2027 ਦੀ ਮਰਦਮਸ਼ੁਮਾਰੀ ''ਚ ਲਿਵ-ਇਨ ''ਚ ਰਹਿੰਦੇ ਜੋੜਿਆਂ ਨੂੰ ਮਿਲੇਗੀ ''ਖ਼ਾਸ'' ਥਾਂ
Monday, Mar 30, 2026 - 02:08 PM (IST)
ਨਵੀਂ ਦਿੱਲੀ- ਭਾਰਤ ਦੀ ਆਉਣ ਵਾਲੀ 2027 ਦੀ ਮਰਦਮਸ਼ੁਮਾਰੀ (Census) 'ਚ ਸਮਾਜਿਕ ਤਬਦੀਲੀਆਂ ਨੂੰ ਧਿਆਨ 'ਚ ਰੱਖਦਿਆਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਹੁਣ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਵਾਲੇ ਜੋੜਿਆਂ ਨੂੰ ਵੀ ਅਧਿਕਾਰਤ ਤੌਰ 'ਤੇ ਮਾਨਤਾ ਦਿੱਤੀ ਜਾਵੇਗੀ। ਸੈਂਸਸ ਦੇ ਸੈਲਫ-ਐਨਿਊਮਰੇਸ਼ਨ ਪੋਰਟਲ ਅਨੁਸਾਰ, ਜੇਕਰ ਕੋਈ ਜੋੜਾ ਬਿਨਾਂ ਵਿਆਹ ਦੇ ਇਕ ਹੀ ਘਰ 'ਚ 'ਸਟੇਬਲ ਰਿਲੇਸ਼ਨਸ਼ਿਪ' (ਸਥਿਰ ਰਿਸ਼ਤੇ) 'ਚ ਰਹਿ ਰਿਹਾ ਹੈ, ਤਾਂ ਉਨ੍ਹਾਂ ਨੂੰ ਮਰਦਮਸ਼ੁਮਾਰੀ 'ਚ ਵਿਆਹੇ ਹੋਏ ਜੋੜੇ ਵਜੋਂ ਦਰਜ ਕੀਤਾ ਜਾ ਸਕਦਾ ਹੈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਜਾਣਕਾਰੀ ਜੋੜੇ ਦੇ ਆਪਣੇ ਖੁਦ ਦੇ ਬਿਆਨ (self-declaration) 'ਤੇ ਆਧਾਰਿਤ ਹੋਵੇਗੀ। ਚਾਹੇ ਕੋਈ ਵਿਅਕਤੀ ਆਨਲਾਈਨ ਜਾਣਕਾਰੀ ਭਰ ਰਿਹਾ ਹੋਵੇ ਜਾਂ ਕੋਈ ਕਰਮਚਾਰੀ ਘਰ ਆ ਕੇ ਡਾਟਾ ਇਕੱਠਾ ਕਰ ਰਿਹਾ ਹੋਵੇ, ਦੋਵਾਂ ਸਥਿਤੀਆਂ 'ਚ ਜੋੜੇ ਦੀ ਘੋਸ਼ਣਾ ਨੂੰ ਹੀ ਅਧਾਰ ਮੰਨਿਆ ਜਾਵੇਗਾ।
ਬਦਲਦੇ ਸਮਾਜਿਕ ਢਾਂਚੇ ਨੂੰ ਮਾਨਤਾ ਇਹ ਪਹਿਲ
ਬਦਲਦੇ ਸਮਾਜਿਕ ਢਾਂਚੇ ਨੂੰ ਦੇਖਦੇ ਹੋਏ ਕੀਤੀ ਗਈ ਹੈ ਤਾਂ ਜੋ ਮਰਦਮਸ਼ੁਮਾਰੀ ਦੇ ਅੰਕੜਿਆਂ 'ਚ ਅਜਿਹੇ ਰਿਸ਼ਤਿਆਂ ਨੂੰ ਵੀ ਅਧਿਕਾਰਤ ਸਥਾਨ ਮਿਲ ਸਕੇ। ਹਾਲਾਂਕਿ ਇਸ ਬਾਰੇ ਪਹਿਲੀ ਵਾਰ ਜਨਤਕ ਤੌਰ 'ਤੇ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ, ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੀਆਂ ਮਰਦਮਸ਼ੁਮਾਰੀਆਂ 'ਚ ਵੀ ਜੇਕਰ ਕੋਈ ਲਿਵ-ਇਨ ਜੋੜਾ ਆਪਣੇ ਆਪ ਨੂੰ ਵਿਆਹਿਆ ਹੋਇਆ ਦੱਸਦਾ ਸੀ, ਤਾਂ ਉਸ ਨੂੰ ਉਸੇ ਤਰ੍ਹਾਂ ਰਿਕਾਰਡ ਕੀਤਾ ਜਾਂਦਾ ਸੀ।
ਕਿਵੇਂ ਹੋਵੇਗੀ ਪ੍ਰਕਿਰਿਆ?
ਇਹ ਜਾਣਕਾਰੀ ਮਰਦਮਸ਼ੁਮਾਰੀ ਦੇ ਹਾਊਸਲਿਸਟਿੰਗ ਆਪ੍ਰੇਸ਼ਨ ਫੇਜ਼ ਦੌਰਾਨ ਇਕੱਠੀ ਕੀਤੀ ਜਾਵੇਗੀ, ਜੋ ਲਗਭਗ 45 ਦਿਨਾਂ ਤੱਕ ਚੱਲਦਾ ਹੈ। ਇਸ 'ਚ ਕੁੱਲ 33 ਸਵਾਲ ਸ਼ਾਮਲ ਹੁੰਦੇ ਹਨ, ਜਿਨ੍ਹਾਂ ਰਾਹੀਂ ਸਮਾਜਿਕ ਅਤੇ ਆਰਥਿਕ ਪਹਿਲੂਆਂ ਨਾਲ ਜੁੜਿਆ ਡਾਟਾ ਜੁਟਾਇਆ ਜਾਂਦਾ ਹੈ। ਇਹ ਮਰਦਮਸ਼ੁਮਾਰੀ ਡਿਜੀਟਲ ਮਾਧਿਅਮ ਰਾਹੀਂ ਵੀ ਉਪਲਬਧ ਹੋਵੇਗੀ, ਜਿਸ ਨਾਲ ਲੋਕ ਖੁਦ ਵੀ ਆਪਣਾ ਡਾਟਾ ਆਨਲਾਈਨ ਦਰਜ ਕਰ ਸਕਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
