ਮੈਂ ਇੰਦੂ ਮਲਹੋਤਰਾ ਤੋਂ ਵਧੀਆ ਕਿਸੇ ਜੱਜ ਨੂੰ ਨਹੀਂ ਜਾਣਦਾ: ਚੀਫ ਜਸਟਿਸ ਬੋਬੜੇ

Saturday, Mar 13, 2021 - 12:02 AM (IST)

ਮੈਂ ਇੰਦੂ ਮਲਹੋਤਰਾ ਤੋਂ ਵਧੀਆ ਕਿਸੇ ਜੱਜ ਨੂੰ ਨਹੀਂ ਜਾਣਦਾ: ਚੀਫ ਜਸਟਿਸ ਬੋਬੜੇ

ਨਵੀਂ ਦਿੱਲੀ - ਸੁਪਰੀਮ ਕੋਰਟ ਦੇ ਚੀਫ ਜਸਟਿਸ ਐੱਸ.ਏ.ਬੋਬੜੇ ਨੇ ਕਿਹਾ ਹੈ ਕਿ ਮੈਂ ਜਸਟਿਸ ਇੰਦੂ ਮਲਹੋਤਰਾ ਤੋਂ ਵਧੀਆ ਕਿਸੇ ਹੋਰ ਜੱਜ ਨੂੰ ਨਹੀਂ ਜਾਣਦਾ। ਜਸਟਿਸ ਇੰਦੂ ਮਲਹੋਤਰਾ ਦੇ ਕਾਰਜਕਾਲ ਦੇ ਆਖਰੀ ਦਿਨ ਸ਼ੁੱਕਰਵਾਰ ਚੀਫ ਜਸਟਿਸ ਨੇ ਉਕਤ ਟਿੱਪਣੀ ਕੀਤੀ। ਜਸਟਿਸ ਇੰਦੂ ਮਲਹੋਤਰਾ ਪਹਿਲੀ ਮਹਿਲਾ ਜੱਜ ਸੀ ਜਿਨ੍ਹਾਂ ਦੀ ਨਿਯੁਕਤੀ ਸਿੱਧੀ ਸੁਪਰੀਮ ਕੋਰਟ ਵਿਚ ਹੋਈ ਸੀ। ਪਰੰਪਰਾ ਮੁਤਾਬਕ ਸੇਵਾਮੁਕਤ ਹੋਣ ਵਾਲੇ ਜਸਟਿਸ ਆਪਣੇ ਕਾਰਜਕਾਲ ਦੇ ਆਖਰੀ ਦਿਨ ਚੀਫ ਜਸਟਿਸ ਦੇ ਨਾਲ ਅਦਾਲਤ ਵਿਚ ਬੈਠਦੇ ਹਨ। ਜਸਟਿਸ ਮਲਹੋਤਰਾ ਦੀ ਸ਼ਲਾਘਾ  ਕਰਦਿਆਂ ਚੀਫ ਜਸਟਿਸ ਬੋਬੜੇ ਨੇ ਕਿਹਾ ਕਿ ਉਹ ਉਨ੍ਹਾਂ ਦੀ ਜੁਡੀਸ਼ੀਅਲ ਯੋਗਤਾ ਬਾਰੇ ਕੁਝ ਵੀ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਉਨ੍ਹਾਂ ਦੇ ਫੈਸਲੇ ਗਿਆਨ, ਵਿਵੇਕ ਅਤੇ ਦ੍ਰਿੜਤਾ ਨਾਲ ਭਰੇ ਹੋਏ ਹਨ।
 
ਜਸਟਿਸ ਮਲਹੋਤਰਾ ਸ਼ਨੀਵਾਰ ਸੇਵਾਮੁਕਤ ਹੋ ਰਹੀ ਹੈ। ਇਸ ਮੌਕੇ 'ਤੇ ਉਹ ਭਾਵੁਕ ਹੋ ਗਈ। ਉਨ੍ਹਾਂ ਕਿਹਾ ਕਿ ਮੇਰਾ ਸੁਪਰੀਮ ਕੋਰਟ ਵਿਚ ਜੱਜ ਵਜੋਂ ਕਾਰਜਕਾਲ 3 ਸਾਲ ਤੋਂ ਵੀ ਘੱਟ ਦਾ ਰਿਹਾ ਹੈ ਪਰ ਮੈਂ ਸੰਤੁਸ਼ਟੀ ਦੀ ਭਾਵਨਾ ਨਾਲ ਜਾ ਰਹੀ ਹਾਂ। ਉਨ੍ਹਾਂ ਚੀਫ ਜਸਟਿਸ ਅਤੇ ਬਾਰ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਂ ਸੰਸਥਾ ਦਾ ਹਿੱਸਾ ਬਣ ਕੇ ਖੁਦ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ। ਅਟਾਰਨੀ ਜਨਰਲ ਕੇ.ਕੇ. ਵੇਣੂੰਗੋਪਾਲ ਨੇ ਕਿਹਾ ਕਿ ਜਸਟਿਸ ਇੰਦੂ ਮਲਹੋਤਰਾ ਸਰਬੋਤਮ ਜੱਜਾਂ ਵਚੋਂ ਇਕ ਹੈ। ਇਹ ਬਹੁਤ ਮੰਦਭਾਗੀ ਗੱਲ ਹੈ ਕਿ ਸੁਪਰੀਮ ਕੋਰਟ ਦੇ ਜੱਜਾਂ ਨੂੰ 65 ਸਾਲ ਦੀ ਉਮਰ ਵਿਚ ਸੇਵਾਮੁਕਤ ਹੇਣਾ ਪੈਂਦਾ ਹੈ। ਸੀਨੀਅਰ ਵਕੀਲਾਂ ਮੁਕੁਲ ਰੋਹਤਗੀ, ਪੀ.ਐੱਸ. ਨਰਸਿਮ੍ਹਾ, ਵੀ ਮੋਹਨਾ ਅਤੇ ਹੋਰਨਾਂ ਵਕੀਲਾਂ ਨੇ ਜਸਟਿਸ ਮਲਹੋਤਰਾ ਦੀ ਸ਼ਲਾਘਾ ਕੀਤੀ। ਜਸਟਿਸ ਮਲਹੋਤਰਾ 26 ਅਪ੍ਰੈਲ 2018 ਨੂੰ ਇਕ ਜੱਜ ਵਜੋਂ ਸ਼ਾਮਲ ਹੋਈ ਸੀ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News