ਆਈ.ਆਈ.ਐੱਸ.ਸੀ. ਨੇ ਸ਼ੂਗਰ ਤੋਂ ਪੀੜਤ ਲੋਕਾਂ ’ਚ ਪੈਰ ਦੀਆਂ ਸੱਟਾਂ ਨੂੰ ਰੋਕਣ ਵਾਲੀਆਂ ਜੁੱਤੀਆਂ ਬਣਾਈਆਂ
Tuesday, Jun 14, 2022 - 12:03 PM (IST)
ਬੈਂਗਲੁਰੂ (ਭਾਸ਼ਾ)- ਭਾਰਤੀ ਵਿਗਿਆਨ ਸੰਸਥਾ (ਆਈ. ਆਈ. ਐੱਸ. ਸੀ.) ਵਿਚ ਮਕੈਨਿਕਲ ਇੰਜੀਨੀਅਰਿੰਗ ਵਿਭਾਗ ਦੇ ਖੋਜੀਆਂ ਨੇ ‘ਕਰਨਾਟਕ ਇੰਸਟੀਚਿਊਟ ਆਫ ਐਂਡੋਕ੍ਰੀਨੋਲਾਜੀ ਐਂਡ ਰਿਸਰਚ’ (ਕੇ. ਆਈ. ਈ. ਆਰ.) ਦੇ ਨਾਲ ਮਿਲ ਕੇ ਸ਼ੂਗਰ ਤੋਂ ਪੀੜਤ ਲੋਕਾਂ ਲਈ ਅਜਿਹੀਆਂ ਜੁੱਤੀਆਂ ਬਣਾਈਆਂ ਹਨ, ਜਿਨ੍ਹਾਂ ਨਾਲ ਉਨ੍ਹਾਂ ’ਚ ਪੈਰਾਂ ਦੀਆਂ ਸੱਟਾਂ ਦਾ ਖਤਰਾ ਘੱਟ ਹੋ ਜਾਂਦਾ ਹੈ। ਸ਼ੂਗਰ ਤੋਂ ਪੀੜਤ ਲੋਕਾਂ ’ਚ ਪੈਰਾਂ ਦੀਆਂ ਸੱਟਾਂ ਜਾਂ ਜ਼ਖਮ ਸਿਹਤਮੰਦ ਲੋਕਾਂ ਦੇ ਮੁਕਾਬਲੇ ਹੌਲੀ ਰਫ਼ਤਾਰ ਨਾਲ ਠੀਕ ਹੁੰਦੇ ਹਨ, ਜਿਸ ਨਾਲ ਇਨਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ ਅਤੇ ਗੁੰਝਲਤਾਵਾਂ ਵੀ ਵਧ ਜਾਂਦੀਆਂ ਹਨ ਤੇ ਕੁਝ ਮਾਮਲਿਆਂ ’ਚ ਤਾਂ ਪੈਰ ਵੀ ਕੱਟਣਾ ਪੈ ਜਾਂਦਾ ਹੈ।
ਬੇਂਗਲੁਰੂ ਸਥਿਤ ਆਈ. ਆਈ. ਐੱਸ. ਸੀ. ਨੇ ਸੋਮਵਾਰ ਨੂੰ ਕਿਹਾ ਕਿ ਵਿਸ਼ੇਸ਼ ਤੌਰ ’ਤੇ ਡਿਜ਼ਾਈਨ ਕੀਤੀਆਂ ਗਈਆਂ ਇਨ੍ਹਾਂ ਜੁੱਤੀਆਂ ਦਾ ਨਿਰਮਾਣ ਆਈ. ਆਈ. ਐੱਸ. ਸੀ. ਦੀ ਟੀਮ ਨੇ ਕੀਤਾ ਹੈ ਅਤੇ ਇਹ 3 ਡੀ ਪ੍ਰਿੰਟ ਵਾਲਾ ਹੈ। ਇਸ ਨੂੰ ਕਿਸੇ ਵੀ ਵਿਅਕਤੀ ਦੇ ਪੈਰਾਂ ਦੇ ਆਕਾਰ ਅਤੇ ਚੱਲਣ ਦੀ ਸ਼ੈਲੀ ਮੁਤਾਬਕ ਬਣਾਇਆ ਜਾ ਸਕਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਰਵਾਇਤੀ ਮੈਡੀਕਲ ਜੁੱਤੀਆਂ ਦੇ ਉਲਟ ਇਨ੍ਹਾਂ ਜੁੱਤੀਆਂ ’ਚ ਇਕ ‘ਸਨੈਪਿੰਗ’ ਤੰਤਰ ਪੈਰਾਂ ਨੂੰ ਚੰਗੀ ਤਰ੍ਹਾਂ ਸੰਤੁਲਿਤ ਰੱਖਦਾ ਹੈ, ਜ਼ਖ਼ਮੀ ਹਿੱਸੇ ਨੂੰ ਤੇਜ਼ੀ ਨਾਲ ਠੀਕ ਕਰਦਾ ਹੈ ਅਤੇ ਪੈਰ ਦੇ ਹੋਰਨਾਂ ਹਿੱਸਿਆਂ ’ਚ ਸੱਟਾਂ ਲੱਗਣ ਤੋਂ ਰੋਕਦਾ ਹੈ।