‘ਮੈਂ ਇਕ ਆਸਥਾਵਾਨ ਵਿਅਕਤੀ ਹਾਂ, ਸਾਰੇ ਧਰਮਾਂ ਦਾ ਸਨਮਾਨ ਕਰਦਾ ਹਾਂ : ਚੀਫ ਜਸਟਿਸ ਚੰਦਰਚੂੜ
Tuesday, Nov 05, 2024 - 12:03 AM (IST)
ਨਵੀਂ ਦਿੱਲੀ- ਭਾਰਤ ਦੇ ਚੀਫ ਜਸਟਿਸ ਡੀ. ਵਾਈ. ਚੰਦਰਚੂੜ ਨੇ ਸੋਮਵਾਰ ਨੂੰ ਕਿਹਾ ਕਿ ਉਹ ਆਸਥਾਵਾਨ ਵਿਅਕਤੀ ਹਨ ਅਤੇ ਸਾਰੇ ਧਰਮਾਂ ਦਾ ਸਨਮਾਨ ਕਰਦੇ ਹਨ। ਇਕ ਸਮਾਗਮ ਦੌਰਾਨ ਜਸਟਿਸ ਚੰਦਰਚੂੜ ਨੇ ਦੱਸਿਆ ਕਿ ਉਨ੍ਹਾਂ ਨੇ ਅਯੁੱਧਿਆ ਫੈਸਲੇ ਤੋਂ ਪਹਿਲਾਂ ਭਗਵਾਨ ਨੂੰ ਪ੍ਰਾਰਥਨਾ ਕੀਤੀ ਸੀ।
ਜਸਟਿਸ ਚੰਦਰਚੂੜ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗਣੇਸ਼ ਪੂਜਾ ’ਤੇ ਉਨ੍ਹਾਂ ਦੇ ਘਰ ਆਉਣਾ ਕੋਈ ਗਲਤ ਗੱਲ ਨਹੀਂ ਹੈ, ਕਿਉਂਕਿ ਸਮਾਜਿਕ ਪੱਧਰ ’ਤੇ ਵੀ ਨਿਆਪਾਲਿਕਾ ਅਤੇ ਕਾਰਜਪਾਲਿਕਾ ਦਰਮਿਆਨ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਹਨ। ਅਸੀਂ ਰਾਸ਼ਟਰਪਤੀ ਭਵਨ ’ਚ ਗਣਤੰਤਰ ਦਿਵਸ ਆਦਿ ’ਤੇ ਮਿਲਦੇ ਰਹਿੰਦੇ ਹਾਂ। ਅਸੀਂ ਪ੍ਰਧਾਨ ਮੰਤਰੀ ਤੇ ਮੰਤਰੀਆਂ ਨਾਲ ਗੱਲਬਾਤ ਕਰਦੇ ਹਾਂ। ਇਨ੍ਹਾਂ ਗੱਲਾਂਬਾਤਾਂ ’ਚ ਉਹ ਮਾਮਲੇ ਸ਼ਾਮਲ ਨਹੀਂ ਹੁੰਦੇ ਜਿਨ੍ਹਾਂ ਉੱਤੇ ਅਸੀਂ ਫੈਸਲੇ ਦਿੰਦੇ ਹਾਂ।
ਉਨ੍ਹਾਂ ਕਿਹਾ ਕਿ ਇਹ ਸਮਝਣਾ ਮਹੱਤਵਪੂਰਨ ਹੈ ਕਿ ਗੱਲਬਾਤ ਇਕ ਮਜ਼ਬੂਤ ਅੰਤਰ-ਸੰਸਥਾਗਤ ਵਿਧੀ ਦਾ ਹਿੱਸਾ ਹੈ। ਨਿਆਪਾਲਿਕਾ ਅਤੇ ਕਾਰਜਪਾਲਿਕਾ ਵਿਚਕਾਰ ਸ਼ਕਤੀਆਂ ਦੀ ਵੰਡ ਦਾ ਮਤਲਬ ਇਹ ਨਹੀਂ ਹੈ ਕਿ ਦੋਵੇਂ ਇਕ-ਦੂਜੇ ਨੂੰ ਨਹੀਂ ਮਿਲ ਸਕਦੇ।