ਆ ਗਿਆ ਨਵਾਂ Rule ; ਪਿੰਡ ’ਚ ਕੱਢੀ ਗਾਲ੍ਹ ਤਾਂ ਦੇਣਾ ਪਵੇਗਾ ਜੁਰਮਾਨਾ
Friday, Nov 29, 2024 - 08:23 PM (IST)
ਮੁੰਬਈ, (ਭਾਸ਼ਾ)- ਭਾਰਤ 'ਚ ਗਾਲ੍ਹਾਂ ਕੱਢਣ ਦੀ ਬੁਰੀ ਆਦਤ ਪੂਰੇ ਦੇਸ਼ 'ਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਦੇਖਣ ਨੂੰ ਮਿਲ ਜਾਂਦੀ ਹੈ। ਕਿਸੇ ਨਾਲ ਬਹਿਸ ਜਾਂ ਝਗੜਾ ਹੋ ਰਿਹਾ ਹੋਵੇ, ਲੋਕ ਗਾਲ੍ਹਾਂ ਕੱਢਣ ਲੱਗ ਜਾਂਦੇ ਹਨ। ਇੱਥੋਂ ਤਕ ਕਿ ਸਾਧਾਰਣ ਗੱਲਬਾਤ ਦੌਰਾਨ ਵੀ ਲੋਕ ਗਾਲ੍ਹਾਂ ਦੀ ਵਰਤੋਂ ਕਰਦੇ ਹਨ। ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਮਹਾਰਾਸ਼ਟਰ ਦੇ ਇਕ ਪਿੰਡ ਦੇ ਜ਼ਿੰਮੇਵਾਰ ਲੋਕਾਂ ਨੇ ਗੱਲਬਾਤ ਦੌਰਾਨ ਗਾਲ੍ਹਾਂ ਦੀ ਵਰਤੋਂ ’ਤੇ ਰੋਕ ਲਗਾਉਣ ਦਾ ਸੰਕਲਪ ਲਿਆ ਹੈ।
ਮਹਾਰਾਸ਼ਟਰ ਦੇ ਸੌਂਦਲਾ ਪਿੰਡ ਨੇ ਗੱਲਬਾਤ ਦੌਰਾਨ ਗਾਲ੍ਹਾਂ ਕੱਢਣ ਦੇ ਨਾਲ ਹੀ ਅਪਸ਼ਬਦ ਬੋਲਣ ਵਾਲਿਆਂ ਨੂੰ 500 ਰੁਪਏ ਜੁਰਮਾਨਾ ਲਾਉਣ ਦਾ ਫੈਸਲਾ ਵੀ ਕੀਤਾ ਹੈ। ਸਰਪੰਚ ਸ਼ਰਦ ਅਰਗਡੇ ਨੇ ਦੱਸਿਆ ਕਿ ਅਹਿਲਿਆਨਗਰ ਜ਼ਿਲੇ ਦੀ ਨੇਵਾਸਾ ਤਹਿਸੀਲ ਦੇ ਪਿੰਡ ਦੀ ਗ੍ਰਾਮ ਸਭਾ ਨੇ ਔਰਤਾਂ ਦੇ ਮਾਣ-ਸਨਮਾਨ ਅਤੇ ਸਵੈ-ਮਾਣ ਵਿਰੁੱਧ ਅਪਸ਼ਬਦ ਬੋਲਣ ਵਿਰੁੱਧ ਮਤਾ ਪਾਸ ਕੀਤਾ ਹੈ।
ਅਰਗਡੇ ਨੇ ਕਿਹਾ ਕਿ ਮੁੰਬਈ ਤੋਂ ਲੱਗਭਗ 300 ਕਿਲੋਮੀਟਰ ਦੂਰ ਸਥਿਤ ਪਿੰਡ ਵਿਚ ਗੱਲਬਾਤ ਦੌਰਾਨ ਮਾਵਾਂ ਅਤੇ ਭੈਣਾਂ ਨੂੰ ਨਿਸ਼ਾਨਾ ਬਣਾ ਕੇ ਅਪਸ਼ਬਦਾਂ ਦੀ ਵਰਤੋਂ ਆਮ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਅਜਿਹੀ ਭਾਸ਼ਾ ਦੀ ਵਰਤੋਂ ਕਰਦੇ ਹਨ, ਉਹ ਭੁੱਲ ਜਾਂਦੇ ਹਨ ਕਿ ਉਹ ਮਾਤਾਵਾਂ ਅਤੇ ਭੈਣਾਂ ਦੇ ਨਾਂ ’ਤੇ ਜੋ ਵੀ ਕਹਿੰਦੇ ਹਨ, ਉਹ ਉਨ੍ਹਾਂ ਦੇ ਆਪਣੇ ਪਰਿਵਾਰ ਦੀਆਂ ਔਰਤਾਂ ’ਤੇ ਵੀ ਲਾਗੂ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਵਿਧਵਾਵਾਂ ਨੂੰ ਸਮਾਜਿਕ ਅਤੇ ਧਾਰਮਿਕ ਰਸਮਾਂ ਅਤੇ ਰੀਤੀ-ਰਿਵਾਜਾਂ ਵਿਚ ਸ਼ਾਮਲ ਕਰਦੇ ਹਾਂ। ਇਸੇ ਤਰ੍ਹਾਂ ਸਾਡੇ ਪਿੰਡ ਵਿਚ (ਪਤੀ ਦੀ ਮੌਤ ਤੋਂ ਬਾਅਦ) ਸਿੰਦੂਰ ਹਟਾਉਣਾ, ਮੰਗਲਸੂਤਰ ਉਤਾਰਨਾ ਅਤੇ ਚੂੜੀਆਂ ਤੋੜਨ ਦੀ ਮਨਾਹੀ ਹੈ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਪਿੰਡ ਵਿਚ 1800 ਲੋਕ ਰਹਿੰਦੇ ਹਨ।