ਭਾਰਤ ਅਤੇ ਅਮਰੀਕਾ ਦਾ ਸਾਂਝਾ ਬਿਆਨ, ਅੱਤਵਾਦ ਖ਼ਿਲਾਫ਼ ਤੁਰੰਤ, ਬਿਨਾਂ ਰੁਕੇ ਅਤੇ ਸਖ਼ਤ ਕਾਰਵਾਈ ਕਰੇ ਪਾਕਿਸਤਾਨ
Wednesday, Apr 13, 2022 - 09:27 AM (IST)
ਵਾਸ਼ਿੰਗਟਨ (ਏ. ਐੱਨ. ਆਈ.)- ਭਾਰਤ ਅਤੇ ਅਮਰੀਕਾ ਨੇ ਪਾਕਿਸਤਾਨ ਨੂੰ ਇਹ ਯਕੀਨੀ ਬਣਾਉਣ ਲਈ ਤੁਰੰਤ, ਲਗਾਤਾਰ ਅਤੇ ਅਟਲ ਕਾਰਵਾਈ ਕਰਨ ਦੀ ਮੰਗ ਕੀਤੀ ਕਿ ਉਸ ਦੇ ਕੰਟਰੋਲ ਵਾਲੇ ਕਿਸੇ ਵੀ ਖੇਤਰ ਦੀ ਵਰਤੋਂ ਅੱਤਵਾਦੀ ਹਮਲਿਆਂ ਲਈ ਨਾ ਕੀਤੀ ਜਾਵੇ। ਨਾਲ ਹੀ, ਦੋਵਾਂ ਦੇਸ਼ਾਂ ਨੇ 26/11 ਦੇ ਮੁੰਬਈ ਅੱਤਵਾਦੀ ਹਮਲੇ ਅਤੇ ਪਠਾਨਕੋਟ ਹਮਲੇ ਦੇ ਦੋਸ਼ੀਆਂ ਨੂੰ ਇਨਸਾਫ ਦੇ ਘੇਰੇ ’ਚ ਲਿਆਉਣ ਦੀ ਵੀ ਅਪੀਲ ਕੀਤੀ। ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਅਤੇ ਰੱਖਿਆ ਮੰਤਰੀ ਲਾਇਡ ਆਸਟਿਨ ਵਿਚਾਲੇ ਹੋਈ ‘ਟੂ ਪਲਸ ਟੂ’ ਮੰਤਰੀ ਪੱਧਰ ਦੀ ਗੱਲਬਾਤ ਤੋਂ ਬਾਅਦ ਇਕ ਸਾਂਝੇ ਬਿਆਨ ’ਚ ਪਾਕਿਸਤਾਨ ਤੋਂ ਇਹ ਕਦਮ ਚੁੱਕਣ ਦੀ ਮੰਗ ਕੀਤੀ ਗਈ। ਸ਼ਾਹਬਾਜ ਸ਼ਰੀਫ ਦੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ਤੋਂ ਇਕ ਦਿਨ ਬਾਅਦ ਦੋਵਾਂ ਦੇਸ਼ਾਂ ਦਾ ਇਹ ਸਾਂਝਾ ਬਿਆਨ ਆਇਆ।
ਇਹ ਵੀ ਪੜ੍ਹੋ: ਪਾਕਿ ਦੇ ਨਵੇਂ PM ਨੇ ਪ੍ਰਧਾਨ ਮੰਤਰੀ ਮੋਦੀ ਦੇ ਵਧਾਈ ਸੰਦੇਸ਼ ਦਾ ਦਿੱਤਾ ਜਵਾਬ
ਭਾਰਤ ਅਤੇ ਅਮਰੀਕਾ ਨੇ ਫੌਜੀ ਸਹਿਯੋਗ ਮਜ਼ਬੂਤ ਬਣਾਉਣ, ਇਸ ਦਾ ਘੇਰਾ ਵਧਾਉਣ, ਰੱਖਿਆ ਖੇਤਰ ’ਚ ਸਹਿ-ਉਤਪਾਦਨ ਕਰਨ, ਜ਼ਿਆਦਾ ਸਾਂਝੇ ਫੌਜੀ ਅਭਿਆਸਾਂ ’ਚ ਹਿੱਸਾ ਲੈਣ ਅਤੇ ਹਿੰਦ ਪ੍ਰਸ਼ਾਂਤ ਖੇਤਰ ਨੂੰ ਸੁਤੰਤਰ ਅਤੇ ਸਮਾਵੇਸ਼ੀ ਬਣਾਉਣ ’ਤੇ ਸਹਿਮਤੀ ਪ੍ਰਗਟਾਈ। ਦੋਵਾਂ ਦੇਸ਼ਾਂ ਵਿਚਾਲੇ ਫੌਜੀ ਸਾਜ਼ੋ-ਸਾਮਾਨ ਦੇ ਖੇਤਰ ’ਚ ਸਹਿਯੋਗ ਨੂੰ ਹੋਰ ਵਧਾਉਣ ਅਤੇ ਅਮਰੀਕੀ ਕੰਪਨੀਆਂ ਨੂੰ ਭਾਰਤ ’ਚ ਰੱਖਿਆ ਅਤੇ ਏਅਰੋਸਪੇਸ ਪ੍ਰੋਗਰਾਮਾਂ ’ਚ ‘ਮੇਕ ਇਨ ਇੰਡੀਆ’ ਯੋਜਨਾ ’ਚ ਹਿੱਸੇਦਾਰੀ ਲਈ ਵੀ ਸੱਦਾ ਦਿੱਤਾ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕਾ ਦੀਆਂ ਕੰਪਨੀਆਂ ਨੂੰ ਵਿਸ਼ੇਸ਼ ਤੌਰ ’ਤੇ ਉੱਤਰ ਪ੍ਰਦੇਸ਼ ਅਤੇ ਤਮਿਲਨਾਡੂ ਦੇ ਰੱਖਿਆ ਗਲਿਆਰਿਆਂ ’ਚ ਹਿੱਸੇਦਾਰੀ ਕਰਨ ਲਈ ਕਿਹਾ।
ਇਹ ਵੀ ਪੜ੍ਹੋ: ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਨੂੰ ਭਾਰਤ ਨੇ ਭੇਜੇ 11,000 ਟਨ ਚੌਲ
ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਗੱਲਬਾਤ ਆਯੋਜਿਤ ਕਰਨਗੇ ਭਾਰਤ ਅਤੇ ਅਮਰੀਕਾ
ਭਾਰਤ ਅਤੇ ਅਮਰੀਕਾ ਨਵੇਂ ਖੇਤਰਾਂ ’ਚ ਸੰਯੁਕਤ ਨਵੀਨਤਾ ਅਤੇ ਸਹਿਯੋਗ ਦੇ ਮੌਕਿਆਂ ਦੀ ਵਰਤੋਂ ਕਰਦੇ ਹੋਏ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ’ਤੇ ਗੱਲਬਾਤ ਕਰਨ ਲਈ ਸਹਿਮਤ ਹੋਏ। ਦੋਵਾਂ ਦੇਸ਼ਾਂ ਦੇ ਮੰਤਰੀਆਂ ਨੇ ਅਮਰੀਕਾ-ਭਾਰਤ ਸੰਯੁਕਤ ਤਕਨੀਕੀ ਸਮੂਹ (ਜੇ. ਟੀ. ਜੀ.) ’ਚ ਵਿਗਿਆਨ ਅਤੇ ਤਕਨੀਕੀ ’ਚ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਪੁਲਾੜ ਅਤੇ ਸਾਈਬਰ ਸਮੇਤ ਨਵੇਂ ਰੱਖਿਆ ਖੇਤਰ ਵਿਕਸਿਤ ਕਰਨ ਦੇ ਮਹੱਤਵ ਨੂੰ ਸਵੀਕਾਰ ਕੀਤਾ।
ਇਹ ਵੀ ਪੜ੍ਹੋ: ਨਾਈਜੀਰੀਆ 'ਚ ਬੰਦੂਕਧਾਰੀਆਂ ਦਾ ਆਤੰਕ, 70 ਤੋਂ ਜ਼ਿਆਦਾ ਪਿੰਡ ਵਾਸੀਆਂ ਦਾ ਕੀਤਾ ਕਤਲ
ਪੁਲਾੜ ਅਤੇ ਮਨੁੱਖ ਰਹਿਤ ਹਵਾਈ ਵਾਹਨ ਬਣਾਉਣ ਦਾ ਸਮਝੌਤਾ
ਭਾਰਤ ਅਤੇ ਅਮਰੀਕਾ ਨੇ ਪੁਲਾੜ ’ਚ ਸਥਿਤੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਕ ਦੋ-ਪੱਖੀ ਸਮਝੌਤੇ ’ਤੇ ਦਸਤਖਤ ਕੀਤੇ, ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਧ ਰਹੇ ਰੱਖਿਆ ਸਹਿਯੋਗ ਲਈ ਇਕ ਨਵਾਂ ਅਧਿਆਏ ਜੋੜਿਆ ਗਿਆ। ਇਸ ਨਾਲ ਪੁਲਾੜ ਦੇ ਖੇਤਰ ’ਚ ਸਹਿਯੋਗ ਵਧਾਉਣ ਅਤੇ ਸੂਚਨਾਵਾਂ ਦੇ ਅਦਾਨ-ਪ੍ਰਦਾਨ ’ਚ ਮਦਦ ਮਿਲੇਗੀ। ਹਾਲ ਹੀ ’ਚ, ਦੋਵਾਂ ਦੇਸ਼ਾਂ ਨੇ ਮਨੁੱਖ ਰਹਿਤ ਹਵਾਈ ਵਾਹਨਾਂ ਨੂੰ ਵਿਕਸਤ ਕਰਨ ਲਈ ਮਿਲ ਕੇ ਕੰਮ ਕਰਨ ਲਈ ਇਕ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਹੈ।
ਇਹ ਵੀ ਪੜ੍ਹੋ: ਫਿਲੀਪੀਨਜ਼ 'ਚ ਆਗਾਟੋਨ ਤੂਫ਼ਾਨ ਦਾ ਕਹਿਰ, 14 ਲੋਕਾਂ ਦੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।