ਹੈਦਰਾਬਾਦ ਜਬਰ ਜ਼ਨਾਹ: ਪੁਲਸ ਨੇ ਟੀ.ਵੀ ਚੈਨਲਾਂ ਅਤੇ ਸੋਸ਼ਲ ਮੀਡੀਆਂ ਸਾਈਟਾਂ ਨੂੰ ਭੇਜਿਆ ਨੋਟਿਸ

12/03/2019 5:52:03 PM

ਹੈਦਰਾਬਾਦ—ਕੁਝ ਨਿਊਜ਼ ਏਜੰਸੀਆਂ ਅਤੇ ਸੋਸ਼ਲ ਮੀਡੀਆਂ ਸਾਈਟਾਂ ਵੱਲੋਂ ਜਬਰ ਜ਼ਨਾਹ ਤੋਂ ਬਾਅਦ ਹੱਤਿਆ ਦੀ ਸ਼ਿਕਾਰ ਹੋਈ ਹੈਦਰਾਬਾਦ ਦੀ ਮਹਿਲਾ ਡਾਕਟਰ ਦਾ ਨਾਂ ਜ਼ਾਹਿਰ ਕਰਨ 'ਤੇ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਕੇ ਰੋਕਣ ਦਾ ਆਦੇਸ਼ ਦਿੱਤਾ ਗਿਆ ਹੈ। ਇਨ੍ਹਾਂ ਚੈਨਲਾਂ ਅਤੇ ਸਾਈਟਾਂ 'ਤੇ ਦੋਸ਼ੀਆਂ ਦੀਆਂ ਤਸਵੀਰਾਂ ਵੀ ਪ੍ਰਕਾਸ਼ਿਤ ਅਤੇ ਪ੍ਰਸਾਰਿਤ ਕੀਤੀਆਂ ਗਈਆਂ ਹਨ।

ਮਾਮਲੇ ਦੀ ਜਾਂਚ ਕਰ ਰਹੀ ਸਾਈਬਰਾਬਾਦ ਪੁਲਸ ਨੇ ਇਹ ਵੀ ਕਿਹਾ ਹੈ ਕਿ ਕੁਝ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਨੇ ਸਮਾਚਾਰ ਚੈਨਲਾਂ, ਅਖਬਾਰਾਂ ਅਤੇ ਸੋਸ਼ਲ ਮੀਡੀਆ 'ਤੇ ਜਾਂਚ ਨਾਲ ਜੁੜੇ ਦਸਤਾਵੇਜ਼ਾਂ ਦਾ ਪ੍ਰਕਾਸ਼ਨ ਅਤੇ ਪ੍ਰਸਾਰਣ ਕੀਤਾ, ਜਿਸ ਤੋਂ ਜਾਂਚ 'ਚ ਰੁਕਾਵਟ ਆਈ। ਇਸ ਲਈ ਉਨ੍ਹਾਂ ਨੂੰ ਦੰਡ ਪ੍ਰਕਿਰਿਆ ਕੋਡ ਦੀ ਧਾਰਾ 149 ਤਹਿਤ ਨੋਟਿਸ ਜਾਰੀ ਕਰ ਕੇ ਅਜਿਹੀ ਸਮੱਗਰੀ ਦਾ ਪ੍ਰਕਾਸ਼ਨ ਅਤੇ ਪ੍ਰਸਾਰਣ ਨੂੰ ਰੋਕਣ ਲਈ ਕਿਹਾ ਗਿਆ ਹੈ।

ਪੁਲਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਅੱਜ ਭਾਵ ਮੰਗਲਵਾਰ ਨੂੰ ਦੱਸਿਆ, ''ਕੁਝ ਟੀ.ਵੀ. ਚੈਨਲ ਅਤੇ ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਪੀੜਤ, ਦੋਸ਼ੀਆਂ ਅਤੇ ਜਾਂਚ ਨਾਲ ਜੁੜੇ ਦਸਤਾਵੇਜ਼ਾਂ ਦਾ ਪ੍ਰਕਾਸ਼ਨ ਅਤੇ ਪ੍ਰਸਾਰਣ ਕਰ ਰਹੇ ਹਨ। ਅਸੀਂ ਅਜਿਹੇ ਟੀ.ਵੀ. ਚੈਨਲਾਂ ਨਾਲ ਗੱਲ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਕੇ ਇਸ ਦਾ ਪ੍ਰਸਾਰਣ ਰੋਕਣ ਲਈ ਕਿਹਾ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਕੰਪਨੀਆਂ ਨਾਲ ਵੀ ਗੱਲ ਕਰ ਰਹੇ ਹਾਂ।''

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੈਦਰਾਬਾਦ 'ਚ ਇੱਕ ਮਹਿਲਾ ਡਾਕਟਰ ਨਾਲ ਦੇਰ ਰਾਤ ਜਬਰ ਜ਼ਨਾਹ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ। ਇਸ ਤੋਂ ਬਾਅਦ ਅੱਧ ਸੜੀ ਲਾਸ਼ ਫਲਾਈਓਵਰ ਦੇ ਹੇਠਾਂ ਸੁੱਟ ਦਿੱਤੀ। ਇਸ ਵਾਰਦਾਤ ਕਾਰਨ ਲੋਕਾਂ 'ਚ ਕਾਫੀ ਗੁੱਸਾ ਦੇਖਿਆ ਜਾ ਰਿਹਾ ਹੈ।


Iqbalkaur

Content Editor

Related News