ਭਾਰੀ ਬਾਰਿਸ਼ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਕਰਨ IMC ਟੀਮ ਪਹੁੰਚੀ ਹਿਮਾਚਲ

09/04/2019 5:53:05 PM

ਸ਼ਿਮਲਾ—ਹਿਮਾਚਲ ਪ੍ਰਦੇਸ਼ ’ਚ ਭਾਰੀ ਬਾਰਿਸ਼ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਗ੍ਰਹਿ ਮੰਤਰਾਲੇ ਦੁਆਰਾ ਗਠਿਤ ਅੰਤਰ ਮੰਤਰਾਲੇ ਦੀ ਕੇਂਦਰੀ ਟੀਮ (ਆਈ. ਐੱਮ. ਸੀ. ਟੀ.) ਅੱਜ ਭਾਵ ਬੁੱਧਵਾਰ ਨੂੰ ਚਾਰ ਦਿਨਾਂ ਦੌਰੇ ’ਤੇ ਸੂਬੇ ’ਚ ਪਹੁੰਚੀ। ਮਿਲੀ ਜਾਣਕਾਰੀ ਮੁਤਾਬਕ ਮਾਨਸੂਨ ਦੌਰਾਨ ਬਾਰਿਸ਼ ਨਾਲ ਸੰਬੰਧਿਤ ਘਟਨਾਵਾਂ ’ਚ 79 ਲੋਕਾਂ ਦੀ ਜਾਨ ਚਲੀ ਗਈ ਅਤੇ ਸੂਬੇ ਨੂੰ 1,138 ਕਰੋੜ ਰੁਪਏ ਦਾ ਨੁਕਸਾਨ ਹੋਇਆ। ਸੂਬੇ ’ਚ 16 ਤੋਂ 18 ਅਗਸਤ ਤੱਕ ਘੱਟ ਤੋਂ ਘੱਟ 25 ਲੋਕਾਂ ਦੀ ਮੌਤ ਹੋਈ। 

ਆਈ. ਐੱਮ. ਸੀ. ਟੀ ਦੀ ਸੱਤ ਮੈਂਬਰੀ ਟੀਮ ਬੁੱਧਵਾਰ ਸਵੇਰੇ 11 ਵਜੇ ਬਿਲਾਸਪੁਰ ਪਹੁੰਚ ਗਈ। ਟੀਮ ਦੇ ਮੈਂਬਰ ਅਤੇ ਖੇਤੀ, ਸਹਿਯੋਗ ਅਤੇ ਵਿਕਾਸ ਕਲਿਆਣ ਵਿਭਾਗ ਦੇ ਡਾਇਰੈਕਟਰ ਬਿਪੁਲ ਕੁਮਾਰ ਸ਼੍ਰੀਵਾਸਤਵ ਨੇ ਦੱਸਿਆ ਹੈ ਕਿ ਟੀਮ ਹਾਲ ਹੀ ’ਚ ਬੱਦਲ ਫੱਟਣ, ਅਚਾਨਕ ਹੜ੍ਹ ਆਉਣ ਅਤੇ ਜ਼ਮੀਨ ਖਿਸ਼ਕਣ ਦੀਆਂ ਘਟਨਾਵਾਂ ਤੋਂ ਬਾਅਦ ਸਥਿਤੀ ਦਾ ਮੁਲਾਂਕਣ ਕਰਨ ਲਈ ਬੁੱਧਵਾਰ ਨੂੰ ਨਵੇ ਇਲਾਕਿਆਂ ਦਾ ਦੌਰਾ ਕਰੇਗੀ। 

ਆਈ. ਐੱਮ. ਸੀ. ਟੀ. ਦਾ ਬੁੱਧਵਾਰ ਦੁਪਹਿਰ ਨੂੰ ਕਾਂਗੜਾ ਜ਼ਿਲੇ ’ਚ ਨੂਰਪੁਰ ਤਹਿਸੀਲ ਦੇ ਅਧਿਕਾਰੀਆਂ ਨਾਲ ਬੈਠਕ ਕਰਨ ਦਾ ਵੀ ਪ੍ਰੋਗਰਾਮ ਹੈ। ਕਾਂਗੜਾ ਦੇ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਪ੍ਰਜਾਪਤੀ ਨੇ ਵੱਖ-ਵੱਖ ਵਿਭਾਗਾਂ ਦੇ ਸਾਰੇ ਜ਼ਿਲੇ ਮੁਖੀਆਂ ਨੂੰ ਦੁਪਹਿਰ 3.30 ਵਜੇ ਹੋਣ ਵਾਲੀ ਬੈਠਕ ’ਚ ਨੁਕਸਾਨ ਦੇ ਪੂਰੇ ਅੰਕੜਿਆਂ ਨਾਲ ਮੌਜੂਦ ਰਹਿਣ ਦਾ ਆਦੇਸ਼ ਦਿੱਤੇ। ਸ਼੍ਰੀਵਾਸਤਵ ਨੇ ਦੱਸਿਆ ਹੈ ਕਿ ਟੀਮ ਪਰਬਤੀ ਸੂਬੇ ਦੇ ਚਾਰ ਦਿਨਾਂ ਦੌਰੇ ਦੌਰਾਨ ਵੱਖ-ਵੱਖ ਇਲਾਕਿਆਂ ’ਚ ਜਾਣਗੇ।

ਮੁੱਖ ਮੰਤਰੀ ਜੈਰਾਮ ਠਾਕੁਰ ਨੇ 31 ਅਗਸਤ ਨੂੰ ਸੂਬਾ ਵਿਧਾਨ ਸਭਾ ਨੂੰ ਦੱਸਿਆ ਸੀ ਕਿ ਸੂਬੇ ਨੂੰ ਹੋਏ 1,138 ਕਰੋੜ ਰੁਪਏ ਦੇ ਨੁਕਸਾਨ ਦੀ ਭਰਪਾਈ ਲਈ ਕੇਂਦਰ ਤੋਂ ਵਿੱਤੀ ਮਦਦ ਮੰਗੀ ਜਾਵੇਗੀ। ਇਸ ਦੌਰਾਨ ਸੂਬੇ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ, ‘‘ਕੇਂਦਰੀ ਟੀਮ ਗ੍ਰਹਿ ਮੰਤਰਾਲੇ ਦੇ ਨਵੇਂ ਨਿਯਮਾਂ ਦੇ ਤਹਿਤ ਹਿਮਾਚਲ ਪ੍ਰਦੇਸ਼ ਦਾ ਦੌਰਾ ਕਰ ਰਹੀ ਹੈ।’’


Iqbalkaur

Content Editor

Related News