ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ, ਵੱਖ-ਵੱਖ ਮੁੱਦਿਆਂ ’ਤੇ ਸਰਕਾਰ ਨੂੰ ਘੇਰੇਗੀ ਵਿਰੋਧੀ ਧਿਰ
Wednesday, Dec 07, 2022 - 10:17 AM (IST)
ਨਵੀਂ ਦਿੱਲੀ- ਸੰਸਦ ’ਚ ਬੁੱਧਵਾਰ ਯਾਨੀ ਕਿ ਅੱਜ ਤੋਂ ਸਰੱਦ ਰੁੱਤ ਸੈਸ਼ਨ ਸ਼ੁਰੂ ਹੋ ਰਿਹਾ ਹੈ। ਸੈਸ਼ਨ ’ਚ ਵਿਰੋਧੀ ਧਿਰ ਮਹਿੰਗਾਈ, ਸਰਕਾਰੀ ਏਜੰਸੀਆਂ ਦੀ ਦੁਰਵਰਤੋਂ, ਭਾਰਤ-ਚੀਨ ਸਰਹੱਦ ਸਮੇਤ ਕਈ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦੀ ਯੋਜਨਾ ਹੈ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਤੋਂ ਇਕ ਦਿਨ ਪਹਿਲਾਂ ਸੈਸ਼ਨ ਸ਼ੁਰੂ ਹੋ ਰਿਹਾ ਹੈ।
ਇਹ ਵੀ ਪੜ੍ਹੋ- 400 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਾ 5 ਸਾਲਾ ਤਨਮਯ, 60 ਫੁੱਟ ਦੀ ਡੂੰਘਾਈ 'ਚ ਫਸਿਆ
ਇਹ ਸਰਦ ਰੁੱਤ ਸੈਸ਼ਨ 29 ਦਸੰਬਰ ਤੱਕ ਚੱਲੇਗਾ। 23 ਦਿਨਾਂ ਵਿਚ ਕੁੱਲ 17 ਮੀਟਿੰਗਾਂ ਹੋਣਗੀਆਂ। ਸਰਕਾਰ ਇਸ ਸੈਸ਼ਨ ’ਚ 16 ਨਵੇਂ ਬਿੱਲ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ ਅਤੇ ਸਦਨ ’ਚ ਪੈਂਡਿੰਗ 8 ਬਿੱਲਾਂ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਵਿਰੋਧੀ ਧਿਰ ਨੇ 23 ਦਿਨਾਂ ਦੇ ਸੈਸ਼ਨ ਲਈ ਢੁੱਕਵਾਂ ਸਮਾਂ ਦੇਣ ਦੀ ਮੰਗ ਕੀਤੀ ਹੈ। ਸਰਕਾਰ ਦੀ ਵੱਲੋਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਭਰੋਸਾ ਦਿੱਤਾ ਕਿ ਸਰਕਾਰ ਹਰ ਮੁੱਦੇ 'ਤੇ ਚਰਚਾ ਲਈ ਤਿਆਰ ਹੈ ਅਤੇ ਸੰਸਦੀ ਮਰਿਆਦਾ ਅਤੇ ਅਨੁਸ਼ਾਸਨ ਨਾਲ ਚਰਚਾ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਕੋਈ ਭੁੱਖੇ ਢਿੱਡ ਨਾ ਸੌਂਵੇ, ਹਰ ਵਿਅਕਤੀ ਤੱਕ ਅਨਾਜ ਪਹੁੰਚਾਉਣ ਦੀ ਜ਼ਿੰਮੇਵਾਰੀ ਸਰਕਾਰ ਦੀ: SC
ਕਾਂਗਰਸ ਨੇ ਮਹਿੰਗਾਈ ਅਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦੇ ਮੁੱਦੇ 'ਤੇ ਚਰਚਾ ਦੀ ਮੰਗ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਨੂੰ ਹੋਰ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਸਰਕਾਰ ਨੂੰ ਹਿੰਦੂਆਂ ਅਤੇ ਮੁਸਲਮਾਨਾਂ ਦੇ ਤਿਉਹਾਰਾਂ ਦੇ ਨਾਲ-ਨਾਲ ਈਸਾਈਆਂ ਦੇ ਤਿਉਹਾਰਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਸੀ ਅਤੇ ਸੰਸਦ ਸੈਸ਼ਨ ਦੀ ਤਰੀਕ ਨਿਸ਼ਚਿਤ ਕਰਦੇ ਸਮੇਂ ਕ੍ਰਿਸਮਸ ਦੇ ਤਿਉਹਾਰ ਦਾ ਵੀ ਧਿਆਨ ਰੱਖਣਾ ਚਾਹੀਦਾ ਸੀ।
ਇਸ 'ਤੇ ਸੰਸਦੀ ਕਾਰਜ ਮੰਤਰੀ ਨੇ ਕਿਹਾ ਕਿ ਕ੍ਰਿਸਮਸ ਦਾ ਤਿਉਹਾਰ ਵੀਕੈਂਡ 'ਤੇ ਹੈ ਅਤੇ ਉਸ ਸਮੇਂ ਸੰਸਦ ਬੰਦ ਰਹਿੰਦੀ ਹੈ। ਬੀਜੂ ਜਨਤਾ ਦਲ ਨੇ ਮਹਿਲਾ ਰਾਖਵਾਂਕਰਨ ਬਿੱਲ ਲਿਆਉਣ ਦੀ ਮੰਗ ਕੀਤੀ ਅਤੇ ਸ਼ਿਵ ਸੈਨਾ (ਸ਼ਿੰਦੇ ਧੜੇ) ਦੇ ਹੇਮੰਤ ਪਾਟਿਲ ਨੇ ਆਬਾਦੀ ਕੰਟਰੋਲ ਬਿੱਲ ਲਿਆਉਣ ਦੀ ਮੰਗ ਕੀਤੀ। YSR ਕਾਂਗਰਸ ਨੇ ਮਹਿੰਗਾਈ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵੱਲੋਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਵਿਚ ਹੋ ਰਹੇ ਅਪਰਾਧਾਂ ਅਤੇ ਨਸ਼ਾ ਤਸਕਰੀ ਦੇ ਮੁੱਦੇ ’ਤੇ ਚਰਚਾ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਲਖੀਮਪੁਰ ਖੀਰੀ ਹਿੰਸਾ ਕਾਂਡ: ਆਸ਼ੀਸ਼ ਮਿਸ਼ਰਾ ਸਮੇਤ 14 ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ