ਇਮਰਾਨ ਨੇ ਪਾਕਿਸਤਾਨੀਆਂ ਨੂੰ 'ਜ਼ਿਹਾਦ' ਲਈ ਕਸ਼ਮੀਰ ਨਾ ਜਾਣ ਦਿੱਤੀ ਚਿਤਾਵਨੀ

09/19/2019 2:16:37 AM

ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੁੱਧਵਾਰ ਨੂੰ ਪਾਕਿਸਤਾਨੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਜ਼ਿਹਾਦ ਲਈ ਕਸ਼ਮੀਰ ਨਾ ਜਾਣ ਕਿਉਂਕਿ ਇਸ ਨਾਲ ਕਸ਼ਮੀਰੀਆਂ ਨੂੰ ਨੁਕਸਾਨ ਪਹੁੰਚੇਗਾ। ਖਾਨ ਨੇ ਆਖਿਆ ਕਿ ਜੇਕਰ ਪਾਕਿਸਤਾਨ ਤੋਂ ਕੋਈ ਜ਼ਿਹਾਦ ਲਈ ਭਾਰਤ ਜਾਵੇਗਾ ਤਾਂ ਉਹ ਕਸ਼ਮੀਰੀਆਂ ਦੇ ਨਾਲ ਅਨਿਆਂ ਕਰਨ ਵਾਲਾ ਪਹਿਲਾ ਵਿਅਕਤੀ ਹੋਵੇਗਾ, ਉਹ ਕਸ਼ਮੀਰੀਆਂ ਦਾ ਦੁਸ਼ਮਣ ਹੋਵੇਗਾ। ਖਾਨ ਨੇ ਦਾਅਵਾ ਕੀਤਾ ਕਿ ਭਾਰਤ ਨੂੰ ਕਸ਼ਮੀਰ ਦੇ ਲੋਕਾਂ 'ਤੇ ਕਾਰਵਾਈ ਕਰਨ ਲਈ ਸਿਰਫ ਇਕ ਬਹਾਨੇ ਦੀ ਜ਼ਰੂਰਤ ਹੈ।

ਪਾਕਿਸਤਾਨ-ਅਫਗਾਨਿਸਤਾਨ ਸਰਹੱਦ 'ਤੇ ਸਥਿਤੀ ਤੋਰਖਾਮ ਟਰਮੀਨਲ ਦਾ ਉਦਘਾਟਨ ਕਰਨ ਤੋਂ ਬਾਅਦ ਖਾਨ ਨੇ ਇਹ ਆਖਿਆ। ਉਨ੍ਹਾਂ ਨੇ ਇਕ ਵਾਰ ਫਿਰ ਤੋਂ ਦਾਅਵਾ ਕੀਤਾ ਕਿ ਭਾਰਤ ਕਸ਼ਮੀਰ ਤੋਂ ਧਿਆਨ ਭਟਕਾਉਣ ਲਈ ਫਾਲਸ ਫਲੈਗ (ਝੂਠਾ ਦੋਸ਼ ਲਾ ਕੇ ਕੋਈ) ਅਭਿਆਨ ਸ਼ੁਰੂ ਕਰ ਸਕਦਾ ਹੈ। ਖਾਨ ਦੀ ਅਮਰੀਕੀ ਦੀ ਅਹਿਮ ਯਾਤਰਾ ਤੋਂ ਪਹਿਲਾਂ ਕਸ਼ਮੀਰ 'ਚ ਜ਼ਿਹਾਦੀ ਗਤੀਵਿਧੀਆਂ ਨੂੰ ਹੱਲਾਸ਼ੇਰੀ ਦੇਣ ਵਾਲਾ ਉਨ੍ਹਾਂ ਦਾ ਇਹ ਬਿਆਨ ਆਇਆ ਹੈ। ਆਪਣੀ ਇਸ ਯਾਤਰਾ ਦੌਰਾਨ ਉਹ ਸੰਯੁਕਤ ਰਾਸ਼ਟਰ ਮਹਾ ਸਭਾ ਨੂੰ ਸੰਬੋਧਿਤ ਕਰਨਗੇ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣਗੇ। ਖਾਨ ਨੇ ਆਖਿਆ ਕਿ ਅਗਲੇ ਹਫਤੇ ਸੰਯੁਕਤ ਰਾਸ਼ਟਰ ਮਹਾ ਸਭਾ (ਯੂ. ਐੱਨ. ਜੀ. ਏ.) ਦੇ ਸ਼ੈਸ਼ਨ 'ਚ ਉਹ ਕਸ਼ਮੀਰ ਮੁੱਦਾ ਇੰਨੇ ਜ਼ੋਰਦਾਰ ਤਰੀਕੇ ਨਾਲ ਚੁੱਕਣਗੇ ਕਿ ਜਿਵੇਂ ਪਹਿਲਾਂ ਕਦੇ ਨਾ ਹੋਇਆ ਹੋਵੇ। ਰੇਡੀਓ ਪਾਕਿਸਤਾਨ ਦੀ ਖਬਰ ਮੁਤਾਬਕ ਖਾਨ ਨੇ ਆਖਿਆ ਕਿ ਭਾਰਤ ਦੇ ਨਾਲ ਵਾਰਤਾ ਉਦੋਂ ਤੱਕ ਨਹੀਂ ਹੋ ਸਕਦੀ ਜਦ ਤੱਕ ਕਿ ਉਹ ਕਸ਼ਮੀਰ 'ਚੋਂ ਕਰਫਿਊ ਨਹੀਂ ਹਟਾ ਲੈਂਦੇ ਅਤੇ ਧਾਰਾ-370 ਹਟਾਉਣ ਦੇ ਆਪਣੇ ਫੈਸਲੇ ਨੂੰ ਰੱਦ ਨਹੀਂ ਕਰ ਦਿੰਦੇ।

ਕੰਟਰੋਲ ਲਾਈਨ ਵੱਲੋਂ ਕੁਝ ਸਿਆਸੀ ਦਲਾਂ ਅਤੇ ਧਾਰਮਿਕ ਪਾਰਟੀਆਂ ਦੀ ਇਕ ਪ੍ਰਸਤਾਵਿਤ ਯਾਤਰਾ ਇਸ ਹਫਤੇ ਦੀ ਸ਼ੁਰੂਆਤ 'ਚ ਰੱਦ ਕਰ ਦਿੱਤੀ ਗਈ ਸੀ। ਦਰਅਸਲ, ਖਾਨ ਨੇ ਉਨ੍ਹਾਂ ਨੂੰ ਆਖਿਆ ਸੀ ਕਿ 27 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾ ਸਭਾ 'ਚ ਉਨ੍ਹਾਂ ਦੇ ਸੰਬੋਧਨ ਤੱਕ ਇਸ ਨੂੰ ਰੱਦ ਕਰ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ-370 ਦੇ ਜ਼ਿਆਦਾਤਰ ਪ੍ਰਾਵਧਾਨਾਂ ਨੂੰ ਭਾਰਤ ਵੱਲੋਂ 5 ਅਗਸਤ ਨੂੰ ਰੱਦ ਕਰ ਦਿੱਤੇ ਜਾਣ ਤੋਂ ਬਾਅਦ ਭਾਰਤ ਅਤੇ ਪਾਕਿ ਵਿਚਾਲੇ ਤਣਾਅ ਵਧ ਗਿਆ। ਕਸ਼ਮੀਰ 'ਤੇ ਨਵੀਂ ਦਿੱਲੀ ਦੇ ਕਦਮ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪਾਕਿਸਤਾਨ ਨੇ ਭਾਰਤ ਦੇ ਨਾਲ ਕੂਟਨੀਤਕ ਸਬੰਧਾਂ ਦਾ ਦਰਜਾ ਘੱਟ ਕਰ ਦਿੱਤਾ ਅਤੇ ਭਾਰਤ ਹਾਈ ਕਮਿਸ਼ਨਰ ਨੂੰ ਤਲਬ ਕਰ ਦਿੱਤਾ ਗਿਆ। ਖਾਨ ਨੇ ਇਹ ਦਾਅਵਾ ਕੀਤਾ ਕਿ ਸਿੰਧ ਸੂਬੇ ਦੇ ਘੋਟਕੀ 'ਚ ਇਕ ਹਿੰਦੂ ਮੰਦਰ 'ਤੇ ਹਮਲਾ ਉਨ੍ਹਾਂ ਦੇ ਸੰਯੁਕਤ ਰਾਸ਼ਟਰ ਮਹਾ ਸਭਾ ਸੰਬੋਧਨ 'ਚ ਅੜਿੱਕਾ ਪਾਉਣ ਦੀ ਇਕ ਸਾਜਿਸ਼ ਹੈ। ਉਨ੍ਹਾਂ ਆਖਿਆ ਕਿ ਘੋਟਕੀ 'ਚ ਜੋ ਕੁਝ ਹੋਇਆ ਉਸ ਦੀ ਮੈਂ ਨਿੰਦਾ ਕਰਦਾ ਹਾਂ।

ਅਫਗਾਨਿਸਤਾਨ ਦੇ ਵਿਸ਼ੇ 'ਤੇ ਖਾਨ ਨੇ ਆਖਿਆ ਕਿ ਇਸ ਗੁਆਂਢੀ ਦੇਸ਼ ਅਫਗਾਨਿਸਤਾਨ ਦੇ ਨਾਲ ਰੁਕੀ ਪਈ ਸ਼ਾਂਤੀ ਪ੍ਰਕਿਰਿਆ ਨੂੰ ਬਹਾਲ ਕਰਨ ਲਈ ਪਾਕਿਸਤਾਨ ਆਪਣੀ ਪੁਰਜ਼ੋਰ ਕੋਸ਼ਿਸ਼ ਕਰੇਗਾ। ਪ੍ਰਧਾਨ ਮੰਤਰੀ ਖਾਨ ਨੇ ਅੱਗੇ ਆਖਿਆ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਸੋਮਵਾਰ ਨੂੰ ਨਿਊਯਾਰਕ 'ਚ ਆਪਣੀ ਬੈਠਕ ਦੌਰਾਨ ਸ਼ਾਂਤੀ ਪ੍ਰਕਿਰਿਆ ਬਹਾਲ ਕਰਨ 'ਤੇ ਜ਼ੋਰ ਦੇਣਗੇ। ਉਨ੍ਹਾਂ ਆਖਿਆ ਕਿ ਜੇਕਰ ਵਾਰਤਾ ਫਿਰ ਤੋਂ ਸ਼ੁਰੂ ਨਹੀਂ ਹੁੰਦੀ ਹੈ ਅਤੇ ਅਫਗਾਨ ਚੋਣਾਂ 'ਚ ਤਾਲਿਬਾਨ ਹਿੱਸਾ ਨਹੀਂ ਲੈਂਦਾ ਹੈ ਤਾਂ ਇਹ ਇਕ ਤ੍ਰਾਸਦੀ ਹੋਵੇਗੀ। ਦਰਅਸਲ, ਕੁਝ ਦਿਨਾਂ ਪਹਿਲਾਂ ਟਰੰਪ ਨੇ ਆਖਿਆ ਸੀ ਕਿ ਤਾਲਿਬਾਨ ਦੇ ਨਾਲ ਵਾਰਤਾ ਬੰਦ ਹੋ ਗਈ ਹੈ। ਇਸ ਤੋਂ ਬਾਅਦ ਇਸ ਬਾਰੇ 'ਚ ਖਾਨ ਦਾ ਇਹ ਬਿਆਨ ਆਇਆ ਹੈ।


Khushdeep Jassi

Content Editor

Related News