ਭਾਰਤ ''ਚ ਨਹੀਂ ਰੁਕ ਰਿਹੈ ''ਕੋਰੋਨਾ'', ਮਰੀਜ਼ਾਂ ਦਾ ਅੰਕੜਾ 7 ਲੱਖ ਤੋਂ ਪਾਰ
Tuesday, Jul 07, 2020 - 10:29 AM (IST)

ਨਵੀਂ ਦਿੱਲੀ— ਭਾਰਤ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਮਾਮਲੇ ਭਾਰਤ 'ਚ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ 22,252 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਵੱਡੀ ਗਿਣਤੀ 'ਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮਰੀਜ਼ਾਂ ਦਾ ਅੰਕੜਾ 7 ਲੱਖ ਦੇ ਪਾਰ ਹੋ ਗਿਆ ਹੈ।
ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 7,19,665 ਹੋ ਗਏ ਹਨ ਅਤੇ ਭਾਰਤ ਦੁਨੀਆ ਭਰ ਵਿਚ ਤੀਜੇ ਨੰਬਰ 'ਤੇ ਪਹੁੰਚ ਚੁੱਕਾ ਹੈ। ਪਿਛਲੇ 24 ਘੰਟਿਆਂ ਵਿਚ 467 ਮਰੀਜ਼ਾਂ ਨੇ ਜਾਨ ਗਵਾਈ ਹੈ, ਜਿਸ ਨਾਲ ਮਰਨ ਵਾਲਿਆਂ ਦਾ ਕੁੱਲ ਅੰਕੜਾ 20,160 ਹੋ ਗਈ ਹੈ। ਦੇਸ਼ ਭਰ ਵਿਚ ਕੁੱਲ 7,19,665 ਪਾਜ਼ੇਟਿਵ ਮਾਮਲਿਆਂ ਵਿਚੋਂ 2,59,557 ਸਰਗਰਮ ਮਾਮਲੇ ਹਨ। ਇਸ ਸਭ ਦੇ ਦਰਮਿਆਨ ਰਾਹਤ ਦੀ ਖ਼ਬਰ ਇਹ ਵੀ ਹੈ ਕਿ 4,39,948 ਮਰੀਜ਼ ਕੋਰੋਨਾ ਤੋਂ ਠੀਕ ਹੋਏ ਹਨ।
ਜੇਕਰ ਗੱਲ ਟੈਸਟਿੰਗ ਦੀ ਕੀਤੀ ਜਾਵੇ ਤਾਂ ਦੇਸ਼ 'ਚ ਹੁਣ ਤੱਕ 1,02,11,092 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਜਿਸ 'ਚੋਂ 6 ਜੁਲਾਈ ਨੂੰ ਕੁੱਲ 2,41,430 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਇਹ ਜਾਣਕਾਰੀ ਭਾਰਤੀ ਮੈਡੀਕਲ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਨੇ ਦਿੱਤੀ ਹੈ। ਦੇਸ਼ ਵਿਚ ਲਗਾਤਾਰ 5ਵੇਂ ਦਿਨ ਵਾਇਰਸ ਦੇ 20,000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਲੈ ਕੇ ਅਮਰੀਕਾ ਪਹਿਲੇ ਨੰਬਰ 'ਤੇ ਜਦਕਿ ਬ੍ਰਾਜ਼ੀਲ ਦੂਜੇ ਨੰਬਰ 'ਤੇ ਬਣਿਆ ਹੋਇਆ ਹੈ। ਇਸ ਤੋਂ ਬਾਅਦ ਭਾਰਤ ਦਾ ਨੰਬਰ ਤੀਜਾ ਹੈ, ਜਿੱਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਇਜਾਫਾ ਹੋ ਰਿਹਾ ਹੈ।