ਭਾਸਕਰ ’ਤੇ ਇਨਕਮ ਟੈਕਸ ਦੇ ਛਾਪੇ, ਸਮੂਹ ਬੋਲਿਆ- ਕੋਰੋਨਾ ਰਿਪੋਟਾਂ ਦੀ ਪ੍ਰਤੀਕਿਰਿਆ, ਸਰਕਾਰ ਨੇ ਕਿਹਾ- ਕਾਰਵਾਈ ਵਿਭਾਗੀ

Friday, Jul 23, 2021 - 03:47 PM (IST)

ਭਾਸਕਰ ’ਤੇ ਇਨਕਮ ਟੈਕਸ ਦੇ ਛਾਪੇ, ਸਮੂਹ ਬੋਲਿਆ- ਕੋਰੋਨਾ ਰਿਪੋਟਾਂ ਦੀ ਪ੍ਰਤੀਕਿਰਿਆ, ਸਰਕਾਰ ਨੇ ਕਿਹਾ- ਕਾਰਵਾਈ ਵਿਭਾਗੀ

ਨਵੀਂ ਦਿੱਲੀ (ਨਵੋਦਿਆ ਟਾਈਮਸ) : ਇਨਕਮ ਟੈਕਸ ਵਿਭਾਗ ਨੇ ਕਥਿਤ ਟੈਕਸ ਚੋਰੀ,  ਫਰਜ਼ੀ ਖਰਚਿਆਂ ਅਤੇ ਸੇਲ-ਪ੍ਰਚੇਜ਼ ਬੇਨਿਯਮੀਆਂ ਦੇ ਦੋਸ਼ਾਂ ’ਚ ਪ੍ਰਮੁੱਖ ਮੀਡੀਆ ਸਮੂਹ ਦੈਨਿਕ ਭਾਸਕਰ ਦੇ ਵੱਖ-ਵੱਖ ਸ਼ਹਿਰਾਂ ’ਚ ਸਥਿਤ ਦਫ਼ਤਰਾਂ `ਤੇ ਵੀਰਵਾਰ ਨੂੰ ਛਾਪੇਮਾਰੀ ਕੀਤੀ। ਜਾਂਚ ਏਜੰਸੀਆਂ ਦੇ ਸੂਤਰਾਂ ਦਾ ਕਹਿਣਾ ਹੈ ਕਿ ਭਾਸਕਰ ਸਮੂਹ ਮੀਡੀਅ ਤੋਂ ਇਲਾਵਾ ਪਾਵਰ,  ਟੈਕਸਟਾਈਲ ਅਤੇ ਰਿਅਲ ਅਸਟੇਟ ਦੇ ਵੀ ਕਾਰੋਬਾਰ ਚਲਾਉਂਦਾ ਹੈ। ਸਮੂਹ ਕੋਲ ਛੋਟੀਆਂ- ਵੱਡੀਆਂ ਮਿਲਾਕੇ ਲਗਭਗ 100 ਕੰਪਨੀਆਂ ਹਨ। ਦੈਨਿਕ ਭਾਸਕਰ ਸਮੂਹ ਦੇ ਦਫਤਰਾਂ ’ਚ ਇਨਕਮ ਟੈਕਸ ਐਕਟ ਦੀ ਧਾਰਾ 132 ਤਹਿਤ ਛਾਪੇ ਦੀ ਕਾਰਵਾਈ ਕੀਤੀ ਗਈ। ਇਸ ਦੌਰਾਨ ਮੁੰਬਈ, ਦਿੱਲੀ, ਨੋਇਡ, ਭੋਪਾਲ,  ਇੰਦੌਰ, ਜੈਪੁਰ, ਕੋਰਬਾ ਅਤੇ ਅਹਿਮਦਾਬਾਦ ਵਿਚ ਕੁਲ 32 ਸਥਾਨਾਂ `ਤੇ ਟੀਮਾਂ ਨੇ ਜਾਂਚ ਕੀਤੀ ਅਤੇ ਬੈਂਕਿੰਗ ਨਾਲ ਜੁੜੀ ਪੁੱਛਗਿਛ ਕੀਤੀ। ਛਾਪੇਮਾਰੀ ਸਵੇਰੇ ਸਾਢੇ 5 ਵਜੇ ਸ਼ੁਰੂ ਹੋਈ ਅਤੇ ਸ਼ਾਮ ਤੱਕ ਜਾਰੀ ਰਹੀ। ਸੂਤਰਾਂ ਦਾ ਕਹਿਣਾ ਹੈ ਕਿ ਵਿਭਾਗੀ ਜਾਣਕਾਰੀ ਦਾ ਵਿਸ਼ਲੇਸ਼ਣ, ਬੈਂਕਾਂ ਦੀ ਜਾਂਚ ਆਦਿ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ। ਛਾਪੇ ’ਤੇ ਭਾਸਕਰ ਸਮੂਹ ਦਾ ਕਹਿਣਾ ਹੈ ਕਿ ਕੋਰੋਨਾ ਮਾਮਲਿਆਂ ਵਿਚ ਹਮਲਾਵਰ ਰਿਪੋਰਟਿੰਗ ਦੇ ਚਲਦੇ ਇਹ ਕਾਰਵਾਈ ਕੀਤੀ ਗਈ। ਇਸ ਮਾਮਲੇ ਵਿਚ ਛਾਪੇ ਨਾਲ ਜੁੜੇ ਇੱਕ ਅਧਿਕਾਰੀ ਨੇ ਦੱਸਿਆ ਕਿ ਵਿੱਤੀ ਬੇਕਾਇਦਗੀ ਤਹਿਤ ਵਿਅਕਤੀਗਤ ਅਤੇ ਕਾਰੋਬਾਰ ਦੇ ਰੂਪ ਵਿਚ ਨਿਵੇਸ਼ ਕਰਨ ਦੀ ਜਾਂਚ ਕੀਤੀ ਜਾ ਰਹੀ ਹੈ। ਪੈਸੇ ਨੂੰ ਸ਼ੇਅਰ ਪ੍ਰੀਮੀਅਮ ਵਿਚ ਲਗਾਉਣ ਅਤੇ ਮਾਰੀਸ਼ਸ ਦੀਆਂ ਸੰਸਥਾਵਾਂ ਵਲੋਂ ਵਿਦੇਸ਼ੀ ਨਿਵੇਸ਼ ਦੀ ਪੜਤਾਲ ਚੱਲ ਰਹੀ ਹੈ। ਭਾਸਕਰ ਸਮੂਹ ਦੇ ਸੰਚਾਲਕਾਂ ’ਚੋਂ ਕੁਝ ਦੇ ਨਾਮ ਪਨਾਮਾ ਲੀਕਸ ਕੇਸ ਵਿਚ ਵੀ ਸਾਹਮਣੇ ਆਏ ਸਨ।

ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਭਾਸਕਰ ਵਲੋਂ ਲਾਇਆ ਗਿਆ ਇਹ ਦੋਸ਼ ਪੂਰੀ ਤਰ੍ਹਾਂ ਗਲਤ ਹੈ ਕਿ ਛਾਪੇ ਦੌਰਾਨ ਅਧਿਕਾਰੀਆਂ ਨੇ ਖ਼ਬਰਾਂ ’ਚ ਤਬਦੀਲੀ ਕਰਵਾਈ। ਵਿਭਾਗ ਛਾਪੇ ਦੌਰਾਨ ਸਿਰਫ਼ ਵਿੱਤੀ ਬੇਨਿਯਮੀਆਂ ਅਤੇ ਟੈਕਸ ਸਬੰਧਤ ਜਾਂਚ ਹੀ ਕਰਦਾ ਹੈ। ਛਾਪੇ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਕਾਰਵਾਈ ਪ੍ਰਕਿਰਿਆ ਦਾ ਹਿੱਸਾ ਹੈ,  ਇਸ ’ਚ ਸਾਡੀ ਕੋਈ ਦਖ਼ਲ ਨਹੀਂ ਹੈ। ਇਸ ਮਾਮਲੇ ਨੂੰ ਲੈ ਕੇ ਰਾਜ ਸਭਾ ’ਚ ਹੰਗਾਮਾ ਹੋਇਆ। ਵਿਰੋਧੀ ਧਿਰ ਦੇ ਕਈ ਨੇਤਾਵਾਂ ਦੀ ਤਿੱਖੀ ਪ੍ਰਤੀਕਿਰਿਆ ਵੀ ਸਾਹਮਣੇ ਆਈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਛਾਪੇ ਨੂੰ ਮੀਡੀਆ ਨੂੰ ਡਰਾਉਣ ਦੀ ਕੋਸ਼ਿਸ਼ ਦੱਸਦੇ ਹੋਏ ਮੰਗ ਕੀਤੀ ਕਿ ਅਜਿਹੀਆਂ ਕਾਰਵਾਈਆਂ ਤੁਰੰਤ ਰੁਕਣੀਆਂ ਚਾਹੀਦੀਆਂ ਹਨ ਅਤੇ ਮੀਡੀਆ ਨੂੰ ਆਜ਼ਾਦ ਤਰੀਕੇ ਨਾਲ ਕੰਮ ਕਰਨ ਦੇਣਾ ਚਾਹੀਦਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਇਸ ਕਾਰਵਾਈ ਦੀ ਸਖਤ ਨਿੰਦਾ ਕਰਦੀ ਹਾਂ ਜਿਸ ਦਾ ਮਕਸਦ ਸੱਚ ਸਾਹਮਣੇ ਲਿਆਉਣ ਵਾਲੀਆਂ ਆਵਾਜ਼ਾਂ ਨੂੰ ਦਬਉਣਾ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਟਵੀਟ ਕਰ ਕੇ ਕਾਰਵਾਈ ਦੀ ਨਿੰਦਾ ਕੀਤੀ ਹੈ।


author

Anuradha

Content Editor

Related News