ਮੀਡੀਆ ''ਤੇ ਵਰ੍ਹੇ ਤੇਜਸਵੀ, ਕਿਹਾ- ਭਰਾ ਦੇ ਤਲਾਕ ਬਾਰੇ ਕੁਝ ਨਹੀਂ ਕਹਾਂਗਾ

Saturday, Nov 10, 2018 - 07:59 PM (IST)

ਮੀਡੀਆ ''ਤੇ ਵਰ੍ਹੇ ਤੇਜਸਵੀ, ਕਿਹਾ- ਭਰਾ ਦੇ ਤਲਾਕ ਬਾਰੇ ਕੁਝ ਨਹੀਂ ਕਹਾਂਗਾ

ਰਾਂਚੀ— ਵੱਡੇ ਭਰਾ ਤੇਜ ਪ੍ਰਤਾਪ ਯਾਦਵ ਦੇ ਪਰਿਵਾਰਕ ਰਿਸ਼ਤਿਆਂ 'ਚ ਆਈ ਖਟਾਸ ਦੇ ਬਾਰੇ 'ਚ ਪੁੱਛੇ ਜਾਣ 'ਤੇ ਬਿਹਾਰ ਵਿਧਾਨਸਭਾ ਦੇ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਅੱਜ ਮੀਡੀਆ 'ਤੇ ਵਰ੍ਹ ਗਏ ਤੇ ਉਨ੍ਹਾਂ ਨੇ ਮੀਡੀਆ ਨੂੰ ਉਨ੍ਹਾਂ ਦੇ ਪਰਿਵਾਰਕ ਮਾਮਲਿਆਂ ਤੋਂ ਦੂਰ ਰਹਿਣ ਦੀ ਹਿਦਾਇਤ ਦਿੱਤੀ। 950 ਕਰੋੜ ਰੁਪਏ ਦੇ ਚਾਰਾ ਘੋਟਾਲਾ ਮਾਮਲੇ 'ਚ ਸਜ਼ਾ ਕੱਟ ਰਹੇ ਲਾਲੂ ਨਾਲ ਮਿਲਣ ਆਏ ਉਨ੍ਹਾਂ ਦੇ ਬੇਟੇ ਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਜਦੋਂ ਮੀਡੀਆ ਨੇ ਤੇਜ ਪ੍ਰਤਾਪ ਬਾਰੇ ਪੁੱਛਿਆ ਤਾਂ ਉਹ ਭੜਕ ਗਏ ਤੇ ਕਿਹਾ ਕਿ ਮੇਰੇ ਪਰਿਵਾਰ ਦੇ ਏ ਟੂ ਜ਼ੈੱਡ ਮਾਮਲੇ ਚੁੱਕਣ ਦੀ ਲੋੜ ਨਹੀਂ ਹੈ। ਇਹ ਘਰੇਲੂ ਮਾਮਲਾ ਹੈ ਤੇ ਇਸ ਨਾਲ ਪਰਿਵਾਰ ਦੇ ਲੋਕ ਨਿਪਟ ਲੈਣਗੇ।

ਤੇਜਸਵੀ ਨੇ ਮੀਡੀਆ ਦੇ ਲੋਕਾਂ ਤੋਂ ਪੁੱਛਿਆ ਕਿ ਤੁਸੀਂ ਦੱਸੋ, ਤੁਹਾਡੇ ਘਰਾਂ 'ਚ ਕਿਸ ਨੇ ਖਾਣਾ ਬਣਾਇਆ, ਤੁਸੀਂ ਜਾਂ ਤੁਹਾਡੀ ਪਤਨੀ ਨੇ? ਭੋਜਨ ਚੰਗਾ ਬਣਿਆ ਸੀ ਜਾਂ ਮਾੜਾ। ਤੁਸੀਂ ਦੋਵਾਂ ਨੇ ਇਕੱਠੇ ਖਾਣਾ ਖਾਦਾ? ਉਨ੍ਹਾਂ ਕਿਹਾ ਕਿ ਅਜਿਹੇ ਨਿੱਜੀ ਸਵਾਲਾਂ ਦਾ ਕੋਈ ਮਤਲਬ ਨਹੀਂ ਹੈ। ਕਿਸੇ ਦੇ ਪਰਿਵਾਰਕ ਮਾਮਲਿਆਂ 'ਚ ਦਖਲ ਨਹੀਂ ਦੇਣੀ ਚਾਹੀਦੀ। ਤੇਜਸਵੀ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਜੇਕਰ ਨਿੱਜੀ ਮਾਮਲੇ ਚੁੱਕੇ ਜਾਣ ਤਾਂ ਪ੍ਰਧਾਨ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਸਾਰਿਆਂ ਦੀ ਪੋਲ ਖੁੱਲ੍ਹ ਸਕਦੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਸਿਰਫ ਦੇਸ਼ ਤੇ ਬਿਹਾਰ ਦੀ ਚਿੰਤਾ ਹੈ। ਘਰ ਦੇ ਮਾਮਲਿਆਂ ਨੂੰ ਘਰ ਦੇ ਮੈਂਬਰ ਸੁਲਝਾ ਲੈਣਗੇ।

ਇਹ ਪੁੱਛੇ ਜਾਣ 'ਤੇ ਕਿ ਉਨ੍ਹਾਂ ਦੀ ਲਾਲੂ ਪ੍ਰਸ਼ਾਦ ਯਾਦਵ ਨਾਲ ਕੀ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਪਰਿਵਾਰਕ ਲੋਕਾਂ ਨੂੰ ਜੇਲ 'ਚ ਬੰਦ ਲਾਲੂ ਯਾਦਵ ਨਾਲ ਮਿਲਣ ਲਈ ਸ਼ਨੀਵਾਰ ਦਾ ਸਮਾਂ ਮਿਲਦਾ ਹੈ। ਇਸ ਲਈ ਮੈਂ ਇਥੇ ਆਇਆ ਸੀ। ਵੈਸੇ ਕੱਲ ਮੇਰਾ ਜਨਮਦਿਨ ਵੀ ਸੀ ਇਸ ਲਈ ਆਸ਼ਿਰਵਾਦ ਵੀ ਲੈਣਾ ਸੀ। ਉਨ੍ਹਾਂ ਦੀ ਸਿਹਤ ਬਾਰੇ ਵੀ ਜਾਨਣਾ ਸੀ। ਤੇਜਸਵੀ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਚੰਗੀ ਹੋ ਰਹੀ ਹੈ। ਬਿਹਾਰ ਦੀ ਨਿਤਿਸ਼ ਸਰਕਾਰ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਨਿਤਿਸ਼ ਸਰਕਾਰ ਕਿਹੋ ਜਿਹੀ ਹੈ ਇਹ ਤਾਂ ਸਮਾਂ ਆਉਣ 'ਤੇ ਬਿਹਾਰ ਦੀ ਜਨਤਾ ਦੱਸ ਹੀ ਦੇਵੇਗੀ।


Related News