ਸਰਹੱਦੀ ਲੋਕਾਂ ਲਈ 5 ਸਾਂਝੇ ਵਿਕਾਸ ਪ੍ਰਾਜੈਕਟ ਸ਼ੁਰੂ ਕਰਨਗੇ ਭਾਰਤ ਤੇ ਬੰਗਲਾਦੇਸ਼

Thursday, Jun 15, 2023 - 06:57 PM (IST)

ਨਵੀਂ ਦਿੱਲੀ, (ਭਾਸ਼ਾ)– ਭਾਰਤ ਅਤੇ ਬੰਗਲਾਦੇਸ਼ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ ਨੇ ਦੋਵਾਂ ਪਾਸਿਆਂ ਦੇ ਸਥਾਨਕ ਲੋਕਾਂ ਦੀ ਮਦਦ ਲਈ 4096 ਕਿਲੋਮੀਟਰ ਲੰਬੀ ਸਰਹੱਦ ’ਤੇ 5 ਵਿਕਾਸ ਪ੍ਰਾਜੈਕਟਾਂ ’ਤੇ ਇਕੱਠੇ ਮਿਲ ਕੇ ਨਿਰਮਾਣ ਕੰਮ ਸ਼ੁਰੂ ਕਰਨ ਦਾ ਮਹੱਤਵਪੂਰਨ ਫੈਸਲਾ ਲਿਆ ਹੈ।

ਇਥੇ 11 ਜੁਲਾਈ ਨੂੰ ਸ਼ੁਰੂ ਹੋਈ 4 ਦਿਨਾਂ ਸਰਹੱਦੀ ਗੱਲਬਾਤ ਦੀ ਸਮਾਪਤੀ ’ਤੇ ਬਾਰਡਰ ਸਕਿਓਰਿਟੀ ਫੋਰਸ (ਬੀ. ਐੱਸ. ਐੱਫ.) ਅਤੇ ਬਾਰਡਰ ਗਾਰਡ ਬੰਗਲਾਦੇਸ਼ (ਬੀ. ਜੀ. ਬੀ.) ਨੇ ਇਹ ਵੀ ਕਿਹਾ ਕਿ ਉਹ ਸਰਹੱਦੀ ਖੇਤਰ ਵਿਚ ਬੰਗਲਾਦੇਸ਼ੀ ਨਾਗਰਿਕਾਂ ਦੇ ਮਾਰੇ ਜਾਣ ਦੀਆਂ ਘਟਨਾਵਾਂ ਘੱਟ ਕਰਨ ’ਤੇ ਸੁਤੰਤਰ ਅਤੇ ਸਾਂਝੇ ਰੂਪ ਨਾਲ ਕੰਮ ਕਰ ਰਹੇ ਹਨ। ਸਾਲ ਵਿਚ 2 ਵਾਰ ਇਹ ਗੱਲਬਾਤ ਹੁੰਦੀ ਹੈ।

ਮੌਤਾਂ ਦਾ ਇਹ ਮੁੱਦਾ ਦੋਵੇਂ ਗੁਆਂਢੀ ਦੇਸ਼ਾਂ ਦਰਮਿਆਨ ਅਕਸਰ ਤਣਾਅ ਪੈਦਾ ਕਰਨ ਵਾਲਾ ਰਿਹਾ ਹੈ। ਇਸ ਸਿਲਸਿਲੇ ਵਿਚ ਬੀ. ਐੱਸ. ਐੱਫ. ਦਾ ਕਹਿਣਾ ਹੈ ਕਿ ਬਦਮਾਸ਼ ਜਾਂ ਸਮੱਗਲਰ ਸਰਹੱਦ ਪਾਰ ਅਪਰਾਧਾਂ ਵਿਚ ਲੱਗੇ ਰਹਿੰਦੇ ਹਨ ਅਤੇ ਉਸ ਦੇ ਕਰਮਚਾਰੀਆਂ ’ਤੇ ਹਮਲਾ ਕਰਦੇ ਹਨ। ਇਸ 53ਵੀਂ ਸਰਹੱਦੀ ਗੱਲਬਾਤ ਦੀ ਅਗਵਾਈ ਬੀ. ਐੱਸ. ਐੱਫ. ਅਤੇ ਬੀ. ਜੀ. ਬੀ. ਦੇ ਜਨਰਲ ਡਾਇਰੈਕਟਰਾਂ ਨੇ ਕੀਤੀ ਅਤੇ ਇਥੇ ਛਾਵਲਾ ਵਿਚ ਬੀ. ਐੱਸ. ਐੱਫ. ਕੈਂਪ ਵਿਚ ਗੱਲਬਾਤ ਦੇ ਸਾਂਝੇ ਰਿਕਾਰਡ ’ਤੇ ਦਸਤਖਤ ਦੇ ਨਾਲ ਇਸ ਦੀ ਸਮਾਪਤੀ ਹੋਈ।

ਇਨ੍ਹਾਂ 5 ਵਿਕਾਸ ਪ੍ਰਾਜੈਕਟਾਂ ਦਾ ਸੰਬੰਧ ਆਸਾਮ, ਪੱਛਮੀ ਬੰਗਾਲ, ਮਿਜੋਰਮ, ਮੇਘਾਲਿਆ ਅਤੇ ਤ੍ਰਿਪੁਰਾ ਵਿਚ ਬੇਲੀ ਪੁਲ ਦੇ ਨਿਰਮਾਣ, ਸੜਕ ਮੁਰੰਮਤ ਅਤੇ ਸਰਹੱਦ ’ਤੇ ਕੰਧ ਨੂੰ ਮਜ਼ਬੂਤ ਕਰਨ ਨਾਲ ਹੈ। ਦੋਵੇਂ ਸਰਹੱਦੀ ਸੁਰੱਖਿਆ ਫੋਰਸਾਂ ਦੇ ਮੁਖੀਆਂ ਨੇ ਸਾਂਝੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਦੋਵੇਂ ਫੋਰਸਾਂ ਇਹ ਯਕੀਨੀ ਬਣਾਉਣ ਲਈ ਕਈ ਕਦਮ ਉਠਾ ਰਹੀਆਂ ਹਨ ਕਿ ਸਰਹੱਦ ’ਤੇ ਸੁਰੱਖਿਆ ਫੋਰਸਾਂ ਦੇ ਹੱਥੋਂ ਮੌਤਾਂ ਘੱਟ ਤੋਂ ਘੱਟ ਹੋਣ।


Tarsem Singh

Content Editor

Related News