ਲੋਕ ਸਭਾ ਚੋਣਾਂ ''ਚ ਪਤਨੀ ਨੂੰ ਭੈਣ ਖ਼ਿਲਾਫ਼ ਉਤਾਰ ਕੇ ਗਲਤੀ ਕੀਤੀ : ਅਜੀਤ ਪਵਾਰ

Tuesday, Aug 13, 2024 - 03:46 PM (IST)

ਲੋਕ ਸਭਾ ਚੋਣਾਂ ''ਚ ਪਤਨੀ ਨੂੰ ਭੈਣ ਖ਼ਿਲਾਫ਼ ਉਤਾਰ ਕੇ ਗਲਤੀ ਕੀਤੀ : ਅਜੀਤ ਪਵਾਰ

ਮੁੰਬਈ (ਭਾਸ਼ਾ)- ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਹਾਲ ਹੀ 'ਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਵਿਚ ਆਪਣੀ ਪਤਨੀ ਸੁਨੇਤਰਾ ਪਵਾਰ ਨੂੰ ਚਚੇਰੀ ਭੈਣ ਸੁਪ੍ਰਿਆ ਸੁਲੇ ਖ਼ਿਲਾਫ਼ ਉਤਾਰ ਕੇ ਗਲਤੀ ਕੀਤੀ ਹੈ। ਮਹਾਰਾਸ਼ਟਰ 'ਚ ਸਾਲ ਦੇ ਅੰਤ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰਾਂ ਤੱਕ ਪਹੁੰਚਣ ਦੀ ਕੋਸ਼ਿਸ਼ 'ਚ ਸੂਬੇ ਭਰ 'ਚ 'ਜਨ ਸਨਮਾਨ ਯਾਤਰਾ' ਕੱਢ ਰਹੇ ਅਜੀਤ ਨੇ ਕਿਹਾ ਕਿ ਰਾਜਨੀਤੀ ਨੂੰ ਪਰਿਵਾਰ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ। ਲੋਕ ਸਭਾ ਚੋਣਾਂ 'ਚ ਸੁਨੇਤਰਾ ਪਵਾਰ ਨੇ ਮਹਾਰਾਸ਼ਟਰ ਦੀ ਬਾਰਾਮਤੀ ਸੀਟ ਤੋਂ ਰਾਸ਼ਟਰਵਾਦੀ ਕਾਂਗਰਸ ਪਾਰਟੀ-ਸ਼ਰਦ ਚੰਦਰ ਪਵਾਰ (ਐੱਨਸੀਪੀ-ਐੱਸਪੀ) ਦੀ ਉਮੀਦਵਾਰ ਸੁਪ੍ਰੀਆ ਸੁਲੇ ਨੂੰ ਚੁਣੌਤੀ ਦਿੱਤੀ ਸੀ, ਜੋ ਅਜੀਤ ਦੇ ਚਾਚਾ ਸ਼ਰਦ ਪਵਾਰ ਦੀ ਧੀ ਹੈ। ਹਾਲਾਂਕਿ ਇਸ ਚੋਣ 'ਚ ਸੁਨੇਤਰਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਬਾਅਦ 'ਚ ਉਹ ਰਾਜ ਸਭਾ ਲਈ ਚੁਣੀ ਗਈ। ਪਿਛਲੇ ਸਾਲ ਜੁਲਾਈ 'ਚ ਅਜੀਤ ਪਵਾਰ ਅਤੇ ਉਨ੍ਹਾਂ ਦੇ ਵਫ਼ਾਦਾਰ ਵਿਧਾਇਕ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ-ਭਾਜਪਾ ਸਰਕਾਰ 'ਚ ਸ਼ਾਮਲ ਹੋ ਗਏ ਸਨ, ਜਿਸ ਨਾਲ ਰਾਕਾਂਪਾ ਦੇ 2 ਹਿੱਸੇ ਹੋ ਗਏ ਸਨ। ਬਾਅਦ 'ਚ ਚੋਣ ਕਮਸ਼ਿਨ ਨੇ ਅਜੀਤ ਦੀ ਅਗਵਾਈ ਵਾਲੇ ਧਿਰ ਨੂੰ ਅਸਲੀ ਰਾਕਾਂਪਾ ਐਲਾਨ ਕੀਤਾ ਸੀ। 

ਅਜੀਤ ਨੇ ਕਿਹਾ,''ਮੈਂ ਆਪਣੀਆਂ ਸਾਰੀਆਂ ਭੈਣਾਂ ਨੂੰ ਪਿਆਰ ਕਰਦਾ ਹਾਂ। ਰਾਜਨੀਤੀ ਨੂੰ ਘਰ ਅਤੇ ਪਰਿਵਾਰ ਤੋਂ ਬਾਹਰ ਰੱਖਣਾ ਚਾਹੀਦਾ ਹੈ। ਮੈਂ ਸੁਨੇਤਰਾ ਨੂੰ ਚੋਣ ਮੈਦਾਨ 'ਚ ਆਪਣੀ ਭੈਣ ਖ਼ਿਲਾਫ਼ ਉਤਾਰ ਕੇ ਗਲਤੀ ਕੀਤੀ। ਅਜਿਹਾ ਨਹੀਂ ਹੋਣਾ ਚਾਹੀਦਾ ਸੀ ਪਰ (ਐੱਨਸੀਪੀ) ਦੇ ਸੰਸਦੀ ਬੋਰਡ ਨੇ ਇਹ ਫ਼ੈਸਲਾ ਲਿਆ ਸੀ। ਹੁਣ ਮੈਨੂੰ ਲੱਗਦਾ ਹੈ ਕਿ ਇਹ ਫ਼ੈਸਲਾ ਗਲਤ ਸੀ।'' ਇਹ ਪੁੱਛੇ ਜਾਣ 'ਤੇ ਕਿ ਕੀ ਉਹ ਅਗਲੇ ਹਫ਼ਤੇ ਰੱਖੜੀ 'ਤੇ ਆਪਣੀ ਭੈਣ ਕੋਲ ਜਾਣਗੇ, ਅਜੀਤ ਨੇ ਕਿਹਾ ਕਿ ਉਹ ਇਸ ਸਮੇਂ ਯਾਤਰਾ 'ਤੇ ਹਨ ਅਤੇ ਜੇਕਰ ਉਹ ਅਤੇ ਉਸ ਦੀਆਂ ਭੈਣਾਂ ਉਸ ਦਿਨ ਇਕ ਹੀ ਜਗ੍ਹਾ 'ਤੇ ਹੋਣਗੇ ਤਾਂ ਉਹ ਉਨ੍ਹਾਂ ਨੂੰ ਜ਼ਰੂਰ ਮਿਲਣਗੇ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਲਈ ਵਿਕਾਸ ਅਤੇ ਭਲਾਈ ਸਕੀਮਾਂ ਦੇ ਮੁੱਦੇ 'ਤੇ ਹੀ ਬੋਲਣ ਦਾ ਫ਼ੈਸਲਾ ਕੀਤਾ ਹੈ ਨਾ ਕਿ ਆਪਣੇ ਖ਼ਿਲਾਫ਼ ਆਲੋਚਨਾ ਦਾ ਜਵਾਬ ਦੇਣ ਦਾ। ਅਜੀਤ ਨੇ ਇਹ ਵੀ ਕਿਹਾ ਕਿ ਸ਼ਰਦ ਪਵਾਰ ਸੀਨੀਅਰ ਨੇਤਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੁਖੀ ਹਨ, ਇਸ ਲਈ ਉਹ ਉਨ੍ਹਾਂ ਦੀ ਕਿਸੇ ਵੀ ਆਲੋਚਨਾ ਦਾ ਜਵਾਬ ਨਹੀਂ ਦੇਣਗੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News