ਬਦਲਾਪੁਰ ਕਾਂਡ ’ਚ ਅਹਿਮ ਖੁਲਾਸਾ : 15 ਦਿਨਾਂ ’ਚ ਵਾਰ-ਵਾਰ ਹੋਈ ਬੱਚੀਆਂ ਨਾਲ ਦਰਿੰਦਗੀ
Saturday, Aug 24, 2024 - 10:16 AM (IST)
ਠਾਣੇ (ਇੰਟ.)- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਬਦਲਾਪੁਰ ’ਚ ਇਕ ਸਕੂਲ ’ਚ 2 ਮਾਸੂਮ ਬੱਚੀਆਂ ਨਾਲ ਸੈਕਸ ਸ਼ੋਸ਼ਣ ਦੇ ਮਾਮਲੇ ’ਚ ਸਰਕਾਰ ਵੱਲੋਂ ਗਠਿਤ 2 ਮੈਂਬਰੀ ਪੈਨਲ ਨੇ ਅਹਿਮ ਖੁਲਾਸੇ ਕੀਤੇ ਹਨ। ਕਮੇਟੀ ਦੀ ਸ਼ੁਰੂਆਤੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਕਿੰਡਰਗਾਰਟਨ ਦੀਆਂ 3 ਅਤੇ 4 ਸਾਲ ਦੀਆਂ ਦੋਵਾਂ ਬੱਚੀਆਂ ਦਾ ਇਕ ਵਾਰ ਨਹੀਂ, ਸਗੋਂ ਪਿਛਲੇ 15 ਦਿਨਾਂ ਅੰਦਰ ਕਈ ਵਾਰ ਸੈਕਸ ਸ਼ੋਸ਼ਣ ਕੀਤਾ ਗਿਆ। ਕਿੰਡਰਗਾਰਟਨ ’ਚ ਪੜ੍ਹਨ ਵਾਲੀਆਂ 2 ਮਾਸੂਮ ਬੱਚੀਆਂ ਨਾਲ ਸੈਕਸ ਸ਼ੋਸ਼ਣ ਦੀ ਘਟਨਾ ਨੇ ਬਦਲਾਪੁਰ ’ਚ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਸੀ। ਇਸ ਮਾਮਲੇ ਨਾਲ ਨਜਿੱਠਣ ’ਚ ਹੋਈ ਲਾਪਰਵਾਹੀ ਨੂੰ ਲੈ ਕੇ ਸਕੂਲ ਪ੍ਰਸ਼ਾਸਨ ਅਤੇ ਪੁਲਸ ਸਖ਼ਤ ਜਾਂਚ ਦੇ ਘੇਰੇ ’ਚ ਹੈ। ਕਮੇਟੀ ਦੀ ਜਾਂਚ ਰਿਪੋਰਟ ’ਚ ਸਕੂਲ ਪ੍ਰਸ਼ਾਸਨ ’ਤੇ ਵੀ ਕਈ ਗੰਭੀਰ ਸਵਾਲ ਚੁੱਕੇ ਗਏ ਹਨ।
ਸੂਤਰਾਂ ਅਨੁਸਾਰ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਕੂਲ ਨੇ ਘਟਨਾ ਦੀ ਸੂਚਨਾ ਦੇਣ ’ਚ ਦੇਰੀ ਕੀਤੀ, ਜਦੋਂ ਕਿ ਪ੍ਰਿੰਸੀਪਲ ਨੇ 14 ਅਗਸਤ ਨੂੰ ਹੀ ਸਕੂਲ ਦੇ ਟਰੱਸਟੀ ਨੂੰ ਸੂਚਿਤ ਕਰ ਦਿੱਤਾ ਸੀ। ਇਸ ਦੇ ਬਾਵਜੂਦ ਸਕੂਲ ਪ੍ਰਸ਼ਾਸਨ ਨੇ ਸਬੰਧਤ ਪਰਿਵਾਰਾਂ ਨੂੰ ਨਾ ਤਾਂ ਸੂਚਨਾ ਦਿੱਤੀ ਅਤੇ ਨਾ ਹੀ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਗੱਲ ਦੀ ਵੀ ਜਾਂਚ ਕਰਨ ਲਈ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਨਿਯੁਕਤੀ ਕਿਵੇਂ ਅਤੇ ਕਿਸ ਏਜੰਸੀ ਰਾਹੀਂ ਹੋਈ ਸੀ। ਰਿਪੋਰਟ ’ਚ ਅੱਗੇ ਕਿਹਾ ਗਿਆ ਹੈ ਕਿ ਸਕੂਲ ਦਾ ਟਾਇਲਟ ਸਟਾਫ ਰੂਮ ਤੋਂ ਕਾਫ਼ੀ ਦੂਰ ਏਕਾਂਤ ਥਾਂ ’ਚ ਹੈ ਅਤੇ ਸੁਰੱਖਿਆ ਲਈ ਉੱਥੇ ਕੋਈ ਸੀ. ਸੀ. ਟੀ. ਵੀ. ਕੈਮਰਾ ਵੀ ਨਹੀਂ ਲਾਇਆ ਗਿਆ ਹੈ।
12 ਘੰਟੇ ਦੀ ਦੇਰੀ ਨਾਲ ਹੋਇਆ ਬੱਚੀਆਂ ਦਾ ਇਲਾਜ
ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਜਿਸ ਹਸਪਤਾਲ ’ਚ ਬੱਚੀਆਂ ਦਾ ਇਲਾਜ ਕੀਤਾ ਗਿਆ, ਉੱਥੇ ਉਨ੍ਹਾਂ ਨੂੰ ਮੈਡੀਕਲ ਸਹੂਲਤ ਮਿਲਣ ’ਚ ਵੀ 12 ਘੰਟੇ ਦੀ ਦੇਰੀ ਕੀਤੀ ਗਈ। ਇਸ ਤੋਂ ਇਲਾਵਾ ਰਿਪੋਰਟ ’ਚ ਕਿਹਾ ਗਿਆ ਹੈ ਕਿ ਮੁਲਜ਼ਮ ਅਕਸ਼ੇ ਸ਼ਿੰਦੇ ਦੀ ਪਛਾਣ ਅਤੇ ਉਸ ਦੇ ਪਿਛੋਕੜ ਦੀ ਜਾਂਚ ਕੀਤੇ ਬਿਨਾਂ ਹੀ ਉਸ ਨੂੰ ਸਕੂਲ ’ਚ ਕੰਮ ’ਤੇ ਰੱਖ ਲਿਆ ਗਿਆ ਸੀ। ਅਕਸ਼ੇ ਨੇ 1 ਅਗਸਤ ਤੋਂ ਹੀ ਠੇਕੇ ’ਤੇ ਕੰਮ ਕਰਨਾ ਸ਼ੁਰੂ ਕੀਤਾ ਸੀ। ਰਿਪੋਰਟ ’ਚ ਮੁਲਜ਼ਮ ਅਕਸ਼ੇ ਸ਼ਿੰਦੇ ਨੂੰ ਆਦਤਨ ਅਪਰਾਧੀ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ ਅਤੇ ਉਸ ਦੇ ਪਿਛੋਕੜ ਦੀ ਜਾਂਚ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8