਂ ਦੇਸ਼ਾਂ ਦੇ ਵਪਾਰਕ ਰਿਸ਼ਤੇ ਰੁਕ ਗਏ ਸਨ। ਮਾਰਕ ਕਾਰਨੀ ਦੀ ਅਗਵਾਈ ਵਿੱਚ ਹੁਣ ਕੈਨੇਡਾ ਇਨ੍ਹਾਂ ਰਿਸ਼ਤਿਆਂ ਨੂੰ ਸਥਿਰਤਾ ਦੇਣ ਅਤੇ ਆਰਥਿਕ ਲਾਭ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ।


author

Harpreet SIngh

Content Editor

Related News