ਮੇਰਾ ਕਿਸੇ ਨਾਲ ਮਨਮੁਟਾਵ ਨਹੀ, ਸਾਰਿਆਂ ਨੇਤਾਵਾਂ ਨੂੰ ਨਾਲ ਲੈ ਕੇ ਚੱਲੇ ਪਾਰਟੀ: ਹੁੱਡਾ

09/08/2019 1:08:54 PM

ਨਵੀਂ ਦਿੱਲੀ/ਚੰਡੀਗੜ੍ਹ—ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਪਾਰਟੀ 'ਚ ਚੱਲ ਰਹੇ ਕਲੇਸ਼ ਦੀ ਗੱਲ ਖਾਰਿਜ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਕਿਸੇ ਨੇਤਾ ਨਾਲ ਕੋਈ ਮਨ ਮੁਟਾਵ ਨਹੀਂ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਅਸ਼ੋਕ ਤੰਵਰ ਸਮੇਤ ਸਾਰੇ ਨੇਤਾਵਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਹਾਲ ਹੀ 'ਚ ਕਾਂਗਰਸ ਦੀ ਚੋਣ ਪ੍ਰਬੰਧਨ ਕਮੇਟੀ ਦੇ ਮੁਖੀ ਅਤੇ ਵਿਧਾਇਕ ਦਲ ਦੇ ਨੇਤਾ ਨਿਯੁਕਤ ਕੀਤੇ ਗਏ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੇ ਕਿਹਾ ਕਿ ਹਰਿਆਣਾ ਵਿਧਾਨ ਸਭਾ ਚੋਣਾਂ 'ਚ 'ਮੋਦੀ ਫੈਕਟਰ' ਨਹੀਂ ਹੋਵੇਗਾ ਕਿਉਂਕਿ ਜਨਤਾ ਮੁੱਖ ਮੰਤਰੀ ਨੂੰ ਧਿਆਨ 'ਚ ਰੱਖ ਦੇ ਹੋਏ ਉਨ੍ਹਾਂ ਅਤੇ ਖੱਟੜ ਸਰਕਾਰਾਂ ਦੇ ਕੰਮਾਂ ਦਾ ਮੁਕਾਬਲਾ ਕਰਦੇ ਹੋਏ ਵੋਟ ਕਰਨਗੇ। ਰੋਹਤਕ ਦੀ ਰੈਲੀ 'ਚ ਧਾਰਾ 370 'ਤੇ ਕਾਂਗਰਸ ਦੇ ਰੁਖ ਦੀ ਖੁੱਲ ਕੇ ਆਲੋਚਨਾ ਕਰਨ ਦੇ ਹਵਾਲੇ 'ਚ ਉਨ੍ਹਾਂ ਨੇ ਕਿਹਾ 370 'ਤੇ ਕਾਨੂੰਨ ਬਣ ਜਾਣ ਤੋਂ ਬਾਅਦ ਹੁਣ ਇਹ ਵਿਸ਼ਾ ਖਤਮ ਹੋ ਗਿਆ ਹੈ।

ਦੱਸ ਦੇਈਏ ਕਿ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ, ''ਸਾਰੇ ਹਾਲਾਤਾਂ ਦੇ ਮੱਦੇਨਜ਼ਰ ਪਾਰਟੀ ਲੀਡਰਸ਼ਿਪ ਨੇ ਜੋ ਫੈਸਲਾ ਕੀਤਾ ਹੈ,ਉਸ ਤੋਂ ਮੈਂ ਸੰਤੁਸ਼ਟ ਹਾਂ। ਚੋਣਾਂ ਸਾਹਮਣੇ ਹਨ ਅਤੇ ਸਾਰਿਆਂ ਨੂੰ ਇੱਕਠਾ ਹੋ ਕੇ ਚੋਣਾਂ ਲੜਨੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ, ''ਇਹ ਸਹੀਂ ਗੱਲ ਹੈ ਕਿ ਫੈਸਲੇ 'ਚ ਦੇਰੀ ਹੋਈ ਪਰ ਚਲੋ ਫੈਸਲਾ ਹੋਇਆ ਤਾਂ ਸਹੀ।'' ਇਹ ਪੁੱਛੇ ਜਾਣ 'ਤੇ ਕੀ ਤੰਵਰ ਨਾਲ ਉਨ੍ਹਾਂ ਦਾ ਮਨਮੁਟਾਵ ਹੈ ਅਤੇ ਉਹ ਉਨ੍ਹਾਂ ਨੂੰ ਅਤੇ ਦੂਜੇ ਸੀਨੀਅਰ ਨੇਤਾਵਾਂ ਨੂੰ ਨਾਲ ਲੈ ਕੇ ਚੱਲਣਗੇ ਤਾਂ ਹੁੱਡਾ ਨੇ ਕਿਹਾ, ''ਮੇਰਾ ਕਿਸੇ ਨਾਲ ਕੋਈ ਮਨਮੁਟਾਵ ਨਹੀਂ ਹੈ। ਪਾਰਟੀ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਕੁਝ ਹਫਤੇ ਪਹਿਲਾਂ ਕਾਂਗਰਸ ਨੇ ਆਪਣੇ ਸੂਬਾ ਇਕਾਈ ਦੇ ਨੇਤਾਵਾਂ ਦੀ ਆਪਸੀ ਕਲੇਸ਼ ਨੂੰ ਦੂਰ ਕਰਨ ਦਾ ਯਤਨ ਕਰਦੇ ਹੋਏ ਪਿਛਲੇ ਬੁੱਧਵਾਰ ਕੁਮਾਰੀ ਸ਼ੈਲਜਾ ਨੂੰ ਸੂਬਾ ਪ੍ਰਧਾਨ ਅਤੇ ਹੁੱਡਾ ਨੂੰ ਵਿਧਾਇਕ ਦਲ ਦਾ ਨੇਤਾ ਅਤੇ ਚੋਣ ਪ੍ਰਬੰਧਨ ਕਮੇਟੀ ਦਾ ਮੁਖੀ ਨਿਯੁਕਤ ਕੀਤਾ । ਹਰਿਆਣਾ 'ਚ ਅਕਤੂਬਰ ਦੇ ਅੰਤ ਤੱਕ ਵਿਧਾਨ ਸਭਾ ਚੋਣਾਂ ਤੈਅ ਹਨ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਹਰਿਆਣਾ ਵਿਧਾਨ ਸਭਾ 'ਚ ਕੁੱਲ 90 ਸੀਟਾਂ ਹਨ , ਜਿਨ੍ਹਾਂ 'ਚੋਂ 17 ਰਾਖਵੀਆਂ ਹਨ।

ਇਸ ਤੋਂ ਇਲਾਵਾ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪਾਰਟੀ ਨੇ ਇੱਕ ਤਰ੍ਹਾਂ ਨਾਲ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਹੈ ਤਾਂ ਹੁੱਡਾ ਨੇ ਕਿਹਾ, ''ਪਾਰਟੀ ਦਾ ਆਪਣਾ ਤਰੀਕਾ ਹੈ। 2005 'ਚ ਕੋਈ ਚਿਹਰਾ ਐਲਾਨ ਨਹੀਂ ਕੀਤਾ ਗਿਆ ਸੀ ਫਿਲਹਾਲ ਮੁੱਖ ਮੰਤਰੀ ਵੱਖਰੀ ਗੱਲ ਹੈ, ਪਹਿਲਾਂ ਅਸੀਂ ਕਾਂਗਰਸ ਦੀ ਸਰਕਾਰ ਬਣਾਉਣੀ ਹੈ। ਇਸ ਦੇ ਨਾਲ ਹੀ ਧਾਰਾ 370 'ਤੇ ਕਾਂਗਰਸ ਨੇ ਵੱਖਰਾ ਰੁਖ ਜ਼ਾਹਿਰ ਕਰਨ ਤੋਂ ਬਾਅਦ ਉਨ੍ਹਾਂ ਨੇ ਕਿਹਾ, ''ਅਸੀਂ ਇਸ ਸੰਬੰਧੀ ਬੋਲਿਆ ਸੀ ਪਰ ਹੁਣ ਇਹ ਕਾਨੂੰਨ ਬਣ ਗਿਆ ਹੈ, ਜਦੋਂ ਕਾਨੂੰਨ ਬਣ ਜਾਂਦਾ ਹੈ ਤਾਂ ਫਿਰ ਕੌਣ ਵਿਰੋਧ ਕਰੇਗਾ।'' ਇਸ ਸਵਾਲ 'ਤੇ ਕੀ ਹਰਿਆਣਾ ਵਿਧਾਨ ਸਭਾ ਚੋਣਾਂ 'ਚ 'ਮੋਦੀ ਫੈਕਟਰ' ਹੋਵੇਗਾ ਤਾਂ ਉਨ੍ਹਾਂ ਨੇ ਕਿਹਾ, ''ਲੋਕ ਸਭਾ ਚੋਣਾਂ 'ਚ ਮੋਦੀ ਫੈਕਟਰ ਸੀ ਅਤੇ ਮੋਦੀ ਲਹਿਰ ਚੱਲੀ ਪਰ ਇਹ ਚੋਣ ਪ੍ਰਧਾਨ ਮੰਤਰੀ ਚੁਣਨ ਲਈ ਨਹੀਂ ਹੈ।'' ਹਰਿਆਣਾ ਦਾ ਸਾਬਕਾ ਮੁੱਖ ਮੰਤਰੀ ਨੇ ਕਿਹਾ, ''ਲੋਕ ਸਭਾ ਚੋਣਾਂ ਦੇ ਮੁੱਦੇ ਵੱਖਰੇ ਹੁੰਦੇ ਹਨ ਅਤੇ ਵਿਧਾਨ ਸਭਾ ਚੋਣਾਂ ਦੇ ਵੱਖਰੇ ਮੁੱਦੇ ਹੁੰਦੇ ਹਨ। ਖੱਟੜ ਸਰਕਾਰ ਦੀਆਂ ਕਾਫੀ ਅਸਫਲਤਾਵਾਂ ਹਨ। ਇਸ ਤੋਂ ਪਹਿਲਾਂ ਸਾਡੀ 10 ਸਾਲ ਦੀ ਸਰਕਾਰ ਸੀ, ਜਿਸ 'ਚ ਸਾਡੀਆਂ ਵੀ ਉਪਲੱਬਧੀਆਂ ਹਨ। ਲੋਕ ਦੋਵਾਂ ਸਰਕਾਰਾਂ ਦੀਆਂ ਉਪਲੱਬਧੀਆਂ ਨੂੰ ਤੋਲਣਗੇ ਅਤੇ ਫਿਰ ਫੈਸਲਾ ਕਰਨਗੇ।''


Iqbalkaur

Content Editor

Related News