ਭਾਰਤ ਦਾ ਸਮੁੰਦਰੀ ਖੇਤਰ ਤੇਜ਼ ਰਫ਼ਤਾਰ ਤੇ ਊਰਜਾ ਨਾਲ ਕਰ ਰਿਹੈ ਤਰੱਕੀ : ਮੋਦੀ

Wednesday, Oct 29, 2025 - 09:39 PM (IST)

ਭਾਰਤ ਦਾ ਸਮੁੰਦਰੀ ਖੇਤਰ ਤੇਜ਼ ਰਫ਼ਤਾਰ ਤੇ ਊਰਜਾ ਨਾਲ ਕਰ ਰਿਹੈ ਤਰੱਕੀ : ਮੋਦੀ

ਮੁੰਬਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦਾ ਸਮੁੰਦਰੀ ਖੇਤਰ ਤੇਜ਼ ਰਫ਼ਤਾਰ ਤੇ ਊਰਜਾ ਨਾਲ ਤਰੱਕੀ ਕਰ ਰਿਹਾ ਹੈ। ਦੇਸ਼ ਦੀਆਂ ਬੰਦਰਗਾਹਾਂ ਹੁਣ ਸਭ ਵਿਕਾਸਸ਼ੀਲ ਦੇਸ਼ਾਂ ਨਾਲੋਂ ਵੀ ਵਧੀਆ ਗਿਣੀਆਂ ਜਾਂਦੀਆਂ ਹਨ।ਬੁੱਧਵਾਰ ਮੁੰਬਈ ’ਚ ਇੰਡੀਅਨ ਮੈਰੀਟਾਈਮ ਵੀਕ 2025 ਦੌਰਾਨ ‘ਮੈਰੀਟਾਈਮ ਲੀਡਰਜ਼' ਕਨਕਲੇਵ'’ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਅਸੀਂ ਇਕ ਸਦੀ ਤੋਂ ਵੱਧ ਪੁਰਾਣੇ ਬਸਤੀਵਾਦੀ ਸ਼ਿਪਿੰਗ ਕਾਨੂੰਨਾਂ ਨੂੰ 21ਵੀਂ ਸਦੀ ਲਈ ਢੁਕਵੇਂ ਆਧੁਨਿਕ ਤੇ ਅਗਾਂਹਵਧੂ ਕਾਨੂੰਨਾਂ ਨਾਲ ਬਦਲ ਦਿੱਤਾ ਹੈ।ਉਨ੍ਹਾਂ ਕਿਹਾ ਕਿ ਅੱਜ ਭਾਰਤ ਦੀਆਂ ਬੰਦਰਗਾਹਾਂ ਵਿਕਾਸਸ਼ੀਲ ਦੇਸ਼ਾਂ ’ਚ ਸਭ ਤੋਂ ਵੱਧੀਆ ਹਨ। ਕਈ ਪੱਖੋਂ ਤਾਂ ਉਹ ਵਿਕਸਤ ਦੇਸ਼ਾਂ ਦੀਆਂ ਬੰਦਰਹਾਹਾਂ ਨੂੰ ਵੀ ਪਛਾੜ ਰਹੀਆਂ ਹਨ। ਨਵੇਂ ਸ਼ਿਪਿੰਗ ਕਾਨੂੰਨ ਰਾਜ ਸਮੁੰਦਰੀ ਬੋਰਡਾਂ ਦੀ ਭੂਮਿਕਾ ਨੂੰ ਮਜ਼ਬੂਤ ​​ਕਰਦੇ ਹਨ । ਨਾਲ ਹੀ ਬੰਦਰਗਾਹ ਪ੍ਰਬੰਧਨ ’ਚ ਡਿਜੀਟਲ ਤਕਨਾਲੋਜੀਆਂ ਦੇ ਏਕੀਕਰਨ ਨੂੰ ਉਤਸ਼ਾਹਿਤ ਵੀ ਕਰਦੇ ਹਨ।

ਮੋਦੀ ਨੇ ਕਿਹਾ ਕਿ ‘ਭਾਰਤ ਦੇ ਸਮੁੰਦਰੀ ਦ੍ਰਿਸ਼ਟੀਕੋਣ’ ਅਧੀਨ 150 ਤੋਂ ਵੱਧ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਦੇ ਨਤੀਜੇ ਵਜੋਂ ਸਮੁੰਦਰੀ ਖੇਤਰ ’ਚ ਅਹਿਮ ਸੁਧਾਰ ਹੋਏ ਹਨ। ਭਾਰਤ ਦੀਆਂ ਪ੍ਰਮੁੱਖ ਬੰਦਰਗਾਹਾਂ ਦੀ ਸਮਰੱਥਾ ਦੁੱਗਣੀ ਹੋ ਗਈ ਹੈ। ਟਰਨਅਰਾਊਂਡ ਸਮਾਂ ਕਾਫ਼ੀ ਘੱਟ ਗਿਆ ਹੈ ਟਰਨਅਰਾਊਂਡ ਸਮਾਂ ਕਿਸੇ ਪ੍ਰਾਜੈਕਟ ਦੀ ਸ਼ੁਰੂਆਤ ਤੋਂ ਲੈ ਕੇ ਉਸ ਦੇ ਪੂਰਾ ਹੋਣ ਤੱਕ ਲੱਗਣ ਵਾਲੇ ਸਮੇਂ ਨੂੰ ਦਰਸਾਉਂਦਾ ਹੈ।ਉਨ੍ਹਾਂ ਕਿਹਾ ਕਿ ਕਰੂਜ਼ ਸੈਰ-ਸਪਾਟਾ ਕਾਫ਼ੀ ਵਧਿਆ ਹੈ। ਅੰਦਰੂਨੀ ਜਲ ਮਾਰਗਾਂ ’ਚ ਵੀ ਕਾਫ਼ੀ ਵਾਧਾ ਹੋਇਆ ਹੈ ਤੇ ਕਾਰਗੋ ਆਵਾਜਾਈ 700 ਫੀਸਦੀ ਤੋਂ ਵੱਧ ਵਧੀ ਹੈ।ਉਨ੍ਹਾਂ ਕਿਹਾ ਕਿ ਸੰਚਾਲਨ ਜਲ ਮਾਰਗਾਂ ਦੀ ਗਿਣਤੀ ਜੋੇ ਪਹਿਲਾਂ ਸਿਰਫ਼ ਤਿੰਨ ਸੀ, ਹੁਣ ਵਧ ਕੇ 32 ਹੋ ਗਈ ਹੈ। ਇਹ ਇਕ ਪ੍ਰਭਾਵਸ਼ਾਲੀ ਪ੍ਰਾਪਤੀ ਹੈ। ਇਸ ਤੋਂ ਇਲਾਵਾ ਪਿਛਲੇ ਦਹਾਕੇ ’ਚ ਸਾਡੀਆਂ ਬੰਦਰਗਾਹਾਂ ਦਾ ਸ਼ੁੱਧ ਸਾਲਾਨਾ ਵਾਧਾ 9 ਗੁਣਾ ਹੋਇਆ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੁੰਦਰੀ ਖੇਤਰ ਭਾਰਤ ਦੇ ਵਿਕਾਸ ਨੂੰ ਅੱਗੇ ਵਧਾ ਰਿਹਾ ਹੈ। ਪਿਛਲੇ ਦਹਾਕੇ ’ਚ ਇਸ ’ਚ ਸ਼ਾਨਦਾਰ ਤਬਦੀਲੀ ਆਈ ਹੈ, ਜਿਸ ਨਾਲ ਵਪਾਰ ਤੇ ਬੰਦਰਗਾਹਾਂ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਮਿਲਿਆ ਹੈ।


author

Hardeep Kumar

Content Editor

Related News