ਭਾਰਤ ਨਾਲ ਚਾਹੁੰਦੇ ਹਾਂ ਸ਼ਾਂਤੀਪੂਰਨ ਸਬੰਧ: ਪਾਕਿ

Saturday, Mar 24, 2018 - 10:34 AM (IST)

ਇਸਲਾਮਾਬਾਦ/ਨਵੀਂ ਦਿੱਲੀ(ਬਿਊਰੋ)—ਭਾਰਤ 'ਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਮਹਿਮੂਦ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਡਿਪਲੋਮੈਟਾ 'ਤੇ ਹੋਏ ਕਥਿਤ ਅੱਤਿਆਚਾਰ ਦਾ ਮੁੱਦਾ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਨਾਲ ਸ਼ਾਂਤੀਪੂਰਨ ਅਤੇ ਚੰਗੇ ਗੁਆਂਢੀ ਵਾਂਗ ਸਬੰਧ ਚਾਹੁੰਦਾ ਹੈ। ਤੁਹਾਨੂੰ ਦੱਸ ਦਈਏ ਕਿ ਮਹਿਮੂਦ ਦੇਰ ਰਾਤ ਭਾਰਤ ਪਰਤੇ ਹਨ। ਇਕ ਹਫਤੇ ਪਹਿਲਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਡਿਪਲੋਮੈਟਾ 'ਤੇ ਕਥਿਤ ਅੱਤਿਆਚਾਰ ਨੂੰ ਲੈ ਕੇ ਵਧਦੇ ਵਿਵਾਦ ਦੌਰਾਨ ਸਲਾਹ-ਮਸ਼ਵਰੇ ਲਈ ਉਨ੍ਹਾਂ ਨੂੰ ਇਸਲਾਮਾਬਾਦ ਸੱਦਿਆ ਗਿਆ ਸੀ। ਉਨ੍ਹਾਂ ਕਿਹਾ ਕਿ ਅਜਿਹੇ ਮੁੱਦੇ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਨੂੰ ਪ੍ਰਭਾਵਿਤ ਕਰਦੇ ਹਨ। ਦੱਸਣਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਨੇ ਇਕ-ਦੂਜੇ 'ਤੇ ਇਸਲਾਮਾਬਾਦ ਅਤੇ ਨਵੀਂ ਦਿੱਲੀ ਵਿਚ ਡਿਪਲੋਮੈਟਾ 'ਤੇ ਕਥਿਤ ਅੱਤਿਆਚਾਰ ਕਰਨ ਦਾ ਦੋਸ਼ ਲਗਾਇਆ ਹੈ।
ਪਾਕਿਸਤਾਨ ਦੇ ਰਾਸ਼ਟਰੀ ਦਿਵਸ ਮੌਕੇ 'ਤੇ ਆਯੋਜਿਤ ਇਕ ਪ੍ਰੋਗਰਾਮ ਤੋਂ ਵੱਖਰੇ ਤੌਰ 'ਤੇ ਪਾਕਿਸਤਾਨੀ ਹਾਈ ਕਮਿਸ਼ਨਰ ਨੇ ਕਿਹਾ, 'ਮੈਂ ਇਸ ਮੁੱਦੇ (ਭਾਰਤ ਵਿਚ ਪਾਕਿਸਤਾਨ ਡਿਪਲੋਮੈਟਾ 'ਤੇ ਕਥਿਤ ਅੱਤਿਆਚਾਰ) 'ਤੇ ਸਾਡੀ ਸਰਕਾਰ ਨਾਲ ਚਰਚਾ ਕੀਤੀ। ਅਸੀਂ ਇਸ ਮੁੱਦੇ ਨੂੰ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੁੰਦੇ ਹਾਂ। ਕਿਉਂਕਿ ਇਹ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਨੂੰ ਪ੍ਰਭਾਵਿਤ ਕਰਦਾ ਹੈ।' ਉਨ੍ਹਾਂ ਨੇ ਸ਼ਾਮ ਨੂੰ ਦੂਤਘਰ ਵਿਚ ਇਕ ਡਿਨਰ ਦੀ ਮੇਜ਼ਬਾਨੀ ਕੀਤੀ, ਜਿਸ ਵਿਚ ਕੇਂਦਰੀ ਖੇਤੀਬਾੜੀ ਅਤੇ ਪਰਿਵਾਰ ਕਲਿਆਣ ਰਾਜ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਮੌਜੂਦ ਸਨ। ਡਿਨਰ ਵਿਚ ਕਈ ਡਿਪਲੋਮੈਟ ਅਤੇ ਵੱਖ-ਵੱਖ ਖੇਤਰਾਂ ਦੀਆਂ ਹਸਤੀਆਂ ਸ਼ਾਮਲ ਹੋਈਆਂ। ਕਸ਼ਮੀਰ ਦੇ ਕਈ ਵੱਖਵਾਦੀ ਸੰਗਠਨਾਂ ਦੇ ਹੇਠਲੇ ਪੱਧਰ ਦੇ ਕੁੱਝ ਨੇਤਾਵਾਂ ਨੇ ਵੀ ਸ਼ਿਰਕਤ ਕੀਤੀ।
ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਮਹਿਮੂਦ ਨੇ ਕਿਹਾ, 'ਪਾਕਿਸਤਾਨ ਸਰਬਉਚ ਸਮਾਨਤਾ ਅਤੇ ਆਪਸੀ ਸਨਮਾਨ ਦੇ ਆਧਾਰ 'ਤੇ ਭਾਰਤ ਨਾਲ ਸ਼ਾਂਤੀਪੂਰਨ ਅਤੇ ਚੰਗੇ ਗੁਆਂਢੀ ਵਾਂਗ ਸਬੰਧ ਚਾਹੁੰਦਾ ਹੈ ਅਤੇ ਜੰਮੂ-ਕਸ਼ਮੀਰ ਮੁੱਦੇ ਸਮੇਤ ਸਾਰੇ ਲੰਬਿਤ ਮੁੱਦਿਆਂ ਨੂੰ ਗੱਲਬਾਤ ਜ਼ਰੀਏ ਹੀ ਸ਼ਾਂਤੀਪੂਰਨ ਤਰੀਕੇ ਨਾਲ ਹੱਲ ਕਰਨਾ ਮਹੱਤਵਪੂਰਨ ਹੈ।' ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ਾਂਤੀ ਦੋਵਾਂ ਦੇਸ਼ਾਂ ਦੇ ਆਪਸੀ ਹਿੱਤ ਵਿਚ ਹੈ ਅਤੇ ਇਸ ਨੂੰ ਕੁਟਨੀਤੀ ਅਤੇ ਗੱਲਬਾਤ ਜ਼ਰੀਏ ਹੀ ਹਾਸਲ ਕੀਤਾ ਜਾ ਸਕਦਾ ਹੈ।


Related News