ਆਰਥਿਕ ਸਮੀਖਿਆ : ਭਾਰਤ ਦੀ ਅਰਥਵਿਵਸਥਾ 2024-25 ’ਚ 6.5 ਤੋਂ 7 ਫੀਸਦੀ ਦੀ ਦਰ ਨਾਲ ਵਧੇਗੀ

Monday, Jul 22, 2024 - 06:09 PM (IST)

ਆਰਥਿਕ ਸਮੀਖਿਆ : ਭਾਰਤ ਦੀ ਅਰਥਵਿਵਸਥਾ 2024-25 ’ਚ 6.5 ਤੋਂ 7 ਫੀਸਦੀ ਦੀ ਦਰ ਨਾਲ ਵਧੇਗੀ

ਨਵੀਂ ਦਿੱਲੀ (ਭਾਸ਼ਾ) – ਗਲੋਬਲ ਚੁਣੌਤੀਆਂ ਵਿਚਾਲੇ ਭਾਰਤ ਦੀ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਵਾਧਾ ਦਰ ਚਾਲੂ ਮਾਲੀ ਸਾਲ 2024-25 ’ਚ 6.5 ਤੋਂ 7 ਫੀਸਦੀ ਦੇ ਵਿਚਾਲੇ ਰਹਿਣ ਦੀ ਉਮੀਦ ਹੈ। ਸੰਸਦ ’ਚ ਸੋਮਵਾਰ ਨੂੰ ਪੇਸ਼ ਆਰਥਿਕ ਸਮੀਖਿਆ 2023-24 ’ਚ ਇਹ ਅਨੁਮਾਨ ਲਗਾਇਆ ਗਿਆ ਹੈ। ਮਾਲੀ ਸਾਲ 2024-25 ਲਈ ਅਨੁਮਾਨਿਤ ਵਾਧਾ ਦਰ ਪਿਛਲੇ ਮਾਲੀ ਸਾਲ 2023-24 ਲਈ ਅਨੁਮਾਨਿਤ 8.2 ਫੀਸਦੀ ਦੀ ਆਰਥਿਕ ਵਾਧਾ ਦਰ ਤੋਂ ਘੱਟ ਹੈ।

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ 31 ਮਾਰਚ 2025 ਨੂੰ ਖਤਮ ਹੋਣ ਵਾਲੇ ਮਾਲੀ ਸਾਲ ਲਈ ਜੀ. ਡੀ. ਪੀ. ਵਾਧਾ ਦਰ 7.2 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਅਤੇ ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਵਰਗੀਆਂ ਗਲੋਬਲ ਏਜੰਸੀਆਂ ਦਾ ਮੰਣਨਾ ਹੈ ਕਿ ਚਾਲੂ ਮਾਲੀ ਸਾਲ ’ਚ ਭਾਰਤ ਦੀ ਅਰਥਵਿਵਸਥਾ 7 ਫੀਸਦੀ ਦੀ ਦਰ ਨਾਲ ਵਧੇਗੀ।

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਸੰਸਦ ’ਚ ਪੇਸ਼ ਕੀਤੇ ਗਏ ਦਸਤਾਵੇਜ਼ ’ਚ ਕਿਹਾ ਗਿਆ ਹੈ,“...ਸਮੀਖਿਆ ’ਚ ਅਸਲ ਜੀ. ਡੀ. ਪੀ. ਵਿਕਾਸ ਦਰ 6.5 ਤੋਂ 7 ਪ੍ਰਤੀਸ਼ਤ (ਦੋਵਾਂ ਤਰੀਕਿਆਂ ਨਾਲ ਘੱਟ-ਵੱਧ ਨਾਲ) ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਤੱਥ ਨੂੰ ਧਿਆਨ ਵਿਚ ਰੱਖਦੇ ਹੋਏ ਕਿ ਮਾਰਕੀਟ ਦੀਆਂ ਉਮੀਦਾਂ ਉੱਚ ਪੱਧਰ ’ਤੇ ਹਨ।

ਇਸ ’ਚ ਕਿਹਾ ਗਿਆ ਹੈ ਕਿ ਅਨਿਸ਼ਚਿਤ ਵਿਸ਼ਵ ਆਰਥਿਕ ਪ੍ਰਦਰਸ਼ਨ ਦੇ ਬਾਵਜੂਦ ਘਰੇਲੂ ਮੋਰਚੇ ’ਤੇ ਮੁੱਖ ਵਿਕਾਸ ਤੱਤਾਂ ਨੇ 2023-24 ’ਚ ਆਰਥਿਕ ਵਾਧੇ ਦਾ ਸਮਰਥਨ ਕੀਤਾ ਹੈ। ਬਿਹਤਰ ਬਹੀ-ਖਾਤੇ ਨਾਲ ਪ੍ਰਾਈਵੇਟ ਸੈਕਟਰ ਨੂੰ ਮਜ਼ਬੂਤ ​​ਨਿਵੇਸ਼ ਮੰਗ ਨੂੰ ਪੂਰਾ ਕਰਨ ’ਚ ਮਦਦ ਮਿਲੇਗੀ।

ਸਮੀਖਿਆ ’ਚ ਕਿਹਾ ਗਿਆ ਹੈ,‘ਪਿਛਲੇ 3 ਸਾਲਾਂ ’ਚ ਚੰਗੇ ਵਾਧੇ ਤੋਂ ਬਾਅਦ ਨਿੱਜੀ ਪੂੰਜੀ ਨਿਰਮਾਣ ਥੋੜਾ ਹੋਰ ਸਾਵਧਾਨ ਹੋ ਸਕਦਾ ਹੈ ਕਿਉਂਕਿ ਵਧੇਰੇ ਸਮਰੱਥਾ ਵਾਲੇ ਦੇਸ਼ਾਂ ਤੋਂ ਸਸਤੇ ਦਰਾਮਦ ਦੀ ਸੰਭਾਵਨਾ ਦਾ ਖਦਸ਼ਾ ਹੈ।’

ਉੱਧਰ ਆਧੁਨਿਕ ਅਰਥਚਾਰਿਆਂ ’ਚ ਵਿਕਾਸ ਦੀਆਂ ਸੰਭਾਵਨਾਵਾਂ ’ਚ ਸੁਧਾਰ ਦੇ ਨਾਲ ਵਸਤੂਆਂ ਅਤੇ ਸੇਵਾਵਾਂ ਦੇ ਨਿਰਯਾਤ ’ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਸਮੀਖਿਆ ’ਚ ਕਿਹਾ ਗਿਆ ਹੈ ਕਿ ਭਾਰਤੀ ਮੌਸਮ ਵਿਭਾਗ ਵੱਲੋਂ ਆਮ ਮੀਂਹ ਦੀ ਭਵਿੱਖਬਾਣੀ ਅਤੇ ਦੱਖਣ-ਪੱਛਮੀ ਮਾਨਸੂਨ ਦੇ ਹੁਣ ਤੱਕ ਦੇ ਤਸੱਲੀਬਖਸ਼ ਪ੍ਰਸਾਰ ਨਾਲ ਖੇਤੀਬਾੜੀ ਖੇਤਰ ਦੀ ਕਾਰਗੁਜ਼ਾਰੀ ’ਚ ਸੁਧਾਰ ਹੋਵੇਗਾ ਅਤੇ ਪੇਂਡੂ ਮੰਗ ’ਚ ਰਿਕਵਰੀ ਨੂੰ ਸਮਰਥਨ ਮਿਲੇਗਾ।


author

Harinder Kaur

Content Editor

Related News