ਨਹੀਂ ਬਾਜ਼ ਆਇਆ ਚੀਨ, ਡੋਕਲਾਮ 'ਚ 1800 ਫੌਜੀਆਂ ਨੇ ਲਾਇਆ ਡੇਰਾ

12/12/2017 3:47:08 PM

ਬੀਜਿੰਗ— ਭਾਰਤੀ ਜ਼ਮੀਨੀ ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਦਾ ਇਹ ਡਰ ਸਹੀ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ ਕਿ ਚੀਨ ਭਾਰਤ ਨਾਲ ਲੱਗਦੀ ਸਰਹੱਦ 'ਤੇ ਕਿਸੇ ਸਮੇਂ ਵੀ ਆਪਣੇ ਫੌਜੀਆਂ ਦੀ ਗਿਣਤੀ ਵਧਾ ਸਕਦਾ ਹੈ। ਡੋਕਲਾਮ ਡੈੱਡਲਾਕ ਖਤਮ ਹੋਣ ਦੇ ਬਾਵਜੂਦ ਚੀਨ ਦੀਆਂ ਹਰਕਤਾਂ ਸੁਧਰਨ ਦਾ ਨਾਂ ਨਹੀਂ ਲੈ ਰਹੀਆਂ। 
ਇਕ ਅੰਗਰੇਜ਼ੀ ਅਖਬਾਰ 'ਚ ਛਪੀ ਰਿਪੋਰਟ ਮੁਤਾਬਿਕ ਵਾਦ-ਵਿਵਾਦ ਵਾਲੇ ਖੇਤਰ 'ਚ ਚੀਨ ਦੀ ਫੌਜ ਨੇ 1800 ਫੌਜੀ ਜਮ੍ਹਾ ਕੀਤੇ ਹਨ। ਇਨ੍ਹਾਂ ਫੌਜੀਆਂ ਰਾਹੀਂ ਉਥੇ ਉਸਾਰੀ ਦੇ ਕੰਮ ਕਰਵਾਏ ਜਾ ਰਹੇ ਹਨ। ਨਵੇਂ ਹੈਲੀਪੈਡ ਤਿਆਰ ਕੀਤੇ ਜਾ ਰਹੇ ਹਨ। ਉਕਤ ਰਿਪੋਰਟ 'ਚ ਭਾਰਤੀ ਸੁਰੱਖਿਆ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਸਿੱਕਮ, ਭੂਟਾਨ-ਤਿੱਬਤ, ਡੋਕਲਾਮ ਵਿਖੇ ਚੀਨ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਵਾਨ ਪੱਕੇ ਤੌਰ 'ਤੇ ਰਹਿ ਰਹੇ ਹਨ। ਚੀਨੀ ਇਲਾਕੇ 'ਚ ਦੋ ਹੈਲੀਪੈਡਾਂ ਨੂੰ ਬਣਾਉਣ ਦੇ ਨਾਲ-ਨਾਲ ਕਈ ਸੜਕਾਂ ਦੀ ਹਾਲਤ ਵੀ ਸੁਧਾਰੀ ਜਾ ਰਹੀ ਹੈ। ਇਥੇ ਵੱਖ-ਵੱਖ ਮਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਤਾਂ ਜੋ ਅਤਿਅੰਤ ਠੰਡ ਦੇ ਮੌਸਮ 'ਚ ਜਵਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਏ।
73 ਦਿਨ ਤਕ ਆਹਮੋ-ਸਾਹਮਣੇ ਡਟੀਆਂ ਸਨ ਦੋਵਾਂ ਦੇਸ਼ਾਂ ਦੀਆਂ ਫੌਜਾਂ
ਚੀਨੀ ਫੌਜ ਹਰ ਸਾਲ ਆਪਣੀ ਹਾਜ਼ਰੀ ਦਰਜ ਕਰਵਾਉਣ ਲਈ ਅਪ੍ਰੈਲ-ਮਈ ਅਤੇ ਅਕਤੂਬਰ-ਨਵੰਬਰ ਦੇ ਸਮੇਂ ਡੋਕਲਾਮ ਇਲਾਕੇ ਵਿਚ ਆਉੁਂਦੀ ਹੈ। ਇਸ ਸਾਲ ਵੀ ਚੀਨੀ ਫੌਜ ਡੋਕਲਾਮ ਆਈ ਸੀ ਅਤੇ ਸੜਕ ਦੀ ਉਸਾਰੀ ਕਰ ਰਹੀ ਸੀ, ਜਿਸ ਦਾ ਵਿਰੋਧ ਭਾਰਤ ਵਲੋਂ ਕੀਤਾ ਗਿਆ ਸੀ। ਇਹ ਵਿਰੋਧ ਕਾਫੀ ਲੰਬਾ ਸਮਾਂ ਚੱਲਿਆ ਅਤੇ ਇਸ ਨੂੰ ਲੈ ਕੇ ਭਾਰਤ ਅਤੇ ਚੀਨ ਦੀਆਂ ਫੌਜਾਂ ਡੋਕਲਾਮ ਇਲਾਕੇ ਵਿਚ ਲੱਗਭਗ 73 ਦਿਨ ਤਕ ਆਹਮੋ-ਸਾਹਮਣੇ ਡਟੀਆਂ ਰਹੀਆਂ। ਇਸ ਦਾ ਸ਼ਾਂਤਮਈ ਹੱਲ 28 ਅਗਸਤ ਨੂੰ ਕੀਤਾ ਗਿਆ, ਜਦੋਂਕਿ ਇਕ ਵਾਰ ਮੁੜ ਚੀਨੀ ਫੌਜ ਨੇ ਹੁਣ ਡੋਕਲਾਮ ਵਿਚ ਹਲਚਲ ਪੈਦਾ ਕਰ ਦਿੱਤੀ ਹੈ।


Related News