IND v SA : ਕੋਰੋਨਾ ਵਾਇਰਸ ਕਾਰਨ ਖਾਲੀ ਸਟੇਡੀਅਮ ''ਚ ਹੋ ਸਕਦੇ ਹਨ ਬਾਕੀ ਦੋਵੇਂ ਵਨ ਡੇ

03/12/2020 5:32:28 PM

ਨਵੀਂ ਦਿੱਲੀ : ਦੱਖਣੀ ਅਫਰੀਕਾ ਟੀਮ ਭਾਰਤ ਦੌਰੇ 'ਤੇ ਹੈ ਜਿੱਥੇ ਉਸ ਨੂੰ 3 ਮੈਚਾਂ ਦੀ ਵਨ ਡੇ ਸੀਰੀਜ਼ ਖੇਡਣੀ ਹੈ। ਪਹਿਲਾ ਮੁਕਾਬਲਾ ਹਿਮਾਚਲ ਦੇ ਧਰਮਸ਼ਾਲਾ ਸਟੇਡੀਅਮ ਵਿਚ ਵੀਰਵਾਰ ਭਾਵ ਅੱਜ ਹੋਣਾ ਸੀ, ਜੋ ਮੀਂਹ ਪੈਣ ਕਾਰਨ ਰੱਦ ਹੋ ਗਿਆ। ਹੁਣ ਬੀ. ਸੀ. ਸੀ. ਆਈ. ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਾਕੀ ਦੇ ਬਚੇ ਦੋਵੇਂ ਮੁਕਾਬਲੇ ਖਾਲੀ ਸਟੇਡੀਅਮ ਵਿਚ ਕਰਵਾਏ ਜਾ ਸਕਦੇ ਹਨ। ਅਜਿਹਾ ਖਤਰਨਾਕ ਕੋਰੋਨਾ ਵਾਇਰਸ ਤੋਂ ਬਚਣ ਲਈ ਕੀਤਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਪੂਰੀ ਦੁਨੀਆ ਵਿਚ ਖੇਡ ਪ੍ਰਤੀਯੋਗਿਤਾਵਾਂ ਜਾਂ ਰੱਦ, ਜਾਂ ਮੁਲਤਵੀ ਜਾਂ ਤੈਅ ਜਗ੍ਹਾ ਬਦਲ ਕੇ ਹੋਰ ਸਥਾਨਾਂ 'ਤੇ ਕਰਾਈਆਂ ਜਾ ਰਹੀਆਂ ਹਨ। ਹੁਣ ਕੋਰੋਨਾ ਦਾ ਸੰਕਟ ਆਈ. ਪੀ. ਐੱਲ. 'ਤੇ ਵੀ ਮੰਡਰਾ ਰਿਹਾ ਹੈ ਪਰ ਇਸ 'ਤੇ ਅਜੇ ਬੀ. ਸੀ. ਸੀ. ਆਈ. ਦਾ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਦੱਸ ਦਈਏ ਕਿ ਭਾਰਤ ਸਰਕਾਰ ਨੇ ਕੋਰੋਨਾ ਦੇ ਵੱਧਦੇ ਸੰਕਟ ਨੂੰ ਦੇਖਦਿਆਂ ਵਿਦੇਸ਼ੀਆਂ ਸੈਲਾਨੀਆਂ ਨੂੰ 15 ਅਪ੍ਰੈਲ ਤਕ ਵੀਜ਼ਾ ਦੇਣ ਨੂੰ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ 15 ਅਪ੍ਰੈਲ ਤਕ ਕੋਈ ਵੀ ਵਿਦੇਸ਼ੀ ਖਿਡਾਰੀ ਆਈ. ਪੀ. ਐੱਲ. ਫ੍ਰੈਂਚਾਈਜ਼ੀ ਨਾਲ ਨਹੀਂ ਜੁੜ ਸਕੇਗਾ।

ਹੁਣ ਤਕ ਭਾਰਤ ਵਿਚ 60 ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਪੂਰੀ ਦੁਨੀਆ ਵਿਚ ਇਸ ਵਾਇਰਸ ਕਾਰਨ 4000 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ।


Related News