ਮੈਨੂੰ ਨਿਸ਼ਾਨਾ ਬਣਾਇਆ ਜਾ ਰਿਹੈ ਕਿਉਂਕਿ ਵਿਰੋਧੀ ਧਿਰ ਮੇਰੇ ਤੋਂ ਡਰਦਾ ਹੈ: ਸਿੱਧਰਮਈਆ
Friday, Sep 27, 2024 - 04:26 PM (IST)
ਮੈਸੂਰ- ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਮੈਸੂਰ ਸ਼ਹਿਰੀ ਵਿਕਾਸ ਅਥਾਰਟੀ ਜ਼ਮੀਨ ਅਲਾਟਮੈਂਟ ਮਾਮਲੇ 'ਚ ਉਨ੍ਹਾਂ ਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਵਿਰੋਧੀ ਧਿਰ ਉਨ੍ਹਾਂ ਤੋਂ ਡਰਦਾ ਹੈ। ਇਸ ਦੇ ਨਾਲ ਹੀ ਸਿੱਧਰਮਈਆ ਨੇ ਕਿਹਾ ਕਿ ਇਹ ਉਨ੍ਹਾਂ ਖਿਲਾਫ਼ ਪਹਿਲਾ ਸਿਆਸੀ ਮਾਮਲਾ ਹੈ। ਮੁੱਖ ਮੰਤਰੀ ਨੇ ਦੋਹਰਾਇਆ ਕਿ ਮਾਮਲੇ ਵਿਚ ਅਦਾਲਤ ਵਲੋਂ ਉਨ੍ਹਾਂ ਖਿਲਾਫ਼ ਜਾਂਚ ਦੇ ਆਦੇਸ਼ ਦਿੱਤੇ ਜਾਣ ਮਗਰੋਂ ਵੀ ਉਹ ਅਸਤੀਫ਼ਾ ਨਹੀਂ ਦੇਣਗੇ ਕਿਉਂਕਿ ਉਨ੍ਹਾਂ ਨੇ ਕੁਝ ਗਲਤ ਨਹੀਂ ਕੀਤਾ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਕਾਨੂੰਨੀ ਰੂਪ ਨਾਲ ਲੜਾਈ ਲੜਨਗੇ। ਕੇਂਦਰ ਸਰਕਾਰ 'ਤੇ ਸੀ. ਬੀ. ਆਈ., ਈਡੀ ਵਰਗੀਆਂ ਕੇਂਦਰੀ ਏਜੰਸੀਆਂ ਅਤੇ ਦੇਸ਼ ਭਰ ਵਿਚ ਵਿਰੋਧੀ ਧਿਰ ਸ਼ਾਸਿਤ ਸੂਬਿਆਂ ਵਿਚ ਰਾਜਪਾਲ ਦੇ ਕਾਰਜਕਾਲ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਵਿਚ ਰਾਜਪਾਲ ਦੇ ਦਖ਼ਲ ਦੇ ਮੁੱਦੇ ਨੂੰ ਲੈ ਕੇ ਰਾਸ਼ਟਰੀ ਪੱਧਰ 'ਤੇ ਬਹਿਸ ਦੀ ਲੋੜ ਹੈ।
ਸਿੱਧਰਮਈਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਕੁਝ ਗਲਤ ਨਹੀਂ ਕੀਤਾ। ਇਹ ਪਹਿਲੀ ਵਾਰ ਹੈ ਜਦੋਂ ਮੇਰੇ ਖਿਲਾਫ਼ ਕੋਈ ਸਿਆਸੀ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ। ਇਹ ਇਕ ਸਿਆਸੀ ਮਾਮਲਾ ਹੈ, ਕ੍ਰਿਪਾ ਕਰ ਕੇ ਇਸ ਗੱਲ ਦਾ ਧਿਆਨ ਰੱਖੋ। ਇਹ ਪੁੱਛੇ ਜਾਣ 'ਤੇ ਕਿ ਕੀ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਨ੍ਹਾਂ ਨੇ ਕਿਹਾ ਕਿ ਕਿਉਂਕਿ ਵਿਰੋਧੀ ਧਿਰ ਮੇਰੇ ਤੋਂ ਡਰਦੇ ਹਨ। ਸਿੱਧਰਮਈਆ ਦੇ ਅਸਤੀਫ਼ੇ ਨੂੰ ਲੈ ਕੇ ਭਾਜਪਾ ਦੇ ਪ੍ਰਦਰਸ਼ਨ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਕਿਉਂ ਅਸਤੀਫ਼ਾ ਦੇਵਾ? ਜੇਕਰ ਕਿਸੇ ਨੇ ਕੁਝ ਗਲਤ ਕੀਤਾ ਹੈ ਤਾਂ ਉਸ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਜਦੋਂ ਅਸੀਂ ਕਹਿ ਰਹੇ ਹਾਂ ਕਿ ਕੁਝ ਗਲਤ ਨਹੀਂ ਹੋਇਆ ਹੈ ਤਾਂ ਫਿਰ ਅਸਤੀਫ਼ੇ ਦਾ ਸਵਾਲ ਕਿੱਥੇ ਉਠਦਾ ਹੈ?