ਚੌਥੀ ਲਹਿਰ ਦਾ ਖ਼ੌਫ; ਦੇਸ਼ ਦੇ ਹਰ ਬਾਲਗ ਨੂੰ ਲੱਗੇਗੀ ਬੂਸਟਰ ਡੋਜ਼, ਸਰਕਾਰ ਬਣਾ ਰਹੀ ਯੋਜਨਾ
Tuesday, Mar 22, 2022 - 11:45 AM (IST)
ਨਵੀਂ ਦਿੱਲੀ– ਚੀਨ, ਦੱਖਣੀ ਕੋਰੀਆ ਅਤੇ ਯੂਰਪ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ’ਚ ਕੋਰੋਨਾ ਵਾਇਰਸ ਦੇ ਕੇਸਾਂ ’ਚ ਇਕ ਵਾਰ ਫਿਰ ਤੋਂ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਚੀਨ ਦੇ ਕਈ ਸ਼ਹਿਰਾਂ ’ਚ ਇਕ ਵਾਰ ਫਿਰ ਤੋਂ ਕੇਸ ਵੱਧਣ ਦੇ ਚੱਲਦੇ ਤਾਲਾਬੰਦੀ ਵਰਗੀ ਸਥਿਤੀ ਹੈ। ਇਸ ਤੋਂ ਇਲਾਵਾ ਦੱਖਣੀ ਕੋਰੀਆ ’ਚ ਨਵੇਂ ਕੇਸਾਂ ਦਾ ਅੰਕੜਾ ਹਰ ਦਿਨ 6 ਲੱਖ ਤੱਕ ਪਹੁੰਚ ਰਿਹਾ ਹੈ। ਦੁਨੀਆ ਦੇ ਕਈ ਦੇਸ਼ਾਂ ’ਚ ਕੋਰੋਨਾ ਦੇ ਵੱਧਦੇ ਕੇਸਾਂ ਅਤੇ ਕੌਮਾਂਤਰੀ ਯਾਤਰਾ ਨੂੰ ਲੈ ਕੇ ਸਾਹਮਣੇ ਆਉਣ ਵਾਲੀਆਂ ਮੁਸ਼ਕਲਾਂ ਨੂੰ ਵੇਖਦੇ ਹੋਏ ਸਰਕਾਰ 18 ਸਾਲ ਤੋਂ ਵੱਧ ਉਮਰ ਵਰਗ ਦੇ ਸਾਰੇ ਲੋਕਾਂ ਨੂੰ ਕੋਵਿਡ-19 ਟੀਕੇ ਦੀ ਬੂਸਟਰ ਖ਼ੁਰਾਕ ਦੀ ਆਗਿਆ ਦਿੱਤੇ ਜਾਣ ’ਤੇ ਵਿਚਾਰ ਕਰ ਰਹੀ ਹੈ। ਹਾਲਾਂਕਿ ਹੁਣ ਤਕ ਇਸ ’ਤੇ ਫ਼ੈਸਲਾ ਨਹੀਂ ਹੋ ਸਕਿਆ ਕਿ ਇਹ ਬੂਸਟਰ ਖ਼ੁਰਾਕ ਪਹਿਲੀਆਂ ਦੋ ਖ਼ੁਰਾਕਾਂ ਵਾਂਗ ਹੀ ਫਰੀ ਹੋਣਗੀਆਂ ਜਾਂ ਫਿਰ ਇਸ ਦਾ ਵੀ ਚਾਰਜ ਵਸੂਲਿਆ ਜਾਵੇਗਾ।
ਕੀ ਹੈ ਸਰਕਾਰ ਦੀ ਯੋਜਨਾ?
ਭਾਰਤ ’ਚ ਕੋਵਿਸ਼ੀਲਡ ਦੀਆਂ ਦੋਵੇਂ ਖ਼ੁਰਾਕਾਂ ਵਿਚਾਲੇ ਅੰਤਰ ਘਟਾ ਕੇ 8 ਹਫ਼ਤੇ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਫ਼ਿਲਹਾਲ ਦੇਸ਼ ’ਚ 60 ਸਾਲ ਤੋਂ ਵੱਧ ਉਮਰ ਦੇ ਲੋਕਾਂ, ਫਰੰਟਲਾਈਨ ਵਰਕਰ ਨੂੰ ਹੀ ਬੂਸਟਰ ਖ਼ੁਰਾਕ ਲਾਈ ਜਾ ਰਹੀ ਹੈ। ਇਸ ਤੋਂ ਇਲਾਵਾ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਵੀ ਕੋਰੋਨਾ ਵੈਕਸੀਨ ਲਾਈ ਜਾਣ ਲੱਗੀ ਹੈ।
ਕੀ ਹੈ ਟੀਕਾਕਰਨ ਦੀ ਸਥਿਤੀ?
ਭਾਰਤ ਦੀ 18 ਸਾਲ ਤੋਂ ਵੱਧ ਉਮਰ ਦੀ 83 ਫ਼ੀਸਦੀ ਬਾਲਗ ਆਬਾਦੀ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੈ ਚੁੱਕੀ ਹੈ। ਘੱਟ ਤੋਂ ਘੱਟ 92 ਫ਼ੀਸਦੀ ਨੂੰ ਇਕ ਖ਼ੁਰਾਕ ਵੈਕਸੀਨ ਦੀ ਮਿਲ ਗਈ ਹੈ। ਉੱਥੇ ਹੀ 15 ਤੋਂ17 ਸਾਲ ਦੀ ਉਮਰ ਦੇ 47 ਫ਼ੀਸਦੀ ਬਾਲਗਾਂ ਨੂੰ ਕੋਵੈਕਸੀਨ ਦੀਆਂ ਦੋ ਖ਼ੁਰਾਕਾਂ ਲੱਗ ਚੁੱਕੀਆਂ ਹਨ। ਹਾਲ ਹੀ ’ਚ 12 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਨ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਇਸ ਉਮਰ ਵਰਗ ਨੂੰ ਕਰੀਬ 18 ਲੱਖ ਵੈਕਸੀਨ ਦੀਆਂ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।