ਸਰਜਿਓ ਗੋਰ ਹੋਣ ਦੀ ਅਹਿਮੀਅਤ

Wednesday, Jun 10, 2026 - 10:03 AM (IST)

ਸਰਜਿਓ ਗੋਰ ਹੋਣ ਦੀ ਅਹਿਮੀਅਤ

2025 ਦੇ ਵਧੇਰੇ ਸਮੇਂ ਦੌਰਾਨ ਭਾਰਤ ਨੇ ਆਪਣੇ ਆਪ ਨੂੰ ਸੰਯੁਕਤ ਰਾਜ ਅਮਰੀਕਾ ਦਾ ਰਣਨੀਤਕ ਭਾਈਵਾਲ ਤੇ ਵਾਸ਼ਿੰਗਟਨ ਦੀ ਜਨਤਕ ਆਲੋਚਨਾ ਦਾ ਲਗਾਤਾਰ ਨਿਸ਼ਾਨਾ ਬਣਨ ਦੀ ਅਜੀਬ ਸਥਿਤੀ ’ਚ ਵੇਖਿਅਾ। ਭਾਵੇਂ ਇਹ ਭਾਰਤ ਵੱਲੋਂ ਰੂਸੀ ਤੇਲ ਦੀ ਖਰੀਦਦਾਰੀ ਹੋਵੇ, ਵਪਾਰਕ ਵਿਵਾਦ ਹੋਵੇ ਜਾਂ ਟੈਰਿਫ ਵਿਵਾਦ, ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ ਸੀਨੀਅਰ ਅਮਰੀਕੀ ਅਧਿਕਾਰੀਆਂ ਦੀਆਂ ਤਿੱਖੀਆਂ ਟਿੱਪਣੀਆਂ ਲੱਗਭਗ ਆਮ ਹੀ ਬਣ ਗਈਆਂ ਸਨ।

ਫਿਰ ਸਰਜਿਓ ਗੋਰ ਆਏ। ਇਸ ਸਾਲ ਜਨਵਰੀ ’ਚ ਭਾਰਤ ’ਚ ਅਮਰੀਕੀ ਰਾਜਦੂਤ ਦਾ ਅਹੁਦਾ ਰਸਮੀ ਤੌਰ 'ਤੇ ਸੰਭਾਲਣ ਤੋਂ ਬਹੁਤ ਪਹਿਲਾਂ ਗੋਰ ਨੇ ਆਪਣੀ ਅਹਿਮੀਅਤ ਦਾ ਸੰਕੇਤ ਦਿੱਤਾ ਸੀ। ਇਕ ਬਹੁਤ ਹੀ ਬੇਮਿਸਾਲ ਕਦਮ ਅਧੀਨ ਉਹ ਆਪਣੇ ਪ੍ਰਮਾਣ ਪੱਤਰ ਪੇਸ਼ ਕਰਨ ਤੋਂ ਕੁਝ ਮਹੀਨੇ ਪਹਿਲਾਂ ਅਕਤੂਬਰ 2025 ’ਚ ਨਵੀਂ ਦਿੱਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਸਨ।

ਕੂਟਨੀਤਕ ਹਲਕਿਆਂ ’ਚ ਇਸ ਮੁਲਾਕਾਤ ਨੂੰ ਟਰੰਪ ਪ੍ਰਸ਼ਾਸਨ ਤੱਕ ਗੋਰ ਦੀ ਵਿਸ਼ੇਸ਼ ਪਹੁੰਚ ਦੇ ਸਪੱਸ਼ਟ ਸੰਕੇਤ ਵਜੋਂ ਵੇਖਿਆ ਗਿਆ ਸੀ। ਉਨ੍ਹਾਂ ਦੇ ਆਉਣ ਤੋਂ ਬਾਅਦ ਭਾਰਤ-ਅਮਰੀਕਾ ਗੱਲਬਾਤ ਦੀ ਸੁਰ ’ਚ ਇਕ ਵੱਖਰੀ ਤਬਦੀਲੀ ਆਈ ਹੈ। ਭਾਰਤ ਪ੍ਰਤੀ ਵਾਸ਼ਿੰਗਟਨ ਦੀ ਜਨਤਕ ਆਲੋਚਨਾ ਵੱਡੇ ਪੱਧਰ ’ਤੇ ਗਾਇਬ ਹੋ ਗਈ ਹੈ। ਉਸ ਦੀ ਥਾਂ ਹੁਣ ਵਪਾਰ, ਤਕਨਾਲੋਜੀ, ਰੱਖਿਆ ਤੇ ਰਣਨੀਤਕ ਮਾਮਲਿਆਂ ’ਚ ਸਹਿਯੋਗ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਡਿਪਲੋਮੈਟ ਤੇ ਨਿਰੀਖਕ ਦੋਵੇਂ ਹੀ ਵ੍ਹਾਈਟ ਹਾਊਸ ’ਚ ਗੋਰ ਦੇ ਵਿਲੱਖਣ ਪ੍ਰਭਾਵ ਨੂੰ ਸਿਹਰਾ ਦਿੰਦੇ ਹਨ। ਇਸ ਕਾਰਨ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰਨ ’ਚ ਮਦਦ ਮਿਲੀ ਹੈ

ਮੌਜੂਦਾ ਸਮੇਂ ’ਚ ਉਹ ਸਭ ਤੋਂ ਵੱਧ ਵਿਖਾਈ ਦੇਣ ਵਾਲੇ ਅਮਰੀਕੀ ਰਾਜਦੂਤਾਂ ’ਚੋਂ ਇਕ ਵਜੋਂ ਉੱਭਰੇ ਹਨ। ਬੰਦ ਦਰਵਾਜ਼ਿਆਂ ਪਿੱਛੇ ਚੁੱਪ-ਚਾਪ ਕੰਮ ਕਰਨ ਵਾਲੇ ਬਹੁਤ ਸਾਰੇ ਡਿਪਲੋਮੈਟਾਂ ਦੇ ਉਲਟ ਗੋਰ ਨੇ ਮੀਡੀਆ ਨਾਲ ਅਕਸਰ ਗੱਲਬਾਤ ਕਰ ਕੇ ਤੇ ਪੂਰੇ ਭਾਰਤ ਦਾ ਦੌਰਾ ਕਰ ਕੇ ਆਪਣੀ ਜਨਤਕ ਪਛਾਣ ਬਣਾਈ ਰੱਖੀ ਹੈ।

ਧਿਆਨ ਹੁਣ ਰਿਸ਼ਤਿਆਂ ’ਚ ਅਗਲੇ ਵੱਡੇ ਸਵਾਲ ਵੱਲ ਜਾਂਦਾ ਹੈ। ਪਹਿਲਾਂ ਕੌਣ ਕਿਸ ਨੂੰ ਮਿਲਦਾ ਹੈ? ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਮੋਦੀ ਨੂੰ ਵ੍ਹਾਈਟ ਹਾਊਸ ਆਉਣ ਦਾ ਰਾਸ਼ਟਰਪਤੀ ਟਰੰਪ ਦਾ ਸੱਦਾ ਦਿੱਤਾ। ਨਵੀਂ ਦਿੱਲੀ ਨੇ ਇਸ ਸਬੰਧੀ ਅਜੇ ਤਕ ਕੋਈ ਵਾਅਦਾ ਨਹੀਂ ਕੀਤਾ ਹੈ।

ਕੂਟਨੀਤਕ ਹਲਕਿਆਂ ’ਚ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਪ੍ਰੋਟੋਕੋਲ ਮੁਤਾਬਕ ਟਰੰਪ ਨੂੰ ਪਹਿਲਾਂ ਭਾਰਤ ਦਾ ਦੌਰਾ ਕਰਨਾ ਚਾਹੀਦਾ ਹੈ। ਸ਼ਾਇਦ ਆਉਣ ਵਾਲੇ ਕਵਾਡ ਲੀਡਰਸ ਸੰਮੇਲਨ ਲਈ। ਜਿਵੇਂ-ਜਿਵੇਂ ਇਹ ਬਹਿਸ ਅੱਗੇ ਵਧਦੀ ਜਾ ਰਹੀ ਹੈ, ਇਕ ਗੱਲ ਸਪੱਸ਼ਟ ਹੁੰਦੀ ਜਾ ਰਹੀ ਹੈ ਕਿ ਭਾਰਤ-ਅਮਰੀਕਾ ਸਬੰਧਾਂ ਦੇ ਮੌਜੂਦਾ ਪੜਾਅ ’ਚ ਸਰਜਿਓ ਗੋਰ ਦੇ ਹੋਣ ਦੀ ਅਹਿਮੀਅਤ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ।


author

Harpreet SIngh

Content Editor

Related News