ਆਈ. ਜੀ. ਨਾਲ ਸੜਕ ਵਿਚਾਲੇ ਭਿੜੇ ਯੋਗੀ ਦੇ ਵਿਧਾਇਕ
Monday, Jul 09, 2018 - 10:53 AM (IST)
ਇਲਾਹਾਬਾਦ— ਇਥੇ ਸਿਟੀ ਨਾਰਥ ਸੀਟ ਤੋਂ ਭਾਜਪਾ ਦੇ ਵਿਧਾਇਕ ਹਰਸ਼ਵਰਧਨ ਵਾਜਪਾਈ ਦਾ ਇਕ ਵਾਰ ਫਿਰ ਵੀਡੀਓ ਵਾਇਰਲ ਹੋਇਆ ਹੈ। ਦਰਅਸਲ ਹਰਸ਼ਵਰਧਨ ਸ਼ਨੀਵਾਰ ਨੂੰ ਸਿਧਾਰਥ ਨਾਥ ਸਿੰਘ ਦੇ ਘਰ ਪਹੁੰਚੇ ਜਿਥੇ ਯੂ. ਪੀ. ਦੇ ਰਾਜਪਾਲ ਰਾਮਨਾਇਕ ਆਏ ਹੋਏ ਸਨ।
ਜਾਣਕਾਰੀ ਮੁਤਾਬਕ ਭਾਜਪਾ ਵਿਧਾਇਕ ਆਪਣੀ ਗੱਡੀ ਸਮੇਤ ਮੰਤਰੀ ਦੇ ਘਰ ਅੰਦਰ ਜਾਣਾ ਚਾਹੁੰਦੇ ਸਨ ਪਰ ਸੁਰੱਖਿਆ ਕਾਰਨਾਂ ਕਰਕੇ ਪੁਲਸ ਵਾਲਿਆਂ ਨੇ ਵਿਧਾਇਕ ਦੀ ਗੱਡੀ ਨੂੰ ਅੰਦਰ ਲੈ ਕੇ ਜਾਣ ਤੋਂ ਰੋਕ ਦਿੱਤਾ। ਇਸ 'ਤੇ ਵਿਧਾਇਕ ਭੜਕ ਗਏ ਤੇ ਪੁਲਸ ਵਾਲਿਆਂ ਨਾਲ ਉਲਝ ਗਏ। ਉਥੇ ਡਿਊਟੀ 'ਤੇ ਮੌਜੂਦ ਆਈ. ਪੀ. ਐੱਸ. ਸੁਕਿਰਤ ਮਾਧਵ ਵਿਧਾਇਕ ਨੂੰ ਸਮਝਾਉਣ ਲੱਗੇ ਤਾਂ ਵਿਧਾਇਕ ਉਨ੍ਹਾਂ ਨਾਲ ਵੀ ਭਿੜ ਗਏ। ਇਸ ਦਰਮਿਆਨ ਹਟਾਉਣ ਲਈ ਆਈ. ਜੀ. ਰਮਿਤ ਸ਼ਰਮਾ ਨੂੰ ਵੀ ਉਥੇ ਜਾਣਾ ਪਿਆ ਪਰ ਵਿਧਾਇਕ ਕਿਸੇ ਦੀ ਵੀ ਗੱਲ ਸੁਣਨ ਲਈ ਤਿਆਰ ਨਹੀਂ ਸਨ। ਇਸ ਦੌਰਾਨ ਵਿਧਾਇਕ ਨੇ ਆਈ. ਜੀ. ਨਾਲ ਵੀ ਨੋਕ-ਝੋਕ ਕੀਤੀ। ਇਸ ਦੇ ਨਾਲ ਹੀ ਵਿਧਾਇਕ ਨੇ ਆਈ. ਜੀ. ਨੂੰ ਡੀ. ਜੀ. ਪੀ. ਕੋਲ ਸ਼ਿਕਾਇਤ ਕਰਨ ਦੀ ਧਮਕੀ ਵੀ ਦਿੱਤੀ। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਹਰਸ਼ਵਰਧਨ ਨੇ ਪੁਲਸ ਨਾਲ ਬਦਜ਼ੁਬਾਨੀ ਕੀਤੀ ਹੋਵੇ ਸਗੋਂ ਇਸ ਤੋਂ ਪਹਿਲਾਂ ਵੀ ਉਹ ਪੁਲਸ ਅਧਿਕਾਰੀਆਂ ਨੂੰ ਧਮਕਾ ਚੁੱਕੇ ਹਨ।
