ਕੈਬਨਿਟ ਮੰਤਰੀ ਸੁਧਾਕਰ ਦਾ ਦਿਹਾਂਤ, ਅੱਜ ਦੀ ਸਰਕਾਰੀ ਛੁੱਟੀ ਅਤੇ 3 ਦਿਨ ਰਾਜਸੀ ਸੋਗ ਦਾ ਐਲਾਨ
Monday, May 11, 2026 - 12:38 PM (IST)
ਬੰਗਲੌਰ : ਕਰਨਾਟਕ ਦੇ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਡੀ. ਸੁਧਾਕਰ ਦਾ ਲੰਬੀ ਬਿਮਾਰੀ ਤੋਂ ਬਾਅਦ ਐਤਵਾਰ ਨੂੰ ਦਿਹਾਂਤ ਹੋ ਗਿਆ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸਨ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਸੂਬੇ ਦੀ ਸਿਆਸਤ ਵਿੱਚ ਇੱਕ ਵੱਡਾ ਖਲਾਅ ਪੈਦਾ ਹੋ ਗਿਆ ਹੈ।
ਮੰਤਰੀ ਦੇ ਅਚਾਨਕ ਦਿਹਾਂਤ ਪਿੱਛੋਂ ਚਿਤਰਦੁਰਗਾ ਜ਼ਿਲੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਪੂਰੇ ਸੂਬੇ ਅੰਦਰ 3 ਦਿਨਾਂ ਰਾਜਸੀ ਸੋਗ ਵੀ ਐਲਾਨ ਦਿੱਤਾ ਗਿਆ।
ਡੀ. ਸੁਧਾਕਰ ਚਿੱਤਰਦੁਰਗਾ ਜ਼ਿਲ੍ਹੇ ਦੀ ਹਿਰੀਯੂਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਸਨ ਅਤੇ ਮੌਜੂਦਾ ਸਮੇਂ ਵਿੱਚ ਰਾਜ ਦੇ ਯੋਜਨਾਬੰਦੀ ਅਤੇ ਅੰਕੜਾ ਮੰਤਰੀ (Planning and Statistics Minister) ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ 2004 ਵਿੱਚ ਚੱਲਾਕੇਰੇ ਵਿਧਾਨ ਸਭਾ ਸੀਟ ਤੋਂ ਕੀਤੀ ਸੀ। ਸਾਲ 2008 ਵਿੱਚ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਅਤੇ ਬੀ.ਐੱਸ. ਯੇਦੀਯੁਰੱਪਾ ਦੀ ਸਰਕਾਰ ਵਿੱਚ ਸਮਾਜ ਭਲਾਈ ਮੰਤਰੀ ਦਾ ਅਹੁਦਾ ਵੀ ਸੰਭਾਲਿਆ ਸੀ।
ਸੂਬੇ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਉਨ੍ਹਾਂ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ ਕਿ ਡੀ. ਸੁਧਾਕਰ ਉਨ੍ਹਾਂ ਦੇ ਬਹੁਤ ਕਰੀਬੀ ਸਾਥੀ ਸਨ ਅਤੇ ਉਨ੍ਹਾਂ ਦਾ ਜਨਤਕ ਸੇਵਾ ਵਿੱਚ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸ਼ਿਵਕੁਮਾਰ ਨੇ ਕਿਹਾ ਕਿ ਸੁਧਾਕਰ ਦੀ ਸਾਦਗੀ ਅਤੇ ਕਾਰਜਸ਼ੈਲੀ ਕਾਰਨ ਉਹ ਲੋਕਾਂ ਵਿੱਚ ਬਹੁਤ ਹਰਮਨ ਪਿਆਰੇ ਸਨ ਅਤੇ ਉਨ੍ਹਾਂ ਦਾ ਜਾਣਾ ਪਾਰਟੀ ਲਈ ਇੱਕ ਨਾ ਪੂਰਿਆ ਜਾਣ ਵਾਲਾ ਘਾਟਾ ਹੈ।
ਸੁਧਾਕਰ ਨੂੰ ਕਰਨਾਟਕ ਦੀ ਸਿਆਸਤ ਦਾ ਇੱਕ ਅਹਿਮ ਚਿਹਰਾ ਮੰਨਿਆ ਜਾਂਦਾ ਸੀ, ਜਿਨ੍ਹਾਂ ਨੇ ਕਈ ਮਹੱਤਵਪੂਰਨ ਅਹੁਦਿਆਂ 'ਤੇ ਰਹਿ ਕੇ ਜਨਤਾ ਦੀ ਸੇਵਾ ਕੀਤੀ। ਉਨ੍ਹਾਂ ਦੇ ਦਿਹਾਂਤ ਦੀ ਖਬਰ ਮਿਲਦੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ ਹੈ।
