ਬਿਹਾਰ ’ਚ ਹੋਲੀ ਮੌਕੇ ਜ਼ਹਿਰੀਲੀ ਸ਼ਰਾਬ ਪੀਣ ਨਾਲ 10 ਲੋਕਾਂ ਦੀ ਮੌਤ

03/20/2022 5:46:15 PM

ਭਾਗਲਪੁਰ (ਭਾਸ਼ਾ)– ਬਿਹਾਰ ਦੇ ਦੋ ਜ਼ਿਲ੍ਹਿਆਂ ’ਚ ਹੋਲੀ ਦੇ ਤਿਉਹਾਰ ਮੌਕੇ ਜ਼ਹਿਰੀਲੀ ਸ਼ਰਾਬ ਪੀਣ ਨਾਲ 10 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਭਾਗਲਪੁਰ ਜ਼ਿਲ੍ਹੇ ’ਚ 8 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ’ਚੋਂ 4 ਦੀ ਮੌਤ ਭਾਗਲਪੁਰ ਦੇ ਸਾਹਿਬਗੰਜ ਇਲਾਕੇ ਵਿਚ, ਜਦਕਿ ਬਾਕੀ ਲੋਕਾਂ ਦੀ ਮੌਤ ਨਾਰਾਇਣਪੁਰ ਪੁਲਸ ਥਾਣਾ ਖੇਤਰ ਦੇ ਵੱਖ-ਵੱਖ ਪਿੰਡਾਂ ’ਚ ਹੋਈ ਹੈ। ਨਾਰਾਇਣਪੁਰ ਥਾਣਾ ਮੁਖੀ ਰਮੇਸ਼ ਸ਼ਾਹ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਹ ਮੌਤਾਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਹਨ ਜਾਂ ਨਹੀਂ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮ੍ਰਿਤਕਾਂ ’ਚ ਸ਼ਾਮਲ ਇਕ ਵਿਅਕਤੀ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਇਕ ਹੋਰ ਪੌੜੀਆਂ ਚੜ੍ਹਦੇ ਸਮੇਂ ਡਿੱਗ ਗਿਆ ਸੀ।

ਯੂਨੀਵਰਸਿਟੀ ਪੁਲਸ ਥਾਣਾ ਮੁਖੀ ਰੀਤਾ ਕੁਮਾਰੀ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਮਗਰੋਂ ਹੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਹੋਣ ਦੀ ਪੁਸ਼ਟੀ ਹੋ ਸਕੇਗੀ। ਜ਼ਿਕਰਯੋਗ ਹੈ ਕਿ ਇਸੇ ਥਾਣਾ ਖੇਤਰ ’ਚ ਸਾਹਿਬਗੰਜ ਪੈਂਦਾ ਹੈ। ਸਾਹਿਬਗੰਜ ਵਾਸੀ ਇਕ ਸ਼ਖਸ ਦੀਆਂ ਅੱਖਾਂ ਦੀਆਂ ਰੌਸ਼ਨੀ ਚੱਲੀ ਗਈ ਅਤੇ ਉਸ ਦਾ ਇਕ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਸਥਾਨਕ ਲੋਕਾਂ ਨੇ ਘਟਨਾ ਨੂੰ ਲੈ ਕੇ ਐਤਵਾਰ ਸਵੇਰੇ ਗੁੱਸਾ ਜ਼ਾਹਰ ਕਰਦੇ ਹੋਏ ਸੜਕ ’ਤੇ ਟਾਇਰ ਫੂਕੇ। ਪੁਲਸ ਵਲੋਂ ਸਮਝਾਉਣ ਮਗਰੋਂ ਆਵਾਜਾਈ ਬਹਾਲ ਹੋਈ। ਇਸ ਤੋਂ ਇਲਾਵਾ ਮਧੇਪੁਰਾ ਜ਼ਿਲ੍ਹੇ ਦੇ ਮੁਰਲੀਗੰਜ ਡਵੀਜ਼ਨ ’ਚ 2 ਲੋਕਾਂ ਦੀ ਮੌਤ ਹੋਈ। ਉੱਥੇ ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਨਕਲੀ ਸ਼ਰਾਬ ਦਾ ਧੰਦਾ ਧੜਲੇ ਨਾਲ ਚੱਲ ਰਿਹਾ ਹੈ।


Tanu

Content Editor

Related News