ਬਦਲਿਆ ਮੌਸਮ ਦਾ ਮਿਜਾਜ਼, IMD ਵਲੋਂ ਗੜੇਮਾਰੀ ਅਤੇ ਮੀਂਹ ਦਾ ਅਲਰਟ
Friday, Feb 21, 2025 - 09:23 AM (IST)

ਨੈਸ਼ਨਲ ਡੈਸਕ- ਦੇਸ਼ ਭਰ 'ਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਪੱਛਮੀ ਗੜਬੜੀ ਅਤੇ ਚੱਕਰਵਾਤੀ ਤੂਫ਼ਾਨ ਦੇ ਪ੍ਰਭਾਵ ਕਾਰਨ ਕਈ ਸੂਬਿਆਂ ਵਿਚ ਮੋਹਲੇਧਾਰ ਮੀਂਹ, ਤੂਫ਼ਾਨ ਅਤੇ ਬਰਫ਼ਬਾਰੀ ਜਾਰੀ ਹੈ। ਦਿੱਲੀ-NCR 'ਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿੱਥੇ ਤੇਜ਼ ਹਵਾਵਾਂ ਦੇ ਨਾਲ ਗੜੇ ਵੀ ਪੈ ਰਹੇ ਹਨ। ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿੱਚ 26 ਫਰਵਰੀ ਤੱਕ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਅਲਰਟ ਜਾਰੀ ਕੀਤੀ ਹੈ।
ਤਾਪਮਾਨ 'ਚ ਉਤਰਾਅ-ਚੜ੍ਹਾਅ
ਪਿਛਲੇ 24 ਘੰਟਿਆਂ 'ਚ ਜੰਮੂ-ਕਸ਼ਮੀਰ ਅਤੇ ਬਿਹਾਰ 'ਚ ਦਿਨ ਦੇ ਤਾਪਮਾਨ 'ਚ 1-3 ਡਿਗਰੀ ਦਾ ਵਾਧਾ ਹੋਇਆ ਹੈ, ਜਦਕਿ ਉੱਤਰ ਪ੍ਰਦੇਸ਼, ਝਾਰਖੰਡ, ਮੱਧ ਪ੍ਰਦੇਸ਼, ਕਰਨਾਟਕ, ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ, ਗੁਜਰਾਤ, ਉੱਤਰਾਖੰਡ, ਮਹਾਰਾਸ਼ਟਰ ਅਤੇ ਹਿਮਾਚਲ ਪ੍ਰਦੇਸ਼ ਸਮੇਤ ਕਈ ਸੂਬਿਆਂ 'ਚ 1-3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਰਾਤ ਦੇ ਤਾਪਮਾਨ 'ਚ ਵੀ ਉਤਰਾਅ-ਚੜ੍ਹਾਅ ਜਾਰੀ ਹੈ।
ਚੱਕਰਵਾਤੀ ਤੂਫ਼ਾਨ ਦਾ ਖ਼ਤਰਾ
ਬੰਗਾਲ ਦੀ ਉੱਤਰੀ ਖਾੜੀ ਵਿਚ ਚੱਕਰਵਾਤੀ ਸਰਕੂਲੇਸ਼ਨ ਸਰਗਰਮ ਹੈ, ਜਿਸ ਕਾਰਨ 20-22 ਫਰਵਰੀ ਦਰਮਿਆਨ ਗੰਗਾ ਪੱਛਮੀ ਬੰਗਾਲ, ਝਾਰਖੰਡ ਅਤੇ ਓਡੀਸ਼ਾ 'ਚ ਮੋਹਲੇਧਾਰ ਮੀਂਹ ਪਵੇਗਾ। ਹਵਾ ਦੀ ਰਫ਼ਤਾਰ 30-40 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ। ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿਚ 21-23 ਫਰਵਰੀ ਨੂੰ ਗੜੇਮਾਰੀ ਦੇ ਨਾਲ ਮੋਹਲੇਧਾਰ ਮੀਂਹ ਪਵੇਗਾ।
ਪੱਛਮੀ ਗੜਬੜੀ ਦਾ ਪ੍ਰਭਾਵ
ਉੱਤਰੀ ਪਾਕਿਸਤਾਨ ਵਿਚ ਸਰਗਰਮ ਪੱਛਮੀ ਗੜਬੜੀ ਦੇ ਕਾਰਨ 20-22 ਫਰਵਰੀ ਤੱਕ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਬਰਫਬਾਰੀ ਅਤੇ ਮੀਂਹ ਪਵੇਗਾ। ਇਸ ਤੋਂ ਇਲਾਵਾ ਇਕ ਨਵੀਂ ਪੱਛਮੀ ਗੜਬੜੀ 24 ਫਰਵਰੀ ਤੋਂ ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰੇਗੀ, ਜਿਸ ਨਾਲ 26 ਫਰਵਰੀ ਤੱਕ ਤਾਜ਼ਾ ਬਰਫਬਾਰੀ ਅਤੇ ਮੀਂਹ ਪਵੇਗਾ।
ਤੇਜ਼ ਹਵਾਵਾਂ ਦੇ ਨਾਲ ਮੀਂਹ ਦੀ ਚਿਤਾਵਨੀ
20 ਫਰਵਰੀ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਪੱਛਮੀ ਉੱਤਰ ਪ੍ਰਦੇਸ਼ 'ਚ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਇਸ ਦੇ ਨਾਲ ਹੀ ਪੂਰਬੀ ਯੂ.ਪੀ. ਅਤੇ ਉੱਤਰੀ ਛੱਤੀਸਗੜ੍ਹ ਵਿਚ ਵੀ ਮੀਂਹ ਪਵੇਗਾ। ਪੱਛਮੀ ਯੂ.ਪੀ. ਅਤੇ ਉੱਤਰਾਖੰਡ ਵਿਚ ਗੜੇ ਪੈਣ ਦੀ ਸੰਭਾਵਨਾ ਹੈ।
ਦਿੱਲੀ-NCR 'ਚ ਕਿਹੋ ਜਿਹਾ ਰਹੇਗਾ ਮੌਸਮ?
ਦਿੱਲੀ-NCR 'ਚ 19 ਫਰਵਰੀ ਦੀ ਰਾਤ ਤੋਂ ਮੀਂਹ ਪੈ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ 'ਚ 4 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। 20 ਫਰਵਰੀ ਨੂੰ ਮੀਂਹ ਅਤੇ ਹਲਕੀ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ, ਜਦੋਂ ਕਿ 21 ਫਰਵਰੀ ਨੂੰ ਅੰਸ਼ਿਕ ਤੌਰ 'ਤੇ ਬੱਦਲ ਛਾਏ ਰਹਿਣਗੇ। 22-23 ਫਰਵਰੀ ਨੂੰ ਮੌਸਮ ਸਾਫ਼ ਰਹੇਗਾ ਪਰ ਠੰਡ ਫਿਰ ਵਧ ਸਕਦੀ ਹੈ।