ਹਵਾਈ ਮੁਸਾਫ਼ਰਾਂ ਲਈ ਅਹਿਮ ਖ਼ਬਰ: 1 ਸਤੰਬਰ ਤੋਂ ਲਾਗੂ ਹੋਵੇਗਾ ਨਵਾਂ ਡਿਜੀਟਲ ਨਿਯਮ
Saturday, Aug 22, 2026 - 08:54 PM (IST)
ਨਵੀਂ ਦਿੱਲੀ : ਵਿਦੇਸ਼ ਯਾਤਰਾ ਕਰਨ ਵਾਲੇ ਹਵਾਈ ਮੁਸਾਫ਼ਰਾਂ ਲਈ ਇੱਕ ਵੱਡੀ ਅਤੇ ਅਹਿਮ ਖ਼ਬਰ ਹੈ। 1 ਸਤੰਬਰ ਤੋਂ ਕੌਮਾਂਤਰੀ ਯਾਤਰੀਆਂ ਨੂੰ ਇਮੀਗ੍ਰੇਸ਼ਨ ਕਲੀਅਰੈਂਸ ਲਈ ਆਪਣੇ ਸਮਾਰਟਫ਼ੋਨ 'ਤੇ ਈ-ਬੋਰਡਿੰਗ ਪਾਸ ਦੀ ਲੋੜ ਹੋਵੇਗੀ। ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਹੁਣ ਫੀਜ਼ਿਕਲ ਬੋਰਡਿੰਗ ਪਾਸਾਂ 'ਤੇ ਮੋਹਰ ਲਗਾਉਣ ਦੀ ਲਾਜ਼ਮੀ ਲੋੜ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਰਿਹਾ ਹੈ।
ਇਹ ਅਹਿਮ ਫ਼ੈਸਲਾ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਦੇ ਬਿਊਰੋ ਆਫ਼ ਇਮੀਗ੍ਰੇਸ਼ਨ (BOI) ਵੱਲੋਂ ਲਿਆ ਗਿਆ ਹੈ। ਅਧਿਕਾਰੀਆਂ ਅਨੁਸਾਰ, ਇਮੀਗ੍ਰੇਸ਼ਨ ਕਾਊਂਟਰਾਂ 'ਤੇ ਫੀਜ਼ਿਕਲ ਬੋਰਡਿੰਗ ਪਾਸਾਂ 'ਤੇ ਮੋਹਰ ਲਗਾਉਣ ਦੀ ਪ੍ਰਕਿਰਿਆ ਯਾਤਰੀਆਂ ਲਈ ਅਸੁਵਿਧਾਜਨਕ ਸੀ। ਇਸ ਤੋਂ ਇਲਾਵਾ, 'ਗ਼ਲਤ ਜਾਂ ਅਧੂਰੀ' ਮੋਹਰ ਲੱਗਣ ਕਾਰਨ ਬੋਰਡਿੰਗ ਪਾਸਾਂ ਨੂੰ ਪੜ੍ਹਨ ਵਿੱਚ ਵੀ ਗ਼ਲਤੀਆਂ ਹੁੰਦੀਆਂ ਸਨ, ਜਿਸ ਕਰਕੇ ਇਸ ਪ੍ਰਕਿਰਿਆ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਹਾਲਾਂਕਿ, ਫੀਜ਼ਿਕਲ ਬੋਰਡਿੰਗ ਪਾਸ ਅਜੇ ਵੀ ਸਵੀਕਾਰ ਕੀਤੇ ਜਾਣਗੇ, ਪਰ 1 ਸਤੰਬਰ ਤੋਂ ਇਮੀਗ੍ਰੇਸ਼ਨ ਅਧਿਕਾਰੀ ਉਨ੍ਹਾਂ 'ਤੇ ਕੋਈ ਮੋਹਰ ਨਹੀਂ ਲਗਾਉਣਗੇ।
ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਨੇ ਪਹਿਲਾਂ ਹੀ ਕਈ ਸਾਲ ਪਹਿਲਾਂ ਘਰੇਲੂ ਅਤੇ ਕੌਮਾਂਤਰੀ ਦੋਵਾਂ ਯਾਤਰੀਆਂ ਲਈ ਫੀਜ਼ਿਕਲ ਚੈਕਿੰਗ ਦੌਰਾਨ ਬੋਰਡਿੰਗ ਪਾਸਾਂ 'ਤੇ ਮੋਹਰ ਲਗਾਉਣੀ ਬੰਦ ਕਰ ਦਿੱਤੀ ਸੀ। ਹੁਣ ਇਹ ਪਾਸ ਸਿਰਫ਼ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਜਾਂਚ ਲਈ ਹੀ ਪੇਸ਼ ਕੀਤੇ ਜਾਂਦੇ ਸਨ।
ਅਧਿਕਾਰੀਆਂ ਅਨੁਸਾਰ, ਭਾਰਤੀ ਪਾਸਪੋਰਟ ਧਾਰਕਾਂ ਲਈ ਇਮੀਗ੍ਰੇਸ਼ਨ ਦੀ ਐਂਟਰੀ ਅਤੇ ਐਗਜ਼ਿਟ ਦੀ ਮੋਹਰ ਲਗਾਉਣ ਦੀ ਪ੍ਰਕਿਰਿਆ ਨੂੰ ਵੀ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਇੱਕ ਪਾਇਲਟ ਪ੍ਰੋਜੈਕਟ ਚੱਲ ਰਿਹਾ ਹੈ। ਇਸ ਪਾਇਲਟ ਅਭਿਆਸ ਦੇ ਪੂਰਾ ਹੋਣ ਤੋਂ ਬਾਅਦ ਜਲਦੀ ਹੀ ਇਸ ਨਵੇਂ ਨਿਯਮ ਨੂੰ ਦੇਸ਼ ਦੇ ਸਾਰੇ ਹਵਾਈ ਅੱਡਿਆਂ 'ਤੇ ਲਾਗੂ ਕੀਤੇ ਜਾਣ ਦੀ ਉਮੀਦ ਹੈ।
