ਮੱਧ ਪ੍ਰਦੇਸ਼ ’ਚ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚਿਆ ਪਾਇਲਟ
Thursday, Oct 21, 2021 - 11:47 AM (IST)
ਭਿੰਡ/ਗਵਾਲੀਅਰ (ਵਾਰਤਾ)— ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਵਿਚ ਅੱਜ ਯਾਨੀ ਕਿ ਵੀਰਵਾਰ ਨੂੰ ਭਾਰਤੀ ਹਵਾਈ ਫ਼ੌਜ ਦਾ ਇਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਕੇ ਜ਼ਮੀਨ ’ਤੇ ਡਿੱਗ ਗਿਆ। ਹਾਲਾਂਕਿ ਚੰਗੀ ਗੱਲ ਇਹ ਰਹੀ ਕਿ ਜਹਾਜ਼ ਉਡਾ ਰਿਹਾ ਪਾਇਲਟ ਸੁਰੱਖਿਅਤ ਬਚ ਨਿਕਲਣ ’ਚ ਸਫਲ ਰਿਹਾ। ਪੁਲਸ ਅਤੇ ਅਧਿਕਾਰਤ ਸੂਤਰਾਂ ਨੇ ਸ਼ੁਰੂਆਤੀ ਸੂਚਨਾਵਾਂ ਦੇ ਹਵਾਲੇ ਤੋਂ ਦੱਸਿਆ ਕਿ ਹਵਾਈ ਫ਼ੌਜ ਦਾ ਇਹ ਜਹਾਜ਼ ਭਿੰਡ ਦੇ ਦੇਹਾਤ ਥਾਣਾ ਖੇਤਰ ਦੇ ਇਕ ਖੇਤ ’ਚ ਹਾਦਸੇ ਦਾ ਸ਼ਿਕਾਰ ਹੋ ਕੇ ਡਿੱਗ ਗਿਆ।
ਇਹ ਜਹਾਜ਼ ਭਾਰਤੀ ਹਵਾਈ ਫ਼ੌਜ ਦਾ ਮਿਰਾਜ 2000 ਦੱਸਿਆ ਗਿਆ ਹੈ। ਇਸ ਦਾ ਮਲਬਾ ਆਲੇ-ਦੁਆਲੇ ਦੇ ਖੇਤਰ ਵਿਚ ਫੈਲ ਗਿਆ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਨੂੰ ਉਡਾ ਰਹੇ ਪਾਇਲਟ ਦੀ ਪਹਿਚਾਣ ਲੈਫਟੀਨੈਂਟ ਅਭਿਲਾਸ਼ ਦੇ ਰੂਪ ਵਿਚ ਹੋਈ ਹੈ। ਜੋ ਖੇਤ ਵਿਚ ਮਿਲੇ ਹਨ ਅਤੇ ਉਨ੍ਹਾਂ ਨੂੰ ਪਿੰਡ ਵਾਸੀਆਂ ਤੇ ਪੁਲਸ ਦੀ ਮਦਦ ਨਾਲ ਸੁਰੱਖਿਅਤ ਥਾਂ ’ਤੇ ਲਿਜਾਇਆ ਗਿਆ ਹੈ। ਭਿੰਡ ਦੇ ਐੱਸ. ਪੀ. ਮਨੋਜ ਕੁਮਾਰ ਸਿੰਘ ਨੇ ਦੱਸਿਆ ਕਿ ਜਹਾਜ਼ ਨੇ ਗਵਾਲੀਅਰ ਸਥਿਤ ਮਹਾਰਾਜਪੁਰਾ ਏਅਰਬੇਸ ਤੋਂ ਉਡਾਣ ਭਰੀ ਸੀ ਪਰ ਕੁਝ ਦੇਰ ਬਾਅਦ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਿਆ। ਹਾਦਸੇ ਮਗਰੋਂ ਜਹਾਜ਼ ਨੂੰ ਅੱਗ ਲੱਗ ਗਈ। ਉਨ੍ਹਾਂ ਨੇ ਕਿਹਾ ਕਿ ਪਾਇਲਟ ਨੂੰ ਬਚਾ ਲਿਆ ਗਿਆ ਹੈ।
ਓਧਰ ਭਾਰਤੀ ਹਵਾਈ ਫ਼ੌਜ ਨੇ ਇਕ ਟਵੀਟ ਵਿਚ ਕਿਹਾ ਕਿ ਫ਼ੌਜ ਦੇ ਮਿਰਾਜ 2000 ਜਹਾਜ਼ ਨੇ ਅੱਜ ਸਵੇਰੇ ਉਡਾਣ ਭਰੀ ਸੀ। ਪਾਇਲਟ ਨੂੰ ਉਡਾਣ ਦੌਰਾਨ ਤਕਨੀਕੀ ਖਰਾਬ ਲੱਗੀ ਅਤੇ ਪਾਇਲਟ ਸੁਰੱਖਿਅਤ ਬਾਹਰ ਨਿਕਲਣ ’ਚ ਸਫ਼ਲ ਰਿਹਾ। ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਦੇ ਹੁਕਮ ਦਿੱਤੇ ਗਏ ਹਨ।