ਬੈਂਕਿੰਗ ਧੋਖਾਦੇਹੀ ਦੇ ਮਾਮਲਿਆਂ ’ਚ ਹੋਇਆ ਵਾਧਾ, ਲੋਕ ਪ੍ਰੇਸ਼ਾਨ

Friday, Dec 27, 2024 - 06:03 AM (IST)

ਬੈਂਕਿੰਗ ਧੋਖਾਦੇਹੀ ਦੇ ਮਾਮਲਿਆਂ ’ਚ ਹੋਇਆ ਵਾਧਾ, ਲੋਕ ਪ੍ਰੇਸ਼ਾਨ

ਮੁੰਬਈ – ਡਿਜੀਟਲ ਬੈਂਕਿੰਗ ਜਾਂ ਆਨਲਾਈਨ ਬੈਂਕਿੰਗ ਜਿੰਨੀ ਸਹੂਲਤ ਭਰੀ ਹੈ, ਓਨੀ ਹੀ ਮੁਸੀਬਤ ਦਾ ਕਾਰਨ ਵੀ ਬਣਦੀ ਜਾ ਰਹੀ ਹੈ। ਬੈਂਕਿੰਗ ਨਾਲ ਜੁੜੇ ਫਰਾਡ ਜਾਂ ਧੋਖਾਦੇਹੀ ਦੇ ਮਾਮਲੇ ਇੰਨੇ ਵਧ ਗਏ ਹਨ ਕਿ ਲੋਕਾਂ ਨੂੰ ਹਮੇਸ਼ਾ ਇਹ ਡਰ ਸਤਾਉਂਦਾ ਰਹਿੰਦਾ ਹੈ ਕਿ ਕਿਤੇ ਅਗਲੀ ਵਾਰ ਉਨ੍ਹਾਂ ਨਾਲ ਕੋਈ ਬੈਂਕਿੰਗ ਫਰਾਡ ਨਾ ਹੋ ਜਾਵੇ।

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਵੀਰਵਾਰ ਨੂੰ ਜਾਰੀ ਅੰਕੜੇ ਹੈਰਾਨ ਕਰ ਦੇਣ ਵਾਲੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਚਾਲੂ ਮਾਲੀ ਸਾਲ ਦੀ ਪਹਿਲੀ ਛਿਮਾਹੀ ’ਚ ਬੈਂਕ ਧੋਖਾਦੇਹੀ ਦੇ ਮਾਮਲਿਆਂ ਵਿਚ ਵੱਡਾ ਵਾਧਾ ਵੇਖਿਆ ਗਿਆ ਹੈ। ਇਨ੍ਹਾਂ ਮਾਮਲਿਆਂ ਦੀ ਗਿਣਤੀ 18,461 ਤਕ ਪਹੁੰਚ ਗਈ ਹੈ ਅਤੇ ਇਨ੍ਹਾਂ ਵਿਚ ਸ਼ਾਮਲ ਰਕਮ 8 ਗੁਣਾ ਤੋਂ ਜ਼ਿਆਦਾ ਵਧ ਕੇ 21,367 ਕਰੋੜ ਰੁਪਏ ਹੋ ਗਈ ਹੈ।

ਇੰਟਰਨੈੱਟ ਤੇ ਕਾਰਡ ਧੋਖਾਦੇਹੀ ਦੀ ਹਿੱਸੇਦਾਰੀ 44.7 ਫੀਸਦੀ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਪ੍ਰੈਲ-ਸਤੰਬਰ ਦੌਰਾਨ ਧੋਖਾਦੇਹੀ ਦੇ ਮਾਮਲਿਆਂ ਦੀ ਗਿਣਤੀ 18,461 ਸੀ, ਜਿਸ ਵਿਚ 21,367 ਕਰੋੜ ਰੁਪਏ ਸ਼ਾਮਲ ਸਨ, ਜਦੋਂਕਿ ਧੋਖਾਦੇਹੀ ਦੀ ਰਿਪੋਰਟਿੰਗ ਦੀ ਤਰੀਕ ਦੇ ਆਧਾਰ ’ਤੇ ਪਿਛਲੇ ਮਾਲੀ ਸਾਲ ਦੀ ਤੁਲਨਾਤਮਕ ਮਿਆਦ ’ਚ 2,623 ਕਰੋੜ ਰੁਪਏ ਨਾਲ ਜੁੜੇ 14,480 ਮਾਮਲੇ ਸਨ।
ਪੂਰੇ ਮਾਲੀ ਸਾਲ 2023-24 ਸਬੰਧੀ ਕੇਂਦਰੀ ਬੈਂਕ ਨੇ ਕਿਹਾ ਹੈ ਕਿ ਬੈਂਕਾਂ ਵੱਲੋਂ ਰਿਪੋਰਟਿੰਗ ਦੀ ਤਰੀਕ ਦੇ ਆਧਾਰ ’ਤੇ ਧੋਖਾਦੇਹੀ ਵਿਚ ਸ਼ਾਮਲ ਰਕਮ ਇਕ ਦਹਾਕੇ ਵਿਚ ਸਭ ਤੋਂ ਘੱਟ ਸੀ, ਜਦੋਂਕਿ ਔਸਤ ਕੀਮਤ 16 ਸਾਲਾਂ ’ਚ ਸਭ ਤੋਂ ਘੱਟ ਸੀ। ਧੋਖਾਦੇਹੀ ਦੀ ਘਟਨਾ ਦੀ ਤਰੀਕ ਦੇ ਆਧਾਰ ’ਤੇ 2023-24 ਵਿਚ ਕੁਲ ’ਚ ਇੰਟਰਨੈੱਟ ਤੇ ਕਾਰਡ ਧੋਖਾਦੇਹੀ ਦੀ ਹਿੱਸੇਦਾਰੀ ਰਾਸ਼ੀ ਦੇ ਮਾਮਲੇ ’ਚ 44.7 ਫੀਸਦੀ ਅਤੇ ਮਾਮਲਿਆਂ ਦੀ ਗਿਣਤੀ ਦੇ ਮਾਮਲੇ ’ਚ 85.3 ਫੀਸਦੀ ਸੀ।

ਧੋਖਾਦੇਹੀ ਕਾਰਨ ਪੇਸ਼ ਆ ਰਹੀਆਂ ਕਈ ਚੁਣੌਤੀਆਂ
ਭਾਰਤੀ ਰਿਜ਼ਰਵ ਬੈਂਕ ਨੇ ਭਾਰਤ ਵਿਚ ਬੈਂਕਿੰਗ ਦੇ ਰੁਝਾਨ ਤੇ ਤਰੱਕੀ ’ਤੇ ਰਿਪੋਰਟ 2023-24 ਜਾਰੀ ਕੀਤੀ ਹੈ, ਜੋ 2023-24 ਤੇ 2024-25 ਦੌਰਾਨ ਕਮਰਸ਼ੀਅਲ ਬੈਂਕਾਂ, ਸਹਿਕਾਰੀ ਬੈਂਕਾਂ ਤੇ ਗੈਰ-ਬੈਂਕਿੰਗ ਵਿੱਤੀ ਸੰਸਥਾਵਾਂ ਸਮੇਤ ਬੈਂਕਿੰਗ ਖੇਤਰ ਦੀ ਕਾਰਗੁਜ਼ਾਰੀ ਪੇਸ਼ ਕਰਦੀ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਧੋਖਾਦੇਹੀ ਫਾਇਨਾਂਸ਼ੀਅਲ ਸਿਸਟਮ ਲਈ ਪ੍ਰਸਿੱਧੀ ਜੋਖਮ, ਸੰਚਾਲਨ ਜੋਖਮ, ਕਾਰੋਬਾਰੀ ਜੋਖਮ ਅਤੇ ਵਿੱਤੀ ਸਥਿਰਤਾ ਪ੍ਰਭਾਵਾਂ ਦੇ ਨਾਲ ਗਾਹਕ ਵਿਸ਼ਵਾਸ ’ਚ ਕਮੀ ਦੇ ਰੂਪ ’ਚ ਕਈ ਚੁਣੌਤੀਆਂ ਪੇਸ਼ ਕਰਦੀ ਹੈ।

ਨਿੱਜੀ ਖੇਤਰ ਦੇ ਬੈਂਕਾਂ ਨਾਲ ਜੁੜੇ ਮਾਮਲੇ 67.1 ਫੀਸਦੀ ਰਹੇ
ਮਾਲੀ ਸਾਲ 2023-24 ’ਚ ਨਿੱਜੀ ਖੇਤਰ ਦੇ ਬੈਂਕਾਂ ਵੱਲੋਂ ਰਿਪੋਰਟ ਕੀਤੇ ਗਏ ਧੋਖਾਦੇਹੀ ਦੇ ਮਾਮਲਿਆਂ ਦੀ ਗਿਣਤੀ ਕੁਲ ਮਾਮਲਿਆਂ ਦਾ 67.1 ਫੀਸਦੀ ਸੀ। ਹਾਲਾਂਕਿ ਸ਼ਾਮਲ ਰਕਮ ਦੇ ਮਾਮਲੇ ’ਚ ਜਨਤਕ ਖੇਤਰ ਦੇ ਬੈਂਕਾਂ (ਪੀ. ਐੱਸ. ਬੀ.) ’ਚ 2023-24 ਵਿਚ ਸਾਰੇ ਬੈਂਕ ਸਮੂਹਾਂ ਲਈ ਕਾਰਡ ਤੇ ਇੰਟਰਨੈੱਟ ਧੋਖਾਦੇਹੀ ਦਾ ਹਿੱਸਾ ਸਭ ਤੋਂ ਵੱਧ ਸੀ।
2023-24 ਦੌਰਾਨ ਵਿਦੇਸ਼ੀ ਬੈਂਕਾਂ ਤੇ ਲਘੂ ਵਿੱਤ ਬੈਂਕਾਂ ਨੂੰ ਛੱਡ ਕੇ ਸਾਰੇ ਬੈਂਕ ਸਮੂਹਾਂ ਵਿਚ ਰੈਗੂਲੇਟਿਡ ਸੰਸਥਾਵਾਂ ’ਤੇ ਲਾਏ ਗਏ ਜੁਰਮਾਨੇ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। 2023-24 ’ਚ ਕੁਲ ਜੁਰਮਾਨਾ ਰਾਸ਼ੀ ਦੁੱਗਣੀ ਤੋਂ ਵੱਧ ਹੋ ਕੇ 86.1 ਕਰੋੜ ਰੁਪਏ ਹੋ ਗਈ ਸੀ, ਜਿਸ ਵਿਚ ਜਨਤਕ ਤੇ ਨਿੱਜੀ ਖੇਤਰ ਦੇ ਬੈਂਕ ਸਭ ਤੋਂ ਅੱਗੇ ਰਹੇ।

ਆਰ. ਬੀ. ਆਈ. ਨੇ ਏ. ਆਈ. ਦੀ ਨੈਤਿਕ ਵਰਤੋਂ ਲਈ ਕਮੇਟੀ ਬਣਾਈ
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਵਿੱਤੀ ਖੇਤਰ ’ਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਨੈਤਿਕ ਵਰਤੋਂ ਲਈ 8 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਦੇ ਪ੍ਰਧਾਨ ਪ੍ਰੋ. ਪੁਸ਼ਪਕ ਭੱਟਾਚਾਰੀਆ ਹੋਣਗੇ, ਜੋ ਆਈ. ਆਈ. ਟੀ. ਮੁੰਬਈ ’ਚ ਕੰਪਿਊਟਰ ਸਾਇੰਸ ਦੇ ਵਿਭਾਗ ਵਿਚ ਕੰਮ ਕਰਦੇ ਹਨ। ਕਮੇਟੀ ਏ. ਆਈ. ਨਾਲ ਸਬੰਧਤ ਜੋਖਮਾਂ ਦੇ ਮੁਲਾਂਕਣ, ਨਿਪਟਾਰੇ ਤੇ ਨਿਗਰਾਨੀ ਢਾਂਚੇ ’ਤੇ ਸਿਫਾਰਸ਼ਾਂ ਕਰੇਗੀ। ਇਹ ਕਮੇਟੀ 6 ਮਹੀਨਿਆਂ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗੀ।


author

Inder Prajapati

Content Editor

Related News