IMA ਘਪਲਾ : ਮੁਹੰਮਦ ਮੰਸੂਰ ਖਾਨ ਦਿੱਲੀ ਤੋਂ ਗ੍ਰਿਫਤਾਰ

07/19/2019 3:05:36 PM

ਬੈਂਗਲੁਰੂ— ਕਰਨਾਟਕ ਦੇ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਅਧਿਕਾਰੀਆਂ ਨੇ ਕਰੋੜਾਂ ਰੁਪਏ ਦੇ ਆਈ ਮਾਨਿਟਰੀ ਐਡਵਾਇਜ਼ਰੀ (ਆਈ.ਐੱਮ.ਏ.) ਧੋਖਾਧੜੀ ਮਾਮਲੇ ਦੇ ਮੁੱਖ ਦੋਸ਼ੀ ਮੁਹੰਮਦ ਮੰਸੂਰ ਖਾਨ ਨੂੰ ਸ਼ੁੱਕਰਵਾਰ ਸਵੇਰੇ ਦਿੱਲੀ 'ਚ ਗ੍ਰਿਫਤਾਰ ਕਰ ਲਿਆ। ਐੱਸ.ਆਈ.ਟੀ. ਦੇ ਅਧਿਕਾਰੀਆਂ ਨੇ ਹਾਲ ਹੀ 'ਚ ਆਈ.ਐੱਮ.ਏ. ਦੇ ਸੰਸਥਾਪਕ ਅਤੇ ਦੋਸ਼ੀ ਮੁਹੰਮਦ ਮੰਸੂਰ ਖਾਨ ਦਾ ਦੁਬਈ 'ਚ ਪਤਾ ਲਗਾਇਆ ਅਤੇ ਉਸ ਨੂੰ ਭਾਰਤ ਆਉਣ ਅਤੇ ਆਤਮਸਮਰਪਣ ਕਰਨ ਲਈ ਰਾਜੀ ਕੀਤਾ। ਮੁਹੰਮਦ ਮੰਸੂਰ ਸ਼ੁੱਕਰਵਾਰ ਤੜਕੇ 1.55 ਵਜੇ ਦਿੱਲੀ ਪਹੁੰਚਿਆ। ਐੱਸ.ਆਈ.ਟੀ. ਦੇ ਅਧਿਕਾਰੀ ਉਸ ਨੂੰ ਗ੍ਰਿਫਤਾਰ ਕਰਨ ਲਈ ਪਹਿਲਾਂ ਤੋਂ ਹੀ ਦਿੱਲੀ 'ਚ ਮੌਜੂਦ ਸਨ। ਐੱਸ.ਆਈ.ਟੀ. ਦੇ ਸੂਤਰਾਂ ਨੇ ਕਿਹਾ,''ਐੱਸ.ਆਈ.ਟੀ. ਅਤੇ ਈ.ਡੀ. ਨੇ ਉਸ ਵਿਰੁੱਧ ਲੁੱਕਆਊਟ ਸਰਕੁਲਰ (ਐੱਲ.ਓ.ਸੀ.) ਜਾਰੀ ਕੀਤਾ ਸੀ। ਹੁਣ ਉਸ ਨੂੰ ਕੁਝ ਸਮੇਂ 'ਚ ਬੈਂਗਲੁਰੂ ਲਿਆਂਦਾ ਜਾਵੇਗਾ।'' ਮੰਸੂਰ ਖਾਨ ਅੰਡਰਗਰਾਊਂਡ ਹੋ ਗਿਆ ਸੀ ਅਤੇ ਦੁਬਈ ਚੱਲਾ ਗਿਆ ਸੀ। ਉਸ ਨੇ ਘਪਲੇ 'ਚ ਕੁਝ ਨੇਤਾਵਾਂ ਅਤੇ ਅਧਿਕਾਰੀਆਂ ਦੀ ਸ਼ਮੂਲੀਅਤ ਨੂੰ ਉਜਾਗਰ ਕਰਦੇ ਹੋਏ ਵੀਡੀਓ ਭੇਜੇ ਸਨ ਅਤੇ ਕਿਹਾ ਸੀ ਕਿ ਉਹ ਭਾਰਤ ਆਉਣ ਲਈ ਤਿਆਰ ਹਨ ਅਤੇ ਲੋਕਾਂ ਤੋਂ ਲਈ ਗਈ ਰਕਮ ਨੂੰ ਉੱਚ ਵਿਆਜ਼ ਦਰ ਨਾਲ ਵਾਪਸ ਕਰਨ ਲਈ ਵੀ ਤਿਆਰ ਹਨ।

ਹੁਣ ਤੱਕ ਐੱਸ.ਆਈ.ਟੀ. ਅਤੇ ਈ.ਡੀ. ਦੇ ਅਧਿਕਾਰੀਆਂ ਨੇ ਮਾਮਲੇ 'ਚ ਕਾਂਗਰਸ ਵਿਧਾਇਕ ਰੋਸ਼ਨ ਬੈਗ ਅਤੇ ਮੰਤਰੀ ਜਮੀਰ ਖਾਨ ਤੋਂ ਵੀ ਪੁੱਛ-ਗਿੱਛ ਕੀਤੀ ਹੈ। ਮੁਹੰਮਦ ਮੰਸੂਰ ਨੇ ਆਪਣੇ ਵੀਡੀਓ 'ਚ ਸੀਨੀਅਰ ਕਾਂਗਰਸ ਨੇਤਾ ਰਹਿਮਾਨ ਖਾਨ ਦਾ ਵੀ ਨਾਂ ਲਿਆ ਸੀ। ਕਰੋੜਾਂ ਰੁਪਏ ਦੇ ਇਸ ਪੋਂਜੀ ਘਪਲੇ 'ਚ ਫਸਣ ਵਾਲੇ ਲੋਕਾਂ ਨੇ ਮੁਹੰਮਦ ਵਿਰੁੱਧ 40 ਹਜ਼ਾਰ ਤੋਂ ਵਧ ਅਪਰਾਧਕ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਮੁਹੰਮਦ ਮੰਸੂਰ ਰਮਜਾਨ ਦੇ ਮਹੀਨੇ 'ਚ ਆਪਣੀ ਕੰਪਨੀ ਆਈ.ਐੱਮ.ਏ. ਨੂੰ ਬੰਦ ਕਰਨ ਤੋਂ ਬਾਅਦ ਦੇਸ਼ ਤੋਂ ਦੌੜ ਗਿਆ ਸੀ। ਐੱਸ.ਆਈ.ਟੀ. ਅਧਿਕਾਰੀਆਂ ਨੇ ਦੁਬਈ 'ਚ ਉਸ ਦਾ ਪਤਾ ਲਗਾਉਣ ਤੋਂ ਬਾਅਦ ਉਸ ਨੂੰ ਭਾਰਤ ਆਉਣ ਲਈ ਰਾਜੀ ਕਰਵਾਇਆ ਸੀ ਅਤੇ ਇਸ ਲਈ ਕਾਗਜ਼ਾਤ ਤਿਆਰ ਕਰਵਾਉਣ 'ਚ ਵੀ ਉਸ ਦੀ ਮਦਦ ਕੀਤੀ ਸੀ। ਮੁਹੰਮਦ ਮੰਸੂਰ 'ਤੇ ਕਰੀਬ 60 ਹਜ਼ਾਰ ਜਮਾਕਰਤਾਵਾਂ ਦੇ ਘੱਟੋ-ਘੱਟ 1410 ਕਰੋੜ ਰੁਪਏ ਦਾ ਘਪਲੇ ਦਾ ਦੋਸ਼ ਹੈ। ਆਈ.ਐੱਮ.ਏ. ਨੇ 4 ਹਜ਼ਾਰ ਕਰੋੜ ਰੁਪਏ ਤੋਂ ਵਧ ਦਾ ਲੈਣ-ਦੇਣ ਕੀਤਾ ਸੀ। ਹਾਲੇ ਤੱਕ ਐੱਸ.ਆਈ.ਟੀ. ਨੇ ਆਈ.ਐੱਮ.ਏ. ਅਤੇ ਮੰਸੂਰ ਖਾਨ ਨਾਲ ਸੰਬੰਧਤ 209 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ।


DIsha

Content Editor

Related News