2009 ''ਚ ਸ਼ੇਖ ਹਸੀਨਾ ਨੇ ਮੰਗੀ ਸੀ ਭਾਰਤ ਤੋਂ ਮਦਦ

Sunday, Aug 18, 2024 - 11:09 AM (IST)

ਨਵੀਂ ਦਿੱਲੀ- ਬੰਗਲਾਦੇਸ਼ ’ਚ 5 ਅਗਸਤ, 2024 ਨੂੰ ਜੋ ਕੁਝ ਹੋਇਆ, ਉਹ ਕੋਈ ਨਵੀਂ ਗੱਲ ਨਹੀਂ ਹੈ। 25 ਫਰਵਰੀ, 2009 ਨੂੰ ਵੀ ਬੰਗਲਾਦੇਸ਼ ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ। ਉਸ ਸਮੇਂ ਉਨ੍ਹਾਂ ‘ਕਾਕਾ ਬਾਬੂ’ ਨੂੰ ਫੋਨ ਕੀਤਾ ਸੀ ਅਤੇ ਭਾਰਤ ਕੋਲੋਂ ਤੁਰੰਤ ਮਦਦ ਮੰਗੀ ਸੀ। ਉਸ ਸਮੇਂ ਬੰਗਲਾਦੇਸ਼ ਰਾਈਫਲਜ਼ (ਬੀ. ਡੀ. ਆਰ.) ਦੇ ਅਫਸਰਾਂ ਨੇ ਬਗਾਵਤ ਕਰ ਦਿੱਤੀ ਸੀ। ਮਨਮੋਹਨ ਸਿੰਘ ਸਰਕਾਰ ’ਚ ਵਿੱਤ ਮੰਤਰੀ ਰਹੇ ਪ੍ਰਣਬ ਮੁਖਰਜੀ ਨੂੰ ਉਹ ‘ਕਾਕਾ ਬਾਬੂ’ ਕਹਿ ਕੇ ਬੁਲਾਉਂਦੀ ਸੀ। ਮੁਖਰਜੀ ਕੋਲ ਉਸ ਸਮੇਂ ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਨ ਦੀ ਆਰਜ਼ੀ ਜ਼ਿੰਮੇਵਾਰੀ ਸੀ ਕਿਉਂਕਿ ਪ੍ਰਧਾਨ ਮੰਤਰੀ ਦਿਲ ਦੀ ਸਰਜਰੀ ਤੋਂ ਬਾਅਦ ਆਰਾਮ ਕਰ ਰਹੇ ਸਨ।

ਮਨਮੋਹਨ ਸਿੰਘ ਦੀ ਇਜਾਜ਼ਤ ਲੈਣ ਤੋਂ ਬਾਅਦ ਪ੍ਰਣਬ ਨੇ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਬੁਲਾਈ । ਭਾਰਤ ਨੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਢਾਕਾ ’ਚ ਆਪਣੇ ਫੌਜੀ ਭੇਜਣ ਦਾ ਫੈਸਲਾ ਕੀਤਾ। ਭਾਰਤ ਨੇ ਪੱਛਮੀ ਬੰਗਾਲ ਦੇ ਕਲਾਈਕੁੰਡਾ ਏਅਰਫੋਰਸ ਸਟੇਸ਼ਨ ’ਤੇ 1,000 ਪੈਰਾਟਰੂਪਰ ਤਾਇਨਾਤ ਕੀਤੇ ਅਤੇ 26 ਫਰਵਰੀ ਦੀ ਸ਼ਾਮ ਤੱਕ ਬੰਗਲਾਦੇਸ਼ ’ਚ ਲੈਂਡਿੰਗ ਆਪ੍ਰੇਸ਼ਨ ਦੀ ਅਗਵਾਈ ਕਰਨ ਲਈ ਇਕ ਬਟਾਲੀਅਨ ਤਿਆਰ ਕੀਤੀ।

2009 ’ਚ ਵੀ ਵਿਰੋਧ ਪ੍ਰਦਰਸ਼ਨਾਂ ਦਾ ਕਾਰਨ ‘ਮੁਕਤੀ ਯੋਧਿਆਂ’ ਦੇ ਬੱਚਿਆਂ ਤੇ ਪੋਤੇ-ਪੋਤੀਆਂ ਲਈ ਸਰਕਾਰੀ ਨੌਕਰੀਆਂ ’ਚ 30 ਫ਼ੀਸਦੀ ਰਾਖਵਾਂਕਰਨ ਲਾਗੂ ਕਰਨ ਦਾ ਐਲਾਨ ਸੀ। ਮੁਕਤੀ ਯੋਧੇ 1971 ਦੀ ਆਜ਼ਾਦੀ ਦੀ ਲੜਾਈ ਲੜਨ ਵਾਲੇ 'ਆਜ਼ਾਦੀ ਘੁਲਾਟੀਆਂ' ਨੂੰ ਕਿਹਾ ਜਾਂਦਾ ਹੈ। ਬੀ. ਐੱਨ. ਪੀ. ਅਤੇ ਜਮਾਤ ਦਾ ਸਮਰਥਨ ਕਰ ਰਹੇ ਵਿਦਿਆਰਥੀ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ।

ਇਹ ਖੁਲਾਸੇ ਰਣਨੀਤਕ ਮਾਮਲਿਆਂ ਦੇ ਮਾਹਿਰ ਅਵਿਨਾਸ਼ ਪਾਲੀਵਾਲ ਨੇ ਆਪਣੀ ਕਿਤਾਬ ‘ਇੰਡੀਆਜ਼ ਨੀਅਰ ਈਸਟ : ਏ ਨਿਊ ਹਿਸਟਰੀ’ ’ਚ ਕੀਤੇ ਹਨ। ਸੀਨੀਅਰ ਫੌਜੀ ਅਧਿਕਾਰੀਆਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਇਹ ਭਾਰਤ ਲਈ ਵੀ ਔਖਾ ਸਮਾਂ ਸੀ ਕਿਉਂਕਿ ਉਹ 26/11 ਦੇ ਹਮਲਿਆਂ ਤੋਂ ਅਜੇ ਉੱਭਰਿਆ ਹੀ ਸੀ। ਨਾਲ ਹੀ ਸ੍ਰੀਲੰਕਾ ਦੀ ਖਾਨਾਜੰਗੀ ਆਪਣੇ ਅੰਤਿਮ ਪੜਾਅ ’ਤੇ ਸੀ। ਇਸ ਦੇ ਬਾਵਜੂਦ ਮਿਸ਼ਨ ਪੂਰਾ ਹੋ ਗਿਆ ਅਤੇ ਹਸੀਨਾ ਬਗਾਵਤ ਤੋਂ ਬਚ ਗਈ।


Tanu

Content Editor

Related News