ਸੱਤਾ ’ਚ ਆਉਣ ’ਤੇ ਸਕੂਲ, ਹਸਪਤਾਲ ਬਣਾਏਗੀ ਕੇਜਰੀਵਾਲ ਸਰਕਾਰ, ਕਰਵਾਏਗੀ ਮੁਫ਼ਤ ਤੀਰਥ ਯਾਤਰਾ

Sunday, Nov 21, 2021 - 04:37 PM (IST)

ਦੇਹਰਾਦੂਨ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਉਤਰਾਖੰਡ ’ਚ ਆਮ ਆਦਮੀ ਪਾਰਟੀ ਸੱਤਾ ’ਚ ਆਉਂਦੀ ਹੈ ਤਾਂ ਉਹ ਪ੍ਰਦੇਸ਼ ਦੇ ਚੰਗੇ ਭਵਿੱਖ ਲਈ ਸਕੂਲ ਅਤੇ ਹਸਪਤਾਲ ਬਣਵਾਏਗੀ ਅਤੇ ਵੱਖ-ਵੱਖ ਭਾਈਚਾਰੇ ਦੇ ਲੋਕਾਂ ਲਈ ਮੁਫ਼ਤ ਤੀਰਥ ਯਾਤਰਾ ਯੋਜਨਾ ਸ਼ੁਰੂ ਕਰੇਗੀ। ਪ੍ਰਦੇਸ਼ ਦੇ ਇਕ ਦਿਨਾ ਦੌਰੇ ’ਤੇ ਹਰਿਦੁਆਰ ਪਹੁੰਚੇ ਕੇਜਰੀਵਾਲ ਨੇ ਕਿਹਾ,‘‘ਮੈਂ ਕਹਿ ਰਿਹਾ ਹਾਂ ਕਿ ਮੈਂ ਤੁਹਾਡੇ ਸਕੂਲ ਚੰਗੇ ਕਰ ਦੇਵਾਂਗਾ। ਮੈਂ ਤੁਹਾਡੇ ਬੱਚਿਆਂ ਦਾ ਭਵਿੱਖ ਬਣਾ ਦੇਵਾਂਗਾ। ਤੁਹਾਡੇ ਬੱਚਿਆਂ ਲਈ ਨੌਕਰੀ ਦਾ ਇੰਤਜ਼ਾਮ ਕਰ ਦੇਵਾਂਗਾ। ਤੁਹਾਡੇ ਪਰਿਵਾਰ ਲਈ ਹਸਪਤਾਲ ਬਣਾ ਦੇਵਾਂਗਾ।’’ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪੂਰੇ ਦੇਸ਼ ’ਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਜਿਹੀ ਕੋਈ ਪਾਰਟੀ ਨਹੀਂ ਹੈ, ਜੋ ਚੰਗੀ ਸਿੱਖਿਆ ਲਈ ਗੱਲ ਕਰੇ। ਕੇਜਰੀਵਾਲ ਨੇ ਕਿਹਾ ਕਿ ਮੁਫ਼ਤ ਤੀਰਥ ਯਾਤਰਾ ਯੋਜਨਾ ਦੇ ਅਧੀਨ, ਹਿੰਦੂਆਂ ਨੂੰ ਅਯੁੱਧਿਆ, ਮੁਸਲਮਾਨਾਂ ਨੂੰ ਅਜਮੇਰ ਸ਼ਰੀਫ ਅਤੇ ਸਿੱਖਾਂ ਨੂੰ ਕਰਤਾਰਪੁਰ ਸਾਹਿਬ ਦੀ ਯਾਤਰਾ ਕਰਵਾਈ ਜਾਵੇਗੀ।

PunjabKesari

ਕੇਜਰੀਵਾਲ ਨੇ ਕਿਹਾ,‘‘ਦਿੱਲੀ ’ਚ ਸਾਡੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਹੈ, ਜਿਸ ਦੇ ਅਧੀਨ ਸੀਨੀਅਰ ਨਾਗਰਿਕਾਂ ਨੂੰ ਅਸੀਂ ਮੁਫ਼ਤ ’ਚ ਤੀਰਥ ਯਾਤਰਾ ਕਰਵਾਉਂਦੇ ਹਾਂ, ਜਿਸ ’ਚ ਉਨ੍ਹਾਂ ਨੂੰ ਆਰਾਮ ਨਾਲ ਏ.ਸੀ. ਰੇਲ ਗੱਡੀਆਂ ’ਚ ਲਿਜਾਇਆ ਜਾਂਦਾ ਹੈ ਅਤੇ ਏ.ਸੀ. ਹੋਟਲਾਂ ’ਚ ਰੁਕਵਾਇਆ ਜਾਂਦਾ ਹੈ। ਉਨ੍ਹਾਂ ਦਾ ਆਉਣਾ-ਜਾਣਾ, ਰਹਿਣਾ ਅਤੇ ਖਾਣਾ-ਪੀਣਾ ਸਭ ਮੁਫ਼ਤ ਹੁੰਦਾ ਹੈ।’’ ਉਨ੍ਹਾਂ ਦੱਸਿਆ ਕਿ ਹਰਿਦੁਆਰ, ਰਿਸ਼ੀਕੇਸ਼, ਵੈਸ਼ਨੋ ਦੇਵੀ, ਦਵਾਰਿਕਾਧੀਸ਼, ਰਾਮੇਸ਼ਵਰਮ ਅਤੇ ਪੁਰੀ ਸਮੇਤ ਦੇਸ਼ ਭਰ ਦੇ 12 ਤੀਰਥ ਸਥਾਨਾਂ ਦੀ ਯਾਤਰਾ ਇਸ ’ਚ ਸ਼ਾਮਲ ਹੈ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਦਿੱਲੀ ਦੇ 36 ਹਜ਼ਾਰ ਨਾਗਰਿਕ ਹੁਣ ਤੱਕ ਇਸ ਯੋਜਨਾ ਦਾ ਲਾਭ ਲੈ ਚੁਕੇ ਹਨ। ‘ਆਪ’ ਦੇ ਰਾਸ਼ਟਰੀ ਕਨਵੀਨਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਜਦੋਂ ਉਹ ਅਯੁੱਧਿਆ ਗਏ ਅਤੇ ਉੱਥੇ ਰਾਮਲਲਾ ਦੇ ਦਰਸ਼ਨ ਕੀਤੇ ਤਾਂ ਉਨ੍ਹਾਂ ਦੇ ਮਨ ’ਚ ਭਾਵ ਆਇਆ ਕਿ ਭਗਵਾਨ ਉਨ੍ਹਾਂ ਨੂੰ ਇੰਨੀ ਸਮਰੱਥਾ ਦੇਵੇ ਕਿ ਉਹ ਦੇਸ਼ ਦੇ ਹਰ ਵਿਅਕਤੀ ਨੂੰ ਅਯੁੱਧਿਆ ਅਤੇ ਰਾਮਲਲਾ ਦੇ ਦਰਸ਼ਨ ਕਰਵਾ ਸਕੇ। ਉਨ੍ਹਾਂ ਨੇ ਦਿੱਲੀ ਪਰਤਣ ਤੋਂ ਬਾਅਦ ਅਯੁੱਧਿਆ ਨੂੰ ਤੀਰਥ ਸਥਾਨਾਂ ਦੀ ਸੂਚੀ ’ਚ ਸ਼ਾਮਲ ਕਰਵਾਇਆ। ਦੱਸਣਯੋਗ ਹੈ ਕਿ ਉਤਰਾਖੰਡ ’ਚ ਅਗਲੇ ਸਾਲ ਦੀ ਸ਼ੁਰੂਆਤ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਕੇਜਰੀਵਾਲ ਆਪਣੇ ਹਰ ਉਤਰਾਖੰਡ ਦੌਰੇ ’ਚ ਜਨਤਾ ਲਈ ਐਲਾਨ ਕਰ ਰਹੇ ਹਨ। ਉਨ੍ਹਾਂ ਨੇ ਪਿਛਲੇ ਦੌਰਿਆਂ ’ਚ ਕਿਸਾਨਾਂ ਲਈ ਮੁਫ਼ਤ ਬਿਜਲੀ, ਹਰ ਪਰਿਵਾਰ ਲਈ 300 ਯੂਨਿਟ ਤੱਕ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News