ਪੰਜਾਬ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 5 ਨਵੰਬਰ ਨੂੰ 16 ਫੀਸਦੀ ਵਧੀਆਂ
Sunday, Nov 06, 2022 - 05:49 PM (IST)
ਨਵੀਂ ਦਿੱਲੀ (ਭਾਸ਼ਾ)- ਪੰਜਾਬ 'ਚ ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ 5 ਨਵੰਬਰ ਨੂੰ 4 ਨਵੰਬਰ ਦੀ ਤੁਲਨਾ 'ਚ 16 ਫੀਸਦੀ ਵੱਧ ਕੇ 2,817 ਹੋ ਗਈਆਂ। ਕੇਂਦਰ ਸਰਕਾਰ ਦੀ ਕਿਸਾਨਾਂ ਤੋਂ ਫ਼ਸਲ ਦੀ ਰਹਿੰਦ-ਖੂੰਹਦ ਪ੍ਰੰਬਧਨ ਲਈ ਪੂਸਾ ਬਾਇਓ-ਡੀਕੰਪੋਜਰ ਅਤੇ ਹੋਰ ਮਸ਼ੀਨਾਂ ਦਾ ਉਪਯੋਗ ਕਰਨ ਦੀ ਅਪੀਲ ਦਰਮਿਆਨ ਸੂਬੇ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈ.ਸੀ.ਏ.ਆਰ.) ਵਲੋਂ ਜਾਰੀ ਅੰਕੜਿਆਂ ਅਨੁਸਾਰ, 5 ਨਵੰਬਰ ਨੂੰ ਮੱਧ ਪ੍ਰਦੇਸ਼ 'ਚ ਪਰਾਲੀ ਸਾੜਨ ਦੇ 319 ਮਾਮਲੇ, ਰਾਜਸਥਾਨ 'ਚ 91, ਹਰਿਆਣਾ 'ਚ 90, ਉੱਤਰ ਪ੍ਰਦੇਸ਼ 'ਚ 24 ਘਟਨਾਵਾਂ ਦੀ ਸੂਚਨਾ ਸੀ, ਜਦੋਂ ਕਿ ਦਿੱਲੀ 'ਚ ਅਜਿਹੀ ਕੋਈ ਘਟਨਾ ਨਹੀਂ ਹੋਈ।
ਇਹ ਵੀ ਪੜ੍ਹੋ : ਆਨਰ ਕਿਲਿੰਗ : ਪਹਿਲਾਂ ਭੈਣ ਅਤੇ ਪ੍ਰੇਮੀ ਦਾ ਬੇਰਹਿਮੀ ਨਾਲ ਕਤਲ, ਫਿਰ ਥਾਣੇ ਜਾ ਕੀਤਾ ਸਰੰਡਰ
ਇਸ ਸਾਲ 15 ਸਤੰਬਰ ਤੋਂ 5 ਨਵੰਬਰ ਦਰਮਿਆਨ ਇਕੱਲੇ ਪੰਜਾਬ 'ਚ ਪਰਾਲੀ ਸਾੜਨ ਦੀਆਂ ਕੁੱਲ 29,400 ਘਟਨਾਵਾਂ ਦਾ ਪਤਾ ਲੱਗਾ। ਇਸ ਤੋਂ ਬਾਅਦ ਹਰਿਆਣਾ 'ਚ 2,530, ਮੱਧ ਪ੍ਰਦੇਸ਼ 'ਚ 2,246, ਉੱਤਰ ਪ੍ਰਦੇਸ਼ 'ਚ 927, ਰਾਜਸਥਾਨ 'ਚ 587 ਅਤੇ ਦਿੱਲੀ 'ਚ ਪਰਾਲੀ ਸਾੜਨ ਦੀਆਂ 9 ਘਟਨਾਵਾਂ ਦਰਜ ਕੀਤੀਆਂ ਗਈਆਂ। ਦੱਸਣਯੋਗ ਹੈ ਕਿ ਗੁਆਂਢੀ ਸੂਬਿਆਂ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ ਦਿੱਲੀ-ਐੱਨ.ਸੀ.ਆਰ. 'ਚ ਹਵਾ ਪ੍ਰਦੂਸ਼ਣ ਦਾ ਵੱਡਾ ਕਾਰਨ ਬਣੀਆਂ ਹੋਈਆਂ ਹਨ, ਵਿਸ਼ੇਸ਼ ਰੂਪ ਨਾਲ ਰਾਸ਼ਟਰੀ ਰਾਜਧਾਨੀ ਸਮੇਤ ਉੱਤਰ ਭਾਰਤ 'ਚ। ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਪਿਛਲੇ ਹਫ਼ਤੇ ਗੁਆਂਢੀ ਸੂਬਾ ਸਰਕਾਰਾਂ ਅਤੇ ਕਿਸਾਨਾਂ ਤੋਂ ਝੋਨੇ ਦੀ ਫਸਲ ਦੀ ਰਹਿੰਦ-ਖੂੰਹਦ ਯਾਨੀ ਪਰਾਲੀ ਦੇ ਪ੍ਰਬੰਧਨ ਲਈ ਉਪਲੱਬਧ ਹੱਲਾਂ ਦਾ ਉਪਯੋਗ ਕਰਨ ਦੀ ਅਪੀਲ ਕੀਤੀ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ