ਦੇਸ਼ 'ਚ ਪਿਛਲੇ 24 ਘੰਟਿਆਂ 'ਚ ਆਏ 2411 ਨਵੇਂ ਕੇਸ, ਪੀੜਤਾਂ ਦੀ ਗਿਣਤੀ 37,776 ਪਹੁੰਚੀ
Saturday, May 02, 2020 - 07:24 PM (IST)
ਨਵੀਂ ਦਿੱਲੀ— ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਹੁਣ ਤਕ ਭਾਰਤ 'ਚ ਕੋਰੋਨਾ ਪੀੜਤਾਂ ਦਾ ਅੰਕੜਾਂ ਵਧ ਕੇ 37, 776 'ਤੇ ਪਹੁੰਚ ਗਿਆ ਹੈ। ਸਿਹਤ ਮੰਤਰਾਲੇ ਵਲੋਂ ਸ਼ਨੀਵਾਰ ਸ਼ਾਮ ਨੂੰ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਦੇਸ਼ 'ਚ ਕੋਰੋਨਾ ਵਾਇਰਸ ਨਾਲ ਹੁਣ ਤਕ 1223 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਪੀੜਤਾਂ ਦੀ ਸੰਖਿਆਂ 37,776 ਹੋ ਗਈ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ ਸਭ ਤੋਂ ਜ਼ਿਆਦਾ 2411 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 71 ਲੋਕਾਂ ਦੀ ਮੌਤ ਹੋਈ ਹੈ।
ਹਾਲਾਂਕਿ ਥੋੜੀ ਰਾਹਤ ਵਾਲੀ ਗੱਲ ਇਹ ਹੈ ਕਿ ਇਸ ਬੀਮਾਰੀ ਨਾਲ ਹੁਣ ਤਕ 10,018 ਮਰੀਜ਼ ਠੀਕ ਹੋ ਚੁੱਕੇ ਹਨ। ਰਿਕਵਰੀ ਰੇਟ 26.64 ਫੀਸਦੀ ਹੋ ਗਿਆ। ਦੱਸ ਦੇਈਏ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ 'ਚ ਲਾਕਡਾਊਨ ਲਗਾਇਆ ਗਿਆ। ਲਾਕਡਾਊਨ ਦੇ ਮੌਜੂਦਾ ਪੜਾਅ ਨੂੰ ਵਧਾ ਕੇ 17 ਮਈ ਤਕ ਕਰ ਦਿੱਤਾ ਗਿਆ ਹੈ।
ਆਂਧਰਾ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦੇ 62 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ 'ਚ ਕੋਵਿਡ-19 ਦੇ ਕੁਲ ਮਾਮਲੇ ਵਧ ਕੇ 1,525 ਹੋ ਗਏ ਹਨ। ਪਿਛਲੇ 24 ਘੰਟਿਆਂ 'ਚ 38 ਮਰੀਜ਼ ਠੀਕ ਹੋ ਚੁੱਕੇ ਹਨ। ਹੁਣ ਤਕ ਸੂਬੇ 'ਚ ਕੁਲ 441 ਲੋਕ ਇਲਾਜ਼ ਤੋਂ ਬਾਅਦ ਸੰਕਰਮਣ ਮੁਕਤ ਹੋ ਚੁੱਕੇ ਹਨ। ਕੋਵਿਡ-19 ਦੇ ਤਾਜ਼ਾ ਬੁਲੇਟਿਨ 'ਚ ਦੱਸਿਆ ਕਿ ਕੋਰੋਨਾ ਨਾਲ ਸੂਬੇ 'ਚ ਹੁਣ ਤਕ 33 ਲੋਕਾਂ ਦੀ ਮੌਤ ਹੋਈ ਹੈ। ਸੂਬੇ 'ਚ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੁਰਨੂਲ 'ਚ ਪਿਛਲੇ 24 ਘੰਟਿਆਂ 'ਚ 25 ਨਵੇਂ ਮਾਮਲੇ ਸਾਹਮਣੇ ਆਏ ਹਨ।