ਅਗਨੀਪਥ ਯੋਜਨਾ ਨੂੰ ਲੈ ਕੇ ਨੌਜਵਾਨਾਂ 'ਚ ਉਤਸ਼ਾਹ, ਹਵਾਈ ਫ਼ੌਜ ਨੂੰ ਮਿਲੀਆਂ 7 ਲੱਖ ਤੋ ਵਧੇਰੇ ਅਰਜ਼ੀਆਂ

07/06/2022 12:13:33 PM

ਨਵੀਂ ਦਿੱਲੀ– ਭਾਰਤ ਸਰਕਾਰ ਦੀ ਮਹੱਤਵਪੂਰਨ ਫ਼ੌਜ ਭਰਤੀ ਯੋਜਨਾ ‘ਅਗਨੀਪਥ’ ਤਹਿਤ ਹਵਾਈ ਫ਼ੌਜ ’ਚ ਬਤੌਰ ਅਗਨੀਵੀਰਾਂ ਦੀ ਭਰਤੀ ਹੋਣ ਨੂੰ ਲੈ ਕੇ ਨੌਜਵਾਨਾਂ ’ਚ ਜ਼ਬਰਦਸਤ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਹਵਾਈ ਫ਼ੌਜ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਨੂੰ 5 ਜੁਲਾਈ 2022 ਤੱਕ ਅਗਨੀਪਥ ਭਰਤੀ ਯੋਜਨਾ ਤਹਿਤ 7.5 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਸ ਯੋਜਨਾ ਤਹਿਤ ਰਜਿਸਟ੍ਰੇਸ਼ਨ ਪ੍ਰਕਿਰਿਆ 24 ਜੂਨ ਤੋਂ ਸ਼ੁਰੂ ਹੋਈ ਅਤੇ ਮੰਗਲਵਾਰ 5 ਜੁਲਾਈ ਨੂੰ ਪੂਰੀ ਹੋ ਗਈ। ਦੱਸ ਦੇਈਏ ਕਿ 14 ਜੂਨ ਨੂੰ ਇਸ ਯੋਜਨਾ ਦੇ ਜਾਰੀ ਹੋਣ ਮਗਰੋਂ ਇਸ ਦੇ ਖ਼ਿਲਾਫ਼ ਕਈ ਸੂਬਿਆਂ ’ਚ ਲੱਗਭਗ ਇਕ ਹਫ਼ਤੇ ਤੱਕ ਹਿੰਸਕ ਵਿਰੋਧ ਪ੍ਰਦਰਸ਼ਨ ਹੋਏ। ਕਈ ਟਰੇਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ। ਵੱਖ-ਵੱਖ ਵਿਰੋਧੀ ਧਿਰਾਂ ਵਲੋਂ ਇਸ ਯੋਜਨਾ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ।

ਇਹ ਵੀ ਪੜ੍ਹੋ- ਅਗਨੀਪਥ ਯੋਜਨਾ: ਵਿਰੋਧ ਦਰਮਿਆਨ 4 ਦਿਨਾਂ ’ਚ ਹਵਾਈ ਫੌਜ ਨੂੰ 94 ਹਜ਼ਾਰ ਤੋਂ ਜ਼ਿਆਦਾ ਅਰਜ਼ੀਆਂ ਮਿਲੀਆਂ

ਹੁਣ ਤੱਕ ਦੀ ਸਭ ਤੋਂ ਵੱਧ ਰਜਿਸਟ੍ਰੇਸ਼ਨ ਗਿਣਤੀ

ਇਸ ਦਰਮਿਆਨ ਮੰਗਲਵਾਰ ਨੂੰ ਭਾਰਤੀ ਹਵਾਈ ਫ਼ੌਜ ਨੇ ਟਵਿੱਟਰ ’ਤੇ ਟਵੀਟ ਕਰ ਕੇ ਕਿਹਾ ਕਿ ਅਗਨੀਪਥ ਭਰਤੀ ਯੋਜਨਾ ਲਈ ਹਵਾਈ ਫ਼ੌਜ ਵਲੋਂ ਆਯੋਜਿਤ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਹੋ ਗਈ ਹੈ। ਇਸ ’ਚ ਕਿਹਾ ਗਿਆ ਕਿ ਇਸ ਤੋਂ ਪਹਿਲਾਂ ਕਦੇ ਹਵਾਈ ਫ਼ੌਜ ਦੀ ਕਿਸੇ ਵੀ ਭਰਤੀ ਲਈ ਇੰਨੀਆਂ ਅਰਜ਼ੀਆਂ ਨਹੀਂ ਮਿਲੀਆਂ ਸਨ। ਇਸ ਵਾਰ 7,49,899 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਹ ਹੁਣ ਤੱਕ ਦਾ ਸਭ ਤੋਂ ਵੱਧ ਰਜਿਸਟ੍ਰੇਸ਼ਨ ਰਿਕਾਰਡ ਹੈ। ਇਸ ਤੋਂ ਪਹਿਲਾਂ 6,31,528 ਅਰਜ਼ੀਆਂ ਦਾ ਸਭ ਤੋਂ ਵਧ ਅੰਕੜਾ ਰਿਹਾ ਸੀ।

ਇਹ ਵੀ ਪੜ੍ਹੋ- ਅਗਨੀਵੀਰ ਭਰਤੀ ਲਈ 3 ਦਿਨਾਂ ਅੰਦਰ 10 ਹਜ਼ਾਰ ਕੁੜੀਆਂ ਨੇ ਕਰਵਾਇਆ ਰਜਿਸਟਰੇਸ਼ਨ

PunjabKesari

14 ਜੂਨ ਨੂੰ ਹੋਇਆ ਸੀ ਅਗਨੀਪਥ ਭਰਤੀ ਯੋਜਨਾ ਦਾ ਐਲਾਨ

ਜ਼ਿਕਰਯੋਗ ਹੈ ਕਿ ਅਗਨੀਪਥ ਯੋਜਨਾ 14 ਜੂਨ ਨੂੰ ਐਲਾਨ ਕੀਤੀ ਗਈ ਸੀ, ਜਿਸ ’ਚ ਸਾਢੇ 17 ਸਾਲ ਤੋਂ 21 ਸਾਲ ਵਿਚਾਲੇ ਨੌਜਵਾਨ ਨੂੰ ਸਿਰਫ 4 ਸਾਲਾਂ ਲਈ ਫ਼ੌਜ ’ਚ ਭਰਤੀ ਕਰਨ ਦੀ ਪ੍ਰਕਿਰਿਆ ਹੈ। 4 ਸਾਲ ਬਾਅਦ ਇਨ੍ਹਾਂ ’ਚੋਂ  ਸਿਰਫ 25 ਫ਼ੀਸਦੀ ਨੌਜਵਾਨਾਂ ਦੀ ਸੇਵਾ ਨਿਯਮਿਤ ਕਰਨ ਦੀ ਵਿਵਸਥਾ ਹੈ। ਇਸ ਯੋਜਨਾ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਮਗਰੋਂ ਸਰਕਾਰ ਨੇ 2022 ’ਚ ਭਰਤੀ ਲਈ ਉੱਪਰੀ ਉਮਰ ਹੱਦ ਨੂੰ ਇਸ ਸਾਲ ਲਈ ਵਧਾ ਕੇ 23 ਸਾਲ ਕਰ ਦਿੱਤਾ ਹੈ। 

ਇਹ ਵੀ ਪੜ੍ਹੋ- ਪਿਓ-ਧੀ ਦੀ ਜੋੜੀ ਨੇ ਰਚਿਆ ਇਤਿਹਾਸ, ਇਕੱਠਿਆਂ ਉਡਾਇਆ ਭਾਰਤੀ ਫ਼ੌਜ ਦਾ ਲੜਾਕੂ ਜਹਾਜ਼


Tanu

Content Editor

Related News