ਮੁੱਖ ਮੰਤਰੀ ਜੈਰਾਮ ਨੇ ਕਿਹਾ- ਮੈਂ ਖੁਦ ਕਸ਼ਮੀਰੀ ਪੰਡਤਾਂ ''ਤੇ ਹੋਏ ਅੱਤਿਆਚਾਰ ਦਾ ਚਸ਼ਮਦੀਦ ਗਵਾਹ ਹਾਂ

Thursday, Mar 17, 2022 - 06:06 PM (IST)

ਮੁੱਖ ਮੰਤਰੀ ਜੈਰਾਮ ਨੇ ਕਿਹਾ- ਮੈਂ ਖੁਦ ਕਸ਼ਮੀਰੀ ਪੰਡਤਾਂ ''ਤੇ ਹੋਏ ਅੱਤਿਆਚਾਰ ਦਾ ਚਸ਼ਮਦੀਦ ਗਵਾਹ ਹਾਂ

ਨਵੀਂ ਦਿੱਲੀ/ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਕਸ਼ਮੀਰੀ ਪੰਡਤਾਂ ’ਤੇ ਕਸ਼ਮੀਰ ਘਾਟੀ ’ਚ ਹੋਏ ਜ਼ੁਲਮ ਦੇ ਉਹ ਖ਼ੁਦ ਚਸ਼ਮਦੀਦ ਗਵਾਹ ਰਹੇ ਹਨ, ਜਦੋਂ ਉਹ 4 ਸਾਲ ਤੱਕ ਜੰਮੂ-ਕਸ਼ਮੀਰ ’ਚ ਸੰਗਠਨ ਲਈ ਕੰਮ ਕਰਦੇ ਰਹੇ। ਕਸ਼ਮੀਰੀ ਪੰਡਤਾਂ ਦੇ ਘਾਟੀ ਤੋਂ ਪਲਾਇਨ ਦੀ ਘਟਨਾ ’ਤੇ ਬਣੀ ਫਿਲਮ ‘ਦਿ ਕਸ਼ਮੀਰ ਫਾਈਲਸ’ ਦੇ ਸੰਦਰਭ ’ਚ ਮੁੱਖ ਮੰਤਰੀ ਨੇ ਇਕ ਬਿਆਨ ’ਚ ਕਿਹਾ ਕਿ ਇਹ ਤੱਥਾਂ ’ਤੇ ਆਧਾਰਿਤ ਫਿਲਮ ਹੈ, ਜੋ ਕਸ਼ਮੀਰੀ ਪੰਡਤਾਂ ਦਾ ਦੁੱਖ-ਦਰਦ ਦੱਸ ਰਹੀ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਖ਼ੁਦ ਵੇਖਿਆ ਸੀ ਕਿ ਕਸ਼ਮੀਰੀ ਪੰਡਤਾਂ ਦਾ ਕਸ਼ਮੀਰ ’ਚ ਕਤਲ ਹੋ ਰਹੇ ਸਨ। ਜ਼ਿਆਦਤੀਆਂ ਕਾਰਨ ਉਨ੍ਹਾਂ ਨੂੰ ਰਾਤੋਂ-ਰਾਤ ਆਪਣੀ ਕਰੋੜਾਂ ਦੀ ਜਾਇਦਾਦ ਛੱਡ ਕੇ ਦੌੜਨਾ ਪਿਆ ਅਤੇ ਉਹ ਸੜਕ ’ਤੇ ਆ ਗਏ। ਇਹ ਬੇਹੱਦ ਦਰਦਨਾਕ ਦੌਰ ਸੀ। ਉਨ੍ਹਾਂ ਕਿਹਾ ਕਿ ਇਹ ਕਲਪਨਾ ਨਹੀਂ ਕੀਤੀ ਜਾ ਸਕਦੀ ਕਿ ਆਪਣੇ ਦੇਸ਼ ’ਚ ਕਿਸੇ ਨਾਗਰਿਕ ਨੂੰ ਘਰ-ਬਾਰ ਛੱਡ ਕੇ ਸ਼ਰਨਾਰਥੀ ਵਾਂਗ ਰਹਿਣਾ ਪਵੇ।

ਠਾਕੁਰ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਨੇ ਅਜੇ ਤਕ ਫਿਲਮ ਨਹੀਂ ਵੇਖੀ ਹੈ ਪਰ ਜਿੰਨਾ ਇਸ ਫਿਲਮ ਦੀਆਂ ਭਾਵਨਾਵਾਂ ਨੂੰ ਅਜੇ ਤਕ ਜਾਣਿਆ ਅਤੇ ਸਮਝਿਆ ਹੈ, ਉਸ ਮੁਤਾਬਕ ਲੋਕਾਂ ਨੂੰ ਪਤਾ ਹੋਵੇਗਾ ਕਿ ਕਸ਼ਮੀਰੀ ਪੰਡਤਾਂ ਉੱਪਰ ਕੀ ਕੁਝ ਬੀਤੀ ਸੀ। ਜਦੋਂ ਇਹ ਫਿਲਮ ਬਣ ਰਹੀ ਸੀ, ਉਸ ਦੌਰਾਨ ਅਭਿਨੇਤਾ ਅਨੁਪਮ ਖੇਰ ਨਾਲ ਉਨ੍ਹਾਂ ਨੇ ਸ਼ਿਮਲਾ ’ਚ ਚਰਚਾ ਕੀਤੀ ਸੀ। ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ‘ਦਿ ਕਸ਼ਮੀਰ ਫਾਈਲਸ’ ਫਿਲਮ ਜ਼ਰੂਰ ਵੇਖਣ ਜਾਓ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਉਨ੍ਹਾਂ ਸੂਬਿਆਂ ’ਚ ਸ਼ਾਮਲ ਹੈ, ਜਿੱਥੇ ਸਰਕਾਰ ਨੇ ਇਸ ਫਿਲਮ ਨੂੰ ਟੈਕਸ ਮੁਕਤ ਐਲਾਨ ਕਰ ਦਿੱਤਾ ਹੈ।


author

Tanu

Content Editor

Related News