ਉੱਤਰਾਖੰਡ ’ਚ ‘ਆਈ ਲਵ ਮੁਹੰਮਦ’ ਦੇ ਜਲੂਸ ਦੌਰਾਨ ਹੰਗਾਮਾ, 7 ਗ੍ਰਿਫ਼ਤਾਰ
Monday, Sep 22, 2025 - 11:59 PM (IST)

ਰੁਦਰਪੁਰ, (ਭਾਸ਼ਾ)- ਉੱਤਰਾਖੰਡ ’ਚ ਊਧਮ ਸਿੰਘ ਨਗਰ ਜ਼ਿਲੇ ਦੇ ਕਾਸ਼ੀਪੁਰ ’ਚ ਬਿਨਾਂ ਪ੍ਰਵਾਨਗੀ ਧਾਰਮਿਕ ਜਲੂਸ ਕੱਢਣ, ਪੁਲਸ ਮੁਲਾਜ਼ਮਾਂ ’ਤੇ ਹਮਲਾ ਕਰਨ ਅਤੇ ਸਰਕਾਰੀ ਵਾਹਨਾਂ ਦੀ ਭੰਨਤੋੜ ਕਰਨ ਦੇ ਦੋਸ਼ ’ਚ ਮੁੱਖ ਮੁਲਜ਼ਮ ਸਮੇਤ 7 ਲੋਕਾਂ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਾਸ਼ੀਪੁਰ ਦੇ ਬਾਂਸਫੋੜਾਨ ਖੇਤਰ ਦੇ ਅਲੀਖਾਨ ਚੌਕ ’ਤੇ ਐਤਵਾਰ ਰਾਤ ਲੱਗਭਗ 8 ਵਜੇ ਕੁਝ ਲੋਕ ਅਚਾਨਕ ‘ਆਈ ਲਵ ਮੁਹੰਮਦ’ ਲਿਖੇ ਬੈਨਰ ਫੜ ਕੇ ਅਤੇ ਨਾਅਰੇਬਾਜ਼ੀ ਕਰਦੇ ਹੋਏ ਵਾਲਮੀਕਿ ਬਸਤੀ ਵੱਲ ਜਲੂਸ ਕੱਢਣ ਲੱਗੇ, ਜਿਸ ਦੀ ਨਾ ਤਾਂ ਪ੍ਰਸ਼ਾਸਨ ਕੋਲੋਂ ਕੋਈ ਪ੍ਰਵਾਨਗੀ ਲਈ ਗਈ ਸੀ ਤੇ ਨਾ ਹੀ ਪੁਲਸ ਨੂੰ ਕੋਈ ਜਾਣਕਾਰੀ ਦਿੱਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਜਲੂਸ ’ਚ ਭੀੜ ਵਧਣ ਲੱਗੀ, ਜਿਸ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ’ਤੇ ਡੰਡਿਆਂ ਅਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ ਅਤੇ ਸਰਕਾਰੀ ਵਾਹਨਾਂ ਦੀ ਭੰਨਤੋੜ ਕੀਤੀ ਗਈ। ਇਸ ਦੌਰਾਨ ਪੁਲਸ ਦੇ ਸਬ-ਇੰਸਪੈਕਟਰ ਅਨਿਲ ਜੋਸ਼ੀ ਨਾਲ ਵੀ ਕੁੱਟਮਾਰ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਘਟਨਾ ਦੇ ਮੁੱਖ ਮੁਲਜ਼ਮ ਨਦੀਮ ਅਖਤਰ ਸਮੇਤ 7 ਦੰਗਾਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।