ਕੇਂਦਰ ਨੇ ਸੂਬਿਆਂ ਨੂੰ ਕਿਹਾ-'ਤਮਾਕੂ ਵਸਤਾਂ 'ਤੇ ਸਿਹਤ ਚਿਤਾਵਨੀ ਦੇ ਨਵੇਂ ਸੈੱਟ ਲਾਗੂ ਕੀਤੇ ਜਾਣ'
Monday, Dec 07, 2020 - 12:17 AM (IST)
ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰਾਲਾ ਨੇ ਸਭ ਸੂਬਿਆਂ ਨੂੰ ਸਾਰੀਆਂ ਤਮਾਕੂ ਵਸਤਾਂ 'ਤੇ ਵੱਡੀਆਂ ਤਸਵੀਰਾਂ ਛਾਪ ਕੇ ਚਿਤਾਵਨੀ ਦੇ ਨਵੇਂ ਸੈੱਟ ਨੂੰ ਕੇਂਦਰ ਦੇ ਨੋਟੀਫਿਕੇਸ਼ਨ ਮੁਤਾਬਕ ਲਾਗੂ ਕਰਨ ਲਈ ਕਿਹਾ ਹੈ। ਮੰਤਰਾਲਾ ਮੁਤਾਬਕ ਵਿਸ਼ੇਸ਼ ਸਿਹਤ ਚਿਤਾਵਨੀ ਪ੍ਰਦਰਸ਼ਨ ਨਾਲ ਲੋਕਾਂ, ਖਾਸ ਤੌਰ 'ਤੇ ਨੌਜਵਾਨਾਂ, ਬੱਚਿਆਂ ਅਤੇ ਅਨਪੜ੍ਹਾਂ ਵਿਚ ਤੰਬਾਕੂ ਦੀ ਵਰਤੋਂ ਦੇ ਉਲਟ ਅਤੇ ਗੰਭੀਰ ਸਿਹਤ ਨਤੀਜਿਆਂ ਨੂੰ ਲੈ ਕੇ ਵਧੇਰੇ ਜਾਗਰੂਕਤਾ ਆਏਗੀ।
ਕੇਂਦਰੀ ਸਿਹਤ ਮੰਤਰਾਲਾ ਨੇ 15 ਮਾਰਚ 2008 ਨੂੰ ਸਿਗਰਟ ਅਤੇ ਹੋਰ ਤਮਾਕੂ ਵਸਤਾਂ (ਪੈਕੇਜਿੰਗ ਅਤੇ ਲੇਬਲਿੰਗ) ਨਿਯਮ ਨੋਟੀਫਾਈ ਕੀਤੇ ਸਨ। ਸਭ ਤਮਾਕੂ ਵਸਤਾਂ 'ਤੇ ਵੱਡੇ ਅੱਖਰਾਂ ਅਤੇ ਤਸਵੀਰਾਂ ਰਾਹੀਂ ਚਿਤਾਵਨੀਆਂ ਦੇ ਪ੍ਰਦਰਸ਼ਨ ਲਈ ਸਮੇਂ-ਸਮੇਂ 'ਤੇ ਇਨ੍ਹਾਂ ਨਿਯਮਾਂ ਵਿਚ ਤਬਦੀਲੀ ਕੀਤੀ ਗਈ ਹੈ। ਇਨ੍ਹਾਂ ਨਿਯਮਾਂ ਵਿਚ ਦਰਜ ਨੰਬਰ 5 ਮੁਤਾਬਕ ਤਮਾਕੂ ਵਸਤਾਂ ਦੀ ਪੈਕੇਜ 'ਤੇ ਸਿਹਤ ਨਾਲ ਸਬੰਧਿਤ ਚਿਤਾਵਨੀ ਨੂੰ ਹਰ ਦੋ ਸਾਲ ਵਿਚ ਬਦਲਣਾ ਹੋਵੇਗਾ।
ਨਿਯਮਾਂ ਦਾ ਨਵਾਂ ਸੈੱਟ 21 ਜੁਲਾਈ ਨੂੰ ਨੋਟੀਫਾਈ ਕੀਤਾ ਗਿਆ ਸੀ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਹੁਣੇ ਜਿਹੇ ਹੀ ਸਭ ਸੂਬਿਆਂ ਦੇ ਮੁੱਖ ਸਕੱਤਰਾਂ ਅਤੇ ਪ੍ਰਸ਼ਾਸਕਾਂ ਨੂੰ ਚਿੱਠੀ ਲਿਖ ਕੇ ਕਿਹਾ ਕਿ ਨਿਯਮਾਂ 'ਤੇ ਅਸਰਦਾਰ ਢੰਗ ਨਾਲ ਅਮਲ ਭਾਰਤ ਸਰਕਾਰ ਦੇ ਸਭ ਮੰਤਰਾਲਿਆਂ ਅਤੇ ਸਬੰਧਿਤ ਵਿਭਾਗਾਂ ਦੇ ਨਾਲ-ਨਾਲ ਸੂਬਾਈ ਸਰਕਾਰਾਂ ਦੇ ਆਪਸੀ ਤਾਲਮੇਲ 'ਤੇ ਵੀ ਨਿਰਭਰ ਕਰਦਾ ਹੈ।
ਨੋਟ- ਕੇਂਦਰ ਨੇ ਸੂਬਿਆਂ ਨੂੰ ਕਿਹਾ- 'ਤੰਬਾਕੂ ਵਸਤਾਂ 'ਤੇ ਸਿਹਤ ਚਿਤਾਵਨੀ ਦੇ ਨਵੇਂ ਸੈੱਟ ਲਾਗੂ ਕੀਤੇ ਜਾਣ' । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।