ਪਤੀ ਦਾ ਰੰਗ ਸੀ ਸਾਂਵਲਾ, ਪਤਨੀ ਨੇ ਜਿਉਂਦਾ ਸਾੜ ਦਿੱਤਾ

04/17/2019 1:30:17 PM

ਬਰੇਲੀ— ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 22 ਸਾਲਾ ਔਰਤ ਨੇ ਆਪਣੇ ਪਤੀ ਨੂੰ ਜਿਉਂਦਾ ਸਾੜ ਦਿੱਤਾ। ਔਰਤ ਨੇ ਅਜਿਹਾ ਕਦਮ ਇਸ ਲਈ ਚੁੱਕਿਆ, ਕਿਉਂਕਿ ਉਸ ਦੇ ਪਤੀ ਦਾ ਰੰਗ ਸਾਂਵਲਾ ਸੀ ਅਤੇ ਉਹ ਉਸ ਤੋਂ 2 ਸਾਲ ਵੱਡਾ ਸੀ। ਪਤਨੀ ਆਪਣੇ ਪਤੀ ਨੂੰ ਇਸੇ ਕਾਰਨ ਪਸੰਦ ਨਹੀਂ ਕਰਦੀ ਸੀ। ਖੁਰਦ ਫਤਿਹਗੜ੍ਹ ਦੇ ਐੱਸ.ਐੱਚ.ਓ. ਸਹਿਦੇਵ ਸਿੰਘ ਨੇ ਦੱਸਿਆ ਕਿ ਪ੍ਰੇਮ ਸ਼੍ਰੀ ਅਤੇ ਸਤਿਆਵੀਰ ਸਿੰਘ ਦਾ ਵਿਆਹ 2 ਸਾਲ ਪਹਿਲਾਂ ਹੋਇਆ ਸੀ। ਸੱਤਿਆਵੀਰ ਪ੍ਰੇਮ ਸ਼੍ਰੀ ਤੋਂ 2 ਸਾਲ ਵੱਡਾ ਸੀ। ਉਸ ਦਾ ਰੰਗ ਸਾਂਵਲਾ ਸੀ, ਇਸ ਲਈ ਪ੍ਰੇਮ ਸ਼੍ਰੀ ਉਸ ਨੂੰ ਪਸੰਦ ਨਹੀਂ ਕਰਦੀ ਸੀ। ਦੋਹਾਂ ਦੇ ਇਕ 5 ਮਹੀਨੇ ਦੀ ਬੇਟੀ ਹੈ।

ਘਟਨਾ ਸੋਮਵਾਰ ਦੀ ਸਵੇਰ ਲਗਭਗ 5.30 ਵਜੇ ਦੀ ਹੈ। ਪੁਲਸ ਨੇ ਦੱਸਿਆ ਕਿ ਸੱਤਿਆਵੀਰ ਸਿੰਘ ਆਪਣੇ ਘਰ 'ਚ ਮੰਜੇ 'ਤੇ ਸੌਂ ਰਿਹਾ ਸੀ। ਉਸ ਸਮੇਂ ਉਸ ਦੀ ਪਤਨੀ ਪ੍ਰੇਮ ਸ਼੍ਰੀ ਨੇ ਉਸ ਦੇ ਉੱਪਰ ਪੈਟਰੋਲ ਛਿੜ ਕੇ ਅੱਗ ਲੱਗਾ ਦਿੱਤੀ। ਇਸ ਦੌਰਾਨ ਪ੍ਰੇਮ ਸ਼੍ਰੀ ਦੇ ਪੈਰ ਵੀ ਸੜ ਗਏ। ਸੱਤਿਆਵੀਰ ਦੇ ਭਰਾ ਹਰਵੀਰ ਸਿੰਘ ਦਾ ਦੋਸ਼ ਹੈ,''ਭਰਜਾਈ ਪ੍ਰੇਮ ਸ਼੍ਰੀ, ਸੱਤਿਆਵੀਰ ਨੂੰ ਪਸੰਦ ਨਹੀਂ ਕਰਦੀ ਸੀ। ਉਹ ਉਨ੍ਹਾਂ ਦੇ ਸਾਂਵਲੇ ਰੰਗ ਕਾਰਨ ਆਏ ਦਿਨ ਮੇਹਣੇ ਮਾਰਦੀ ਰਹਿੰਦੀ ਸੀ। ਸੱਤਿਆਵੀਰ ਉਨ੍ਹਾਂ ਨੂੰ ਚਾਹੁੰਦੇ ਸਨ, ਇਸ ਲਈ ਕਦੇ ਕੁਝ ਨਹੀਂ ਕਹਿੰਦੇ ਸਨ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਪ੍ਰੇਮ ਸ਼੍ਰੀ ਇੰਨਾ ਵੱਡਾ ਕਦਮ ਚੁੱਕ ਲਵੇਗੀ।'' ਪੁਲਸ ਨੇ ਦੱਸਿਆ ਕਿ ਸੱਤਿਆਵੀਰ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਕੁਝ ਦੇਰ ਇਲਾਜ ਤੋਂ ਬਾਅਦ ਉਨ੍ਹਾਂ ਨੇ ਦਮ ਤੋੜ ਦਿੱਤਾ। ਪੁਲਸ ਨੇ ਪਹਿਲਾਂ ਕਤਲ ਦੀਆਂ ਕੋਸ਼ਿਸ਼ ਦੀਆਂ ਧਾਰਾਵਾਂ 'ਚ ਕੇਸ ਦਰਜ ਕੀਤਾ ਸੀ ਪਰ ਸੱਤਿਆਵੀਰ ਦੀ ਮੌਤ ਤੋਂ ਬਾਅਦ ਕਤਲ ਦੀਆਂ ਧਾਰਾਵਾਂ 'ਚ ਕੇਸ ਦਰਜ ਕਰ ਲਿਆ ਗਿਆ ਹੈ।


DIsha

Content Editor

Related News