Labour Code Rules: ਹੁਣ ਹਫ਼ਤੇ 'ਚ 4 ਦਿਨ ਕੰਮ ਅਤੇ 3 ਦਿਨ ਹੋਵੇਗੀ ਛੁੱਟੀ; ਜਾਣੋ ਕੀ ਹਨ ਸ਼ਰਤਾਂ
Wednesday, May 20, 2026 - 10:50 AM (IST)
ਨੈਸ਼ਨਲ ਡੈਸਕ- ਭਾਰਤ 'ਚ ਨਵੇਂ ਲੇਬਰ ਕਾਨੂੰਨਾਂ ਦੇ ਤਹਿਤ ਮੁਲਾਜ਼ਮਾਂ ਲਈ ਇਕ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਸਰਕਾਰ ਵੱਲੋਂ ਨੋਟੀਫਾਈ ਕੀਤੇ ਗਏ 'ਕੋਡ ਆਨ ਵੇਜਜ਼ (ਸੈਂਟਰਲ) ਰੂਲਜ਼' ਦੇ ਅਨੁਸਾਰ, ਹੁਣ ਕੰਪਨੀਆਂ ਆਪਣੇ ਕਰਮਚਾਰੀਆਂ ਨਾਲ ਆਪਸੀ ਸਹਿਮਤੀ ਨਾਲ ਹਫ਼ਤੇ 'ਚ ਸਿਰਫ਼ 4 ਦਿਨ ਕੰਮ (4-day work week) ਕਰਨ ਦਾ ਵਿਕਲਪ ਲਾਗੂ ਕਰ ਸਕਦੀਆਂ ਹਨ।
ਕਿਵੇਂ ਮਿਲੇਗੀ 3 ਦਿਨਾਂ ਦੀ ਛੁੱਟੀ?
ਨਵੇਂ ਨਿਯਮਾਂ ਮੁਤਾਬਕ, ਜੇਕਰ ਕੋਈ ਕੰਪਨੀ 4 ਦਿਨਾਂ ਦਾ ਵਰਕ ਮਾਡਲ ਅਪਣਾਉਂਦੀ ਹੈ, ਤਾਂ ਮੁਲਾਜ਼ਮਾਂ ਨੂੰ ਹਫ਼ਤੇ 'ਚ 3 ਦਿਨਾਂ ਦੀ ਛੁੱਟੀ ਮਿਲੇਗੀ। ਹਾਲਾਂਕਿ, ਇਸ ਦੇ ਬਦਲੇ ਰੋਜ਼ਾਨਾ ਕੰਮ ਦੇ ਘੰਟੇ ਵਧ ਸਕਦੇ ਹਨ। ਕਰਮਚਾਰੀਆਂ ਨੂੰ ਦਿਨ 'ਚ ਲਗਭਗ 12 ਘੰਟੇ ਦੀ ਸ਼ਿਫਟ ਕਰਨੀ ਪੈ ਸਕਦੀ ਹੈ, ਜਿਸ 'ਚ ਆਰਾਮ ਅਤੇ ਬ੍ਰੇਕ ਦਾ ਸਮਾਂ ਵੀ ਸ਼ਾਮਲ ਹੋਵੇਗਾ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਕ ਹਫ਼ਤੇ 'ਚ ਕੁੱਲ ਕੰਮ ਦੇ ਘੰਟੇ 48 ਘੰਟਿਆਂ ਤੋਂ ਵੱਧ ਨਹੀਂ ਹੋਣਗੇ।
ਕੀ ਇਹ ਸਾਰੀਆਂ ਕੰਪਨੀਆਂ ਲਈ ਲਾਜ਼ਮੀ ਹੈ?
ਨਹੀਂ, ਇਹ ਨਿਯਮ ਪੂਰੀ ਤਰ੍ਹਾਂ ਸਵੈ-ਇੱਛਤ (Optional) ਹੈ। ਕੋਈ ਵੀ ਕੰਪਨੀ ਜ਼ਬਰਦਸਤੀ ਇਹ ਮਾਡਲ ਲਾਗੂ ਨਹੀਂ ਕਰ ਸਕਦੀ। ਲੇਬਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਹੂਲਤ ਸਿਰਫ਼ ਲਚਕਤਾ (flexibility) ਦੇਣ ਲਈ ਲਿਆਂਦੀ ਗਈ ਹੈ ਅਤੇ ਇਹ ਕੰਪਨੀ ਤੇ ਕਰਮਚਾਰੀ ਦੋਵਾਂ ਦੀ ਆਪਸੀ ਸਹਿਮਤੀ ਨਾਲ ਹੀ ਲਾਗੂ ਹੋਵੇਗੀ।
ਓਵਰਟਾਈਮ ਦੇ ਨਿਯਮਾਂ 'ਚ ਬਦਲਾਅ
ਨਵੇਂ ਨਿਯਮਾਂ ਤਹਿਤ ਜੇਕਰ ਕੋਈ ਮੁਲਾਜ਼ਮ ਤੈਅ ਸਮੇਂ ਤੋਂ ਵੱਧ ਕੰਮ ਕਰਦਾ ਹੈ, ਤਾਂ ਕੰਪਨੀ ਨੂੰ ਉਸ ਨੂੰ ਦੁੱਗਣਾ ਓਵਰਟਾਈਮ ਦੇਣਾ ਪਵੇਗਾ। ਨਵੇਂ ਓਕੂਪੇਸ਼ਨਲ ਸੇਫਟੀ ਅਤੇ ਹੈਲਥ ਨਿਯਮਾਂ 'ਚ ਰੋਜ਼ਾਨਾ ਓਵਰਟਾਈਮ ਦੀ ਸੀਮਾ ਦੀ ਬਜਾਏ ਹਫ਼ਤਾਵਾਰੀ ਕੰਮ ਦੇ ਘੰਟਿਆਂ 'ਤੇ ਜ਼ਿਆਦਾ ਧਿਆਨ ਦਿੱਤਾ ਗਿਆ ਹੈ।
ਕਿਹੜੇ ਸੈਕਟਰਾਂ 'ਚ ਆਸਾਨੀ ਨਾਲ ਲਾਗੂ ਹੋ ਸਕਦਾ ਹੈ 4-Day Work Week?
ਇਹ ਮਾਡਲ ਖ਼ਾਸ ਕਰਕੇ ਉਨ੍ਹਾਂ ਖੇਤਰਾਂ 'ਚ ਸਫ਼ਲ ਹੋ ਸਕਦਾ ਹੈ ਜਿੱਥੇ ਕੰਮ ਡਿਜੀਟਲ ਹੈ, ਜਿਵੇਂ ਕਿ:
- ਆਈ.ਟੀ. (IT) ਸੈਕਟਰ
- ਮਾਰਕੀਟਿੰਗ ਅਤੇ ਡਿਜ਼ਾਈਨਿੰਗ
- ਗਿਆਨ-ਅਧਾਰਿਤ ਕੰਪਨੀਆਂ (Knowledge-based companies)
ਇਨ੍ਹਾਂ ਖੇਤਰਾਂ ਲਈ ਹੋਵੇਗੀ ਚੁਣੌਤੀ
ਕੁਝ ਅਜਿਹੇ ਖੇਤਰ ਹਨ ਜਿੱਥੇ 4 ਦਿਨਾਂ ਦਾ ਕੰਮ ਲਾਗੂ ਕਰਨਾ ਮੁਸ਼ਕਲ ਹੋਵੇਗਾ ਕਿਉਂਕਿ ਉੱਥੇ ਲਗਾਤਾਰ ਮੈਨਪਾਵਰ ਦੀ ਲੋੜ ਹੁੰਦੀ ਹੈ, ਜਿਵੇਂ ਕਿ:
- ਹਸਪਤਾਲ ਅਤੇ ਸਿਹਤ ਸੇਵਾਵਾਂ
- ਰਿਟੇਲ ਅਤੇ ਟ੍ਰਾਂਸਪੋਰਟ
- ਮੈਨੂਫੈਕਚਰਿੰਗ ਯੂਨਿਟ ਅਤੇ ਲੋਜਿਸਟਿਕਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
