ਉੱਤਰ ਪ੍ਰਦੇਸ਼ ’ਚ ਡੇਂਗੂ ਦਾ ਅਸਰ; ਫਿਰੋਜ਼ਾਬਾਦ ’ਚ 8ਵੀਂ ਜਮਾਤ ਤੱਕ ਦੇ ਸਕੂਲ ਬੰਦ

Tuesday, Aug 31, 2021 - 02:49 PM (IST)

ਉੱਤਰ ਪ੍ਰਦੇਸ਼ ’ਚ ਡੇਂਗੂ ਦਾ ਅਸਰ; ਫਿਰੋਜ਼ਾਬਾਦ ’ਚ 8ਵੀਂ ਜਮਾਤ ਤੱਕ ਦੇ ਸਕੂਲ ਬੰਦ

ਫਿਰੋਜ਼ਾਬਾਦ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਵਿਚ ਡੇਂਗੂ ਦੇ ਵੱਧਦੇ ਕਹਿਰ ਨੂੰ ਵੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਜਮਾਤ ਪਹਿਲੀ ਤੋਂ ਲੈ ਕੇ 8ਵੀਂ ਤੱਕ ਦੇ ਸਾਰੇ ਸਕੂਲਾਂ ਨੂੰ 6 ਸਤੰਬਰ ਤੱਕ ਬੰਦ ਕਰਨ ਦਾ ਹੁਕਮ ਦਿੱਤਾ ਹੈ। ਸੋਮਵਾਰ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਫਿਰੋਜ਼ਾਬਾਦ ਦੌਰੇ ਮਗਰੋਂ ਦੇਰ ਰਾਤ ਪ੍ਰ੍ਰਸ਼ਾਸਨ ਨੇ ਇਹ ਕਦਮ ਚੁੱਕਿਆ। ਡੇਂਗੂ ਦੇ ਵੱਧਦੇ ਕਹਿਰ ਨੂੰ ਲੈ ਕੇ ਜ਼ਿਲ੍ਹਾ ਅਧਿਕਾਰੀ ਚੰਦਰ ਵਿਜੇ ਸਿੰਘ ਨੇ ਬੇਸਿਕ ਸਿੱਖਿਆ ਅਧਿਕਾਰੀ ਅਤੇ ਜ਼ਿਲ੍ਹਾ ਸਕੂਲ ਇੰਸਪੈਕਟਰ ਨੂੰ ਚਿੱਠੀ ਜਾਰੀ ਕਰਦੇ ਹੋਏ 8ਵੀਂ ਜਮਾਤ ਤੱਕ ਲਈ ਸਾਰੇ ਸਕੂਲਾਂ ਨੂੰ 6 ਸਤੰਬਰ ਤੱਕ ਬੰਦ ਕਰਨ ਦਾ ਹੁਕਮ ਦਿੱਤਾ ਹੈ।

ਜ਼ਿਲ੍ਹਾ ਅਧਿਕਾਰੀ ਚੰਦਰ ਵਿਜੇ ਸਿੰਘ ਨੇ ਦੱਸਿਆ ਕਿ ਇਹ ਹੁਕਮ ਸਾਰੇ ਸਰਕਾਰੀ ਗੈਰ-ਸਰਕਾਰੀ ਸਕੂਲਾਂ ਦੇ ਨਾਲ-ਨਾਲ ਸਾਰੀਆਂ ਸੰਸਥਾਵਾਂ ’ਤੇ ਲਾਗੂ ਰਹੇਗਾ। ਜੇਕਰ ਕਿਸੇ ਵਲੋਂ ਇਸ ਹੁਕਮ ਦੀ ਉਲੰਘਣਾ ਕੀਤੀ ਜਾਵੇਗੀ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਫਿਰੋਜ਼ਾਬਾਦ ਜ਼ਿਲ੍ਹੇ ਵਿਚ ਡੇਂਗੂ ਦੇ ਕਹਿਰ ਕਾਰਨ ਹੁਣ ਤੱਕ ਕਰੀਬ 41 ਲੋਕਾਂ ਦੀ ਮੌਤ ’ਤੇ ਸਖ਼ਤ ਰੁਖ਼ ਅਪਣਾਉਂਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਸਰਵਿਲਾਂਸ ਟੀਮ ਤੋਂ ਜਾਂਚ ਕਰਵਾਈ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ ਤੱਕ 32 ਬੱਚਿਆਂ ਸਮੇਤ ਕਰੀਬ 41 ਲੋਕਾਂ ਦੀ ਡੇਂਗੂ ਨਾਲ ਮੌਤ ਦੀ ਪੁਸ਼ਟੀ ਕੀਤੀ ਹੈ।


author

Tanu

Content Editor

Related News