ਨਸ਼ੀਲੇ ਪਦਾਰਥਾਂ ਦਾ ਗ਼ੈਰ-ਕਾਨੂੰਨੀ ਕਾਰੋਬਾਰ ਭਾਰਤ ਲਈ ਚੁਣੌਤੀ : ਸ਼ਾਹ
Sunday, Aug 25, 2024 - 06:31 PM (IST)
ਰਾਏਪੁਰ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਨਸ਼ੀਲੇ ਪਦਾਰਥਾਂ ਦਾ ਗ਼ੈਰ-ਕਾਨੂੰਨੀ ਕਾਰੋਬਾਰ ਨਾ ਸਿਰਫ ਭਾਰਤ ਲਈ ਚੁਣੌਤੀ ਹੈ, ਸਗੋਂ ਇਹ ਇਕ ਕੌਮਾਂਤਰੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਦ੍ਰਿੜ੍ਹ ਸੰਕਲਪ ਅਤੇ ਰਣਨੀਤੀ ਨਾਲ ਦੇਸ਼ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦਾ ਹੈ।
ਸ਼ਾਹ ਨੇ ਨਵਾ ਰਾਏਪੁਰ ਦੇ ਇਕ ਹੋਟਲ ’ਚ ਛੱਤੀਸਗੜ੍ਹ ’ਚ ਨਸ਼ੀਲੇ ਪਦਾਰਥਾਂ ਦੀ ਸਥਿਤੀ ਬਾਰੇ ਇਕ ਬੈਠਕ ਨੂੰ ਸੰਬੋਧਨ ਕੀਤਾ। ਇਸ ਦੌਰਾਨ ਸ਼ਾਹ ਨੇ ਨਸ਼ੀਲੇ ਪਦਾਰਥਾਂ ਦੇ ਗ਼ੈਰ-ਕਾਨੂੰਨੀ ਕਾਰੋਬਾਰ ਖਿਲਾਫ ਲੜਾਈ ’ਚ ਸਫਲਤਾ ਪ੍ਰਾਪਤ ਕਰਨ ਲਈ ‘ਨਸ਼ੀਲੇ ਪਦਾਰਥਾਂ ਦਾ ਪਤਾ ਲਾਉਣ, ਨੈੱਟਵਰਕ ਨੂੰ ਨਸ਼ਟ ਕਰਨ, ਅਪਰਾਧੀ ਨੂੰ ਹਿਰਾਸਤ ’ਚ ਲੈਣ ਅਤੇ ਨਸ਼ੇ ਦੇ ਆਦੀ ਲੋਕਾਂ ਦਾ ਮੁੜ-ਵਸੇਬਾ’ ਕਰਨ ਦੇ 4 ਸੂਤਰਾਂ ’ਤੇ ਜ਼ੋਰ ਦਿੱਤਾ।
ਸ਼ਾਹ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2047 ਤੱਕ ਦੇਸ਼ ਨੂੰ ਨਸ਼ਾ ਮੁਕਤ ਬਣਾਉਣ ਦਾ ਸੰਕਲਪ ਲਿਆ ਹੈ, ਜਦੋਂ ਦੇਸ਼ ਦੀ ਆਜ਼ਾਦੀ ਦਾ 100ਵਾਂ ਸਾਲ ਮਨਾਇਆ ਜਾਵੇਗਾ। ਹੌਲੀ-ਹੌਲੀ ਇਹ ਸੰਕਲਪ 130 ਕਰੋਡ਼ ਆਬਾਦੀ ਦਾ ਸੰਕਲਪ ਬਣ ਗਿਆ ਹੈ। ਮੇਰਾ ਮੰਨਣਾ ਹੈ ਕਿ ਨਸ਼ਾ ਮੁਕਤ ਭਾਰਤ ਦਾ ਸੰਕਲਪ ਇਕ ਖੁਸ਼ਹਾਲ, ਸੁਰੱਖਿਅਤ ਅਤੇ ਗੌਰਵਸ਼ਾਲੀ ਭਾਰਤ ਬਣਾਉਣ ’ਚ ਬਹੁਤ ਮਹੱਤਵਪੂਰਨ ਹੈ।”
ਉਨ੍ਹਾਂ ਕਿਹਾ, ‘‘ਗ਼ੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਨਾ ਸਿਰਫ ਭਾਰਤ ਲਈ ਇਕ ਚੁਣੌਤੀ ਹੈ, ਸਗੋਂ ਇਹ ਇਕ ਕੌਮਾਂਤਰੀ ਸਮੱਸਿਆ ਹੈ। ਮੇਰਾ ਮੰਨਣਾ ਹੈ ਕਿ ਦੇਸ਼ ’ਚ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਦੀ ਜ਼ਿਆਦਾ ਜ਼ਰੂਰਤ ਹੈ।’’