ਭਾਰਤ-ਕੈਨੇਡਾ ਤਣਾਅ: ਕੈਨੇਡਾ 'ਚ ਭਾਰਤੀ ਹਾਈ ਕਮਿਸ਼ਨਰ ਦਾ ਨਿੱਝਰ ਮਾਮਲੇ 'ਤੇ ਵੱਡਾ ਦਾਅਵਾ

Monday, Oct 21, 2024 - 01:23 PM (IST)

ਭਾਰਤ-ਕੈਨੇਡਾ ਤਣਾਅ: ਕੈਨੇਡਾ 'ਚ ਭਾਰਤੀ ਹਾਈ ਕਮਿਸ਼ਨਰ ਦਾ ਨਿੱਝਰ ਮਾਮਲੇ 'ਤੇ ਵੱਡਾ ਦਾਅਵਾ

ਵੈਨਕੂਵਰ (ਏਜੰਸੀ)- ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਪਿਛਲੇ ਸਾਲ ਬ੍ਰਿਟਿਸ਼ ਕੋਲੰਬੀਆ ਵਿਚ ਕੈਨੇਡੀਅਨ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਹਾਲਾਂਕਿ ਕੈਨੇਡੀਅਨ ਸਰਕਾਰ ਨੇ ਉਨ੍ਹਾਂ 'ਤੇ ਕਤਲ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਕੈਨੇਡਾ ਨੇ ਪਿਛਲੇ ਸੋਮਵਾਰ ਸੰਜੇ ਕੁਮਾਰ ਵਰਮਾ ਅਤੇ 5 ਹੋਰ ਭਾਰਤੀ ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ। ਵਰਮਾ ਨੇ ਸੀ.ਟੀ.ਵੀ. ਦੇ  'Question Period Sunday' 'ਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਇਹ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਹਨ।

ਇਹ ਵੀ ਪੜ੍ਹੋ: ਕੈਨੇਡਾ 'ਚ 1.3 ਲੱਖ ਭਾਰਤੀ ਵਿਦਿਆਰਥੀਆਂ  'ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ

ਇਹ ਪੁੱਛੇ ਜਾਣ 'ਤੇ ਕਿ ਕੀ 18 ਜੂਨ 2023 ਨੂੰ ਸਰੀ, ਬ੍ਰਿਟਿਸ਼ ਕੋਲੰਬੀਆ ਦੇ ਇੱਕ ਸੱਭਿਆਚਾਰਕ ਕੇਂਦਰ ਦੇ ਬਾਹਰ ਹਰਦੀਪ ਸਿੰਘ ਨਿੱਝਰ ਦੀ ਗੋਲੀ ਮਾਰ ਕੇ ਹੋਈ ਮੌਤ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਸੀ, ਇਸ 'ਤੇ ਵਰਮਾ ਨੇ ਕਿਹਾ, "ਬਿਲਕੁਲ ਵੀ ਨਹੀਂ। ਕੋਈ ਸਬੂਤ ਨਹੀਂ ਦਿੱਤਾ ਗਿਆ ਹੈ। ਇਹ ਰਾਜਨੀਤੀ ਤੋਂ ਪ੍ਰੇਰਿਤ ਹੈ।" ਕੈਨੇਡਾ 'ਚ ਰਹਿ ਰਹੇ 4 ਭਾਰਤੀ ਨਾਗਰਿਕਾਂ 'ਤੇ ਨਿੱਝਰ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ ਅਤੇ ਉਨ੍ਹਾਂ 'ਤੇ ਮੁਕੱਦਮਾ ਚਲਾਇਆ ਗਿਆ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (ਆਰ.ਸੀ.ਐੱਮ.ਪੀ.) ਨੇ ਪਿਛਲੇ ਹਫ਼ਤੇ ਦੋਸ਼ ਲਾਏ ਸਨ ਕਿ ਭਾਰਤੀ ਡਿਪਲੋਮੈਟ ਕੈਨੇਡਾ ਵਿੱਚ ਸਿੱਖ ਵੱਖਵਾਦੀਆਂ ਬਾਰੇ ਆਪਣੇ ਦੇਸ਼ ਦੀ ਸਰਕਾਰ ਨਾਲ ਜਾਣਕਾਰੀ ਸਾਂਝੀ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

ਇਹ ਵੀ ਪੜ੍ਹੋ: ਭਾਰਤ-ਕੈਨੇਡਾ ਵਿਚਾਲੇ ਬਣੇ ਤਣਾਅ ਦੌਰਾਨ ਕੈਨੇਡਾ ਦੇ ਸਾਬਕਾ ਹਾਈ ਕਮਿਸ਼ਨਰ ਦਾ ਵੱਡਾ ਬਿਆਨ

ਉਨ੍ਹਾਂ ਕਿਹਾ ਕਿ ਭਾਰਤ ਦੇ ਉੱਚ ਅਧਿਕਾਰੀ ਉਸ ਜਾਣਕਾਰੀ ਨੂੰ ਭਾਰਤ ਵਿੱਚ ਸੰਗਠਿਤ ਅਪਰਾਧਿਕ ਸਮੂਹਾਂ ਨੂੰ ਦੇ ਰਹੇ ਹਨ, ਜੋ ਗੋਲੀਬਾਰੀ, ਜਬਰੀ ਵਸੂਲੀ ਅਤੇ ਇੱਥੋਂ ਤੱਕ ਕਿ ਕਤਲ ਕਰਕੇ ਅਜਿਹੇ ਕਾਰਕੁਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਜੋ ਕੈਨੇਡੀਅਨ ਨਾਗਰਿਕ ਹਨ । ਵਰਮਾ ਨੇ ਕੈਨੇਡਾ ਵਿਚ ਭਾਰਤ ਸਰਕਾਰ ਵੱਲੋਂ ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਬਣਾਉਣ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ, ''ਮੈਂ ਭਾਰਤ ਦੇ ਹਾਈ ਕਮਿਸ਼ਨਰ ਵਜੋਂ ਅਜਿਹਾ ਕੁਝ ਨਹੀਂ ਕੀਤਾ। ਕੈਨੇਡਾ ਵਿੱਚ ਭਾਰਤੀ ਅਧਿਕਾਰੀਆਂ ਵੱਲੋਂ ਕੀਤੀ ਗਈ ਕੋਈ ਵੀ ਕਾਰਵਾਈ ‘ਸਾਰਿਆਂ ਸਾਹਮਣੇ ਸੀ।’ ਵਰਮਾ ਨੇ ਇੰਟਰਵਿਊ ਵਿੱਚ ਨਿੱਝਰ ਦੀ ਹੱਤਿਆ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ, “ਕੋਈ ਵੀ ਕਤਲ ਗਲਤ ਅਤੇ ਮਾੜਾ ਹੁੰਦਾ ਹੈ। ਮੈਂ ਇਸ ਦੀ ਨਿੰਦਾ ਕਰਦਾ ਹਾਂ।'' ਵਰਮਾ ਨੇ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਦੀ ਭਾਰਤ ਦੀ ਰੂਸ ਨਾਲ ਤੁਲਨਾ ਕਰਨ ਵਾਲੀ ਟਿੱਪਣੀ 'ਤੇ ਵੀ ਪਲਟਵਾਰ ਕੀਤਾ। ਜੋਲੀ ਨੇ ਕਿਹਾ ਸੀ ਕਿ ਕੈਨੇਡੀਅਨ ਨੈਸ਼ਨਲ ਪੁਲਸ ਫੋਰਸ ਨੇ ਭਾਰਤੀ ਡਿਪਲੋਮੈਟਾਂ ਨੂੰ ਕੈਨੇਡਾ ਵਿੱਚ ਕਤਲਾਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਨਾਲ ਜੋੜਿਆ ਹੈ।

ਇਹ ਵੀ ਪੜ੍ਹੋ: ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ’ਚ ਗਿਰਾਵਟ

ਭਾਰਤੀ ਰਾਜਦੂਤ ਨੇ ਕਿਹਾ, "ਉਹ ਜਿਸ ਬਾਰੇ ਗੱਲ ਕਰ ਰਹੀ ਹੈ, ਮੈਨੂੰ ਉਸ ਗੱਲ ਦਾ ਠੋਸ ਸਬੂਤ ਦੇਖਣ ਦਿਓ। ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਸਿਆਸ ਗੱਲਾਂ ਕਹਿ ਰਹੀ ਹੈ।'' ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ਬੇਤੁਕਾ ਕਰਾਰ ਦਿੱਤਾ ਹੈ ਅਤੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਹ ਇਸ ਦੇ ਜਵਾਬ ਵਿੱਚ ਕੈਨੇਡਾ ਦੇ ਕਾਰਜਕਾਰੀ ਹਾਈ ਕਮਿਸ਼ਨਰ ਅਤੇ 5 ਹੋਰ ਡਿਪਲੋਮੈਟਾਂ ਨੂੰ ਕੱਢ ਰਿਹਾ ਹੈ। ਵਰਮਾ ਨੇ ਕਿਹਾ ਕਿ ਕੈਨੇਡੀਅਨ ਦੋਸ਼ਾਂ ਬਾਰੇ "ਸਾਡੇ ਨਾਲ ਇੱਕ ਵੀ ਸਬੂਤ ਸਾਂਝਾ ਨਹੀਂ ਕੀਤਾ ਗਿਆ।" ਆਰ.ਸੀ.ਐੱਮ.ਪੀ. ਨੇ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਭਾਰਤੀ ਅਧਿਕਾਰੀਆਂ ਨਾਲ ਸਬੂਤ ਸਾਂਝੇ ਕਰਨ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਸਨ। ਵਰਮਾ ਨੇ ਕਿਹਾ ਕਿ RCMP ਨੇ ਭਾਰਤ ਦੀ ਯਾਤਰਾ ਲਈ ਉਚਿਤ ਵੀਜ਼ਾ ਲਈ ਅਰਜ਼ੀ ਨਹੀਂ ਦਿੱਤੀ ਸੀ।  ਉਨ੍ਹਾ ਕਿਹਾ, "ਵੀਜ਼ਾ ਅਪਲਾਈ ਕਰਨਾ ਪਵੇਗਾ। ਕਿਸੇ ਵੀ ਸਰਕਾਰੀ ਵਫ਼ਦ ਲਈ ਕਿਸੇ ਹੋਰ ਦੇਸ਼ ਦਾ ਦੌਰਾ ਕਰਨ ਲਈ ਤੁਹਾਨੂੰ ਇੱਕ ਏਜੰਡੇ ਦੀ ਲੋੜ ਹੁੰਦੀ ਹੈ। ਉਨ੍ਹਾਂ ਕੋਲ ਕੋਈ ਏਜੰਡਾ ਨਹੀਂ ਸੀ।"

ਇਹ ਵੀ ਪੜ੍ਹੋ: ਭਾਰਤ ਦੇ ਬਾਕੀ ਡਿਪਲੋਮੈਟ ਵੀ ‘ਸਪੱਸ਼ਟ ਤੌਰ ’ਤੇ ਨੋਟਿਸ ’ਤੇ’ ਹਨ : ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀ ਜੋਲੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News