ਸ਼ੇਅਰ ਬਾਜ਼ਾਰ ਦੀ ਗਿਰਾਵਟ ਦਾ ਅਸਰ, ਸਤੰਬਰ ’ਚ ਡੀਮੈਟ ਖਾਤੇ 11.5 ਫੀਸਦੀ ਘਟੇ

Thursday, Oct 08, 2026 - 02:12 AM (IST)

ਸ਼ੇਅਰ ਬਾਜ਼ਾਰ ਦੀ ਗਿਰਾਵਟ ਦਾ ਅਸਰ, ਸਤੰਬਰ ’ਚ ਡੀਮੈਟ ਖਾਤੇ 11.5 ਫੀਸਦੀ ਘਟੇ

ਮੁੰਬਈ - ਸ਼ੇਅਰ ਬਾਜ਼ਾਰ ’ਚ ਲਗਾਤਾਰ 5 ਮਹੀਨਿਆਂ ਦੀ ਗਿਰਾਵਟ ਅਤੇ ਸਤੰਬਰ ’ਚ ਮੁੱਖ ਸੂਚਕ ਅੰਕਾਂ ਦੇ ਕਮਜ਼ੋਰ ਪ੍ਰਦਰਸ਼ਨ ਦਾ ਅਸਰ ਨਵੇਂ ਡੀਮੈਟ ਖਾਤੇ ਖੁੱਲ੍ਹਣ ਦੀ ਰਫ਼ਤਾਰ ’ਤੇ ਦਿਖਾਈ ਦਿੱਤਾ। ਸਤੰਬਰ ’ਚ ਲੱਗਭਗ 28.9 ਲੱਖ ਨਵੇਂ ਡੀਮੈਟ ਖਾਤੇ ਖੋਲ੍ਹੇ ਗਏ, ਜੋ ਅਗਸਤ ਦੇ 32.7 ਲੱਖ ਦੇ ਮੁਕਾਬਲੇ 11.5 ਫੀਸਦੀ ਘੱਟ ਹਨ। ਹਾਲਾਂਕਿ, ਜੁਲਾਈ-ਸਤੰਬਰ ਤਿਮਾਹੀ ’ਚ ਕੁੱਲ 90.4 ਲੱਖ ਨਵੇਂ ਖਾਤੇ ਜੁੜੇ, ਜੋ 7 ਤਿਮਾਹੀਆਂ ’ਚ ਸਭ ਤੋਂ ਜ਼ਿਆਦਾ ਤਿਮਾਹੀ ਵਾਧਾ ਹੈ। ਇਸ ਤੋਂ ਸਾਫ਼ ਹੈ ਕਿ ਬਾਜ਼ਾਰ ’ਚ ਉਤਾਰ-ਚੜ੍ਹਾਅ ਦੇ ਬਾਵਜੂਦ ਪ੍ਰਚੂਨ ਨਿਵੇਸ਼ਕਾਂ ਦਾ ਸ਼ੇਅਰ ਬਾਜ਼ਾਰ ਅਤੇ ਆਈ. ਪੀ. ਓ. ’ਚ ਆਕਰਸ਼ਣ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਹੈ।

ਸਤੰਬਰ ’ਚ ਬਾਜ਼ਾਰ ਦੀ ਕਮਜ਼ੋਰੀ ਨੇ ਨਿਵੇਸ਼ਕਾਂ ਦੇ ਨਵੇਂ ਦਾਖਲੇ ’ਤੇ ਅਸਰ ਪਾਇਆ। ਮਹੀਨੇ ਦੌਰਾਨ ਸੈਂਸੈਕਸ ਅਤੇ ਨਿਫਟੀ ’ਚ ਲੱਗਭਗ 6-6 ਫੀਸਦੀ ਦੀ ਗਿਰਾਵਟ ਆਈ। ਬੀ. ਐੱਸ. ਈ. ਮਿਡਕੈਪ ਅਤੇ ਸਮਾਲਕੈਪ ਸੂਚਕ ਅੰਕ ਵੀ ਕ੍ਰਮਵਾਰ 6.6 ਅਤੇ 3.2 ਫੀਸਦੀ ਹੇਠਾਂ ਰਹੇ। ਦੋਹਾਂ ਮੁੱਖ ਸੂਚਕ ਅੰਕਾਂ ਦੀ ਇਹ ਮਾਰਚ ਤੋਂ ਬਾਅਦ ਸਭ ਤੋਂ ਵੱਡੀ ਮਹੀਨਾਵਾਰ ਗਿਰਾਵਟ ਸੀ। ਅਜਿਹੇ ਮਾਹੌਲ ’ਚ ਨਿਵੇਸ਼ਕਾਂ ਨੇ ਨਵੇਂ ਖਾਤੇ ਖੋਲ੍ਹਣ ਦੀ ਬਜਾਏ ਬਾਜ਼ਾਰ ਦੀ ਦਿਸ਼ਾ ਸਾਫ਼ ਹੋਣ ਦਾ ਇੰਤਜ਼ਾਰ ਕਰਨਾ ਜ਼ਿਆਦਾ ਪਸੰਦ ਕੀਤਾ।

ਐੱਨ. ਐੱਸ. ਡੀ. ਐੱਲ. ਅਤੇ ਸੀ. ਡੀ. ਐੱਸ. ਐੱਲ. ਦੇ ਅੰਕੜਿਆਂ ਮੁਤਾਬਕ ਸਤੰਬਰ ਦੇ ਅੰਤ ਤੱਕ ਦੇਸ਼ ’ਚ ਕੁੱਲ 24.059 ਕਰੋੜ ਡੀਮੈਟ ਖਾਤੇ ਹੋ ਗਏ। ਪਿਛਲੀ ਤਿਮਾਹੀ ਦੇ ਮੁਕਾਬਲੇ ਇਨ੍ਹਾਂ ’ਚ 3.9 ਫੀਸਦੀ ਅਤੇ ਇਕ ਸਾਲ ਪਹਿਲਾਂ ਦੇ ਮੁਕਾਬਲੇ 16.2 ਫੀਸਦੀ ਦਾ ਵਾਧਾ ਹੋਇਆ। ਹਾਲਾਂਕਿ ਡੀਮੈਟ ਖਾਤਿਆਂ ਦੀ ਗਿਣਤੀ ਸਿੱਧੇ-ਸਿੱਧੇ ਵਿਅਕਤੀਗਤ ਨਿਵੇਸ਼ਕਾਂ ਦੀ ਗਿਣਤੀ ਨਹੀਂ ਦੱਸਦੀ, ਕਿਉਂਕਿ ਇਕ ਵਿਅਕਤੀ ਦੇ ਕੋਲ ਇਕ ਤੋਂ ਜ਼ਿਆਦਾ ਖਾਤੇ ਹੋ ਸਕਦੇ ਹਨ। ਅਗਸਤ 2026 ਤੱਕ ਖਾਸ ਨਿਵੇਸ਼ਕਾਂ ਦੀ ਗਿਣਤੀ ਲੱਗਭਗ 13.5 ਕਰੋੜ ਸੀ।

ਡੀਮੈਟ ਖਾਤਿਆਂ ’ਚ ਸਤੰਬਰ ਦੀ ਸੁਸਤੀ ਦੇ ਬਾਵਜੂਦ ਆਈ. ਪੀ. ਓ. ਬਾਜ਼ਾਰ ਬੇਹੱਦ ਸਰਗਰਮ ਰਿਹਾ। ਜੁਲਾਈ-ਸਤੰਬਰ ਤਿਮਾਹੀ ’ਚ 69 ਆਈ. ਪੀ. ਓ. ਰਾਹੀਂ ਲੱਗਭਗ 90,462 ਕਰੋੜ ਰੁਪਏ ਜੁਟਾਏ ਗਏ, ਜੋ ਕਿਸੇ ਤਿਮਾਹੀ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਰਾਸ਼ੀ ਹੈ।


author

Inder Prajapati

Content Editor

Related News